ਡੀ. ਸੀ. ਨੇ ਇੰਪਰੂਵਮੈਂਟ ਟਰੱਸਟ ਦੇ ਰਿਕਾਰਡਰੂਮ ਇੰਚਾਰਜ ਕਪਿਲ ਸਿਆਲ ਨੂੰ ਜਾਰੀ ਕੀਤਾ ਸ਼ੋਅਕਾਜ਼ ਨੋਟਿਸ

06/02/2022 4:24:32 PM

ਜਲੰਧਰ (ਚੋਪੜਾ)– ਇੰਪਰੂਵਮੈਂਟ ਟਰੱਸਟ ਜਲੰਧਰ ਵਿਚ ਫਾਈਲਾਂ ਦੇ ਗੁੰਮ ਹੋਣ/ਮਿਲ ਜਾਣ ਦੇ ਮਾਮਲੇ ’ਚ ਨਿਯਮਾਂ ਦੇ ਉਲਟ ਜਾ ਕੇ ਅਤੇ ਬਿਨਾਂ ਅਧਿਕਾਰਤ ਪੁਲਸ ਕਮਿਸ਼ਨਰ ਨੂੰ ਪੱਤਰ ਲਿਖਣ ਵਾਲੇ ਰਿਕਾਰਡਰੂਮ ਇੰਚਾਰਜ ਕਪਿਲ ਸਿਆਲ ’ਤੇ ਗਾਜ ਡਿੱਗੀ ਹੈ। ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਇੰਪਰੂਵਮੈਂਟ ਟਰੱਸਟ ਜਲੰਧਰ ਘਨਸ਼ਾਮ ਥੋਰੀ ਨੇ ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਕਪਿਲ ਸਿਆਲ ਨੂੰ ਸ਼ੋਅਕਾਜ਼ ਨੋਟਿਸ ਜਾਰੀ ਕਰਦਿਆਂ 2 ਦਿਨਾਂ ਵਿਚ ਨਿੱਜੀ ਤੌਰ ’ਤੇ ਪੇਸ਼ ਹੋ ਕੇ ਜਵਾਬ ਦੇ ਹੁਕਮ ਜਾਰੀ ਕੀਤੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟਰੱਸਟ ਦਫ਼ਤਰ ਦੇ ਰਿਕਾਰਡ ਵਿਚ ਗੁੰਮ ਹੋਈਆਂ ਫਾਈਲਾਂ ਨਾਲ ਸਬੰਧਤ ਟਰੱਸਟ ਦਫਤਰ ਵੱਲੋਂ ਜਾਰੀ ਪੱਤਰ ਨੰਬਰ ਜੇ. ਆਈ. ਟੀ./446 ਮਿਤੀ 20 ਅਪ੍ਰੈਲ 2022 ਜੋ ਕਮਿਸ਼ਨਰ ਆਫ਼ ਪੁਲਸ ਜਲੰਧਰ ਨਾਲ ਸਬੰਧਤ ਹੈ, ਨੂੰ ਲੈ ਕੇ ਕਪਿਲ ਸਿਆਲ ਵੱਲੋਂ ਬਿਨਾਂ ਕਿਸੇ ਅਥਾਰਟੀ ਦੇ ਦਸਤਖਤ ਕੀਤੇ ਗਏ ਹਨ, ਜਦਕਿ ਕਿਸੇ ਵੀ ਵਿਭਾਗ ਨੂੰ ਜਾਰੀ ਕੀਤੇ ਜਾਣ ਵਾਲੇ ਪੱਤਰਾਂ ’ਤੇ ਟਰੱਸਟ ਚੇਅਰਮੈਨ, ਈ. ਓ. ਜਾਂ ਸੁਪਰਿੰਟੈਂਡੈਂਟ ਵੱਲੋਂ ਦਸਤਖਤ ਕੀਤੇ ਜਾਣੇ ਹੁੰਦੇ ਹਨ। ਡਿਪਟੀ ਕਮਿਸ਼ਨਰ ਨੇ ਸ਼ੋਅਕਾਜ ਨੋਟਿਸ ਵਿਚ ਕਿਹਾ ਹੈ ਕਿ ਬਿਨਾਂ ਕਿਸੇ ਅਥਾਰਟੀ ਦੇ ਉਕਤ ਪੱਤਰ ਆਪਣੇ ਪੱਧਰ ’ਤੇ ਜਾਰੀ ਕਰਕੇ ਕਪਿਲ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇਸ ਲਈ ਸ਼ੋਅਕਾਜ਼ ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿ ਕਿਉਂ ਨਾ ਕਪਿਲ ਦੇ ਵਿਰੁੱਧ ਅਨੁਸ਼ਾਸਨਿਕ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਡਿਪਟੀ ਕਮਿਸ਼ਨਰ ਨੇ ਕਪਿਲ ਨੂੰ 2 ਦਿਨਾਂ ਅੰਦਰ ਨਿੱਜੀ ਤੌਰ ’ਤੇ ਪੇਸ਼ ਹੋ ਕੇ ਆਪਣਾ ਜਵਾਬ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਜਿਹਾ ਨਾ ਕਰਨ ਦੀ ਸੂਰਤ ਵਿਚ ਇਹ ਸਮਝਿਆ ਜਾਵੇਗਾ ਕਿ ਉਹ ਇਸ ਸਬੰਧੀ ਕੁਝ ਨਹੀਂ ਕਹਿਣਾ ਚਾਹੁੰਦਾ, ਜਿਸ ਤੋਂ ਬਾਅਦ ਕਪਿਲ ਵਿਰੁੱਧ ਇਕਤਰਫਾ ਕਾਰਵਾਈ ਅਮਲ ਵਿਚ ਲਿਆਉਂਦੇ ਹੋਏ ਨਿਯਮਾਂ ਅਨੁਸਾਰ ਅਨੁਸ਼ਾਸਨਿਕ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਘਰ ਪੁੱਜੇ ਸੁਖਬੀਰ ਬਾਦਲ ਤੇ ਬੀਬੀ ਬਾਦਲ, ਵੰਡਾਇਆ ਪਰਿਵਾਰ ਨਾਲ ਦੁੱਖ਼

ਜ਼ਿਕਰਯੋਗ ਹੈ ਕਿ ਟਰੱਸਟ ਦੇ ਰਿਕਾਰਡਰੂਮ ਦੇ ਇੰਚਾਰਜ ਕਪਿਲ ਸਿਆਲ ਨੇ ਪੁਲਸ ਕਮਿਸ਼ਨਰ ਨੂੰ ਇੰਪਰੂਵਮੈਂਟ ਟਰੱਸਟ ਦੇ ਲੈਟਰਪੈਡ ’ਤੇ 20 ਮਈ 2022 ਨੂੰ ਇਕ ਪੱਤਰ ਲਿਖਿਆ ਸੀ, ਜਿਸ ਵਿਚ ਉਸ ਨੇ ਕਿਹਾ ਸੀ ਕਿ ਉਸਦੀ ਡਿਊਟੀ ਰਿਕਾਰਡਰੂਮ ਵਿਚ ਦਫਤਰ ਹੁਕਮ ਨੰਬਰ 785 ਮਿਤੀ 18 ਸਤੰਬਰ 2020 ਨੂੰ ਈ. ਓ. ਵੱਲੋਂ ਜਾਰੀ ਹੁਕਮਾਂ ’ਤੇ ਲਗਾਈ ਗਈ ਸੀ। ਕਪਿਲ ਨੇ ਪੁਲਸ ਕਮਿਸ਼ਨਰ ਨੂੰ ਲਿਖਿਆ ਕਿ ਜਿਥੋਂ ਤੱਕ 120 ਫਾਈਲਾਂ ਦੇ ਸਟੇਟਸ ਦੀ ਗੱਲ ਹੈ ਤਾਂ ਉਨ੍ਹਾਂ ਦੇ ਧਿਆਨ ਵਿਚ ਲਿਆਉਣਾ ਚਾਹੁੰਦਾ ਹੈ ਕਿ ਜੋ ਲਿਸਟ ਈ. ਓ. ਦੇ ਮੌਖਿਕ ਹੁਕਮਾਂ ’ਤੇ ਤਿਆਰ ਕੀਤੀ ਗਈ ਸੀ, ਜਿਸ ਵਿਚ ਜੋ ਫਾਈਲਾਂ ਅਜੇ ਮਲਹੋਤਰਾ ਸੀਨੀਅਰ ਸਹਾਇਕ ਦੇ ਨਾਂ ’ਤੇ ਰਿਕਾਰਡ ਰਜਿਸਟਰ ਵਿਚ ਦਰਜ ਹਨ, ਉਨ੍ਹਾਂ ਵਿਚੋਂ ਫਾਈਲਾਂ ਦੀ ਵਾਪਸੀ ਮੇਰੇ ਵੱਲੋਂ ਚੈੱਕ ਕਰਨ ਉਪਰੰਤ 83 ਫਾਈਲਾਂ ਰਿਕਾਰਡ ਵਿਚੋਂ ਹੀ ਪ੍ਰਾਪਤ ਹੋਈਆਂ ਹਨ (ਲਿਸਟ ਨਾਲ ਨੱਥੀ ਹੈ), ਇਸ ਤੋਂ ਇਲਾਵਾ ਬਾਕੀ 37 ਫਾਈਲਾਂ ਵਿਚੋਂ 27 ਫਾਈਲਾਂ ਦਫਤਰ ਦੀਆਂ ਵੱਖ-ਵੱਖ ਬ੍ਰਾਂਚਾਂ ਵਿਚੋਂ ਪ੍ਰਾਪਤ ਹੋਈਆਂ ਹਨ। 7 ਫਾਈਲਾਂ ਵਿਜੀਲੈਂਸ ਮਹਿਕਮਾ ਚੰਡੀਗੜ੍ਹ ਤੋਂ 2 ਦਿਨ ਪਹਿਲਾਂ ਪ੍ਰਾਪਤ ਹੋਈਆਂ ਅਤੇ ਬਾਕੀ 3 ਫਾਈਲਾਂ ਵਿਜੀਲੈਂਸ ਚੰਡੀਗੜ੍ਹ ਵਿਚ ਹਨ। ਮੇਰਾ ਸਾਰਾ ਰਿਕਾਰਡ ਮੇਰੇ ਕੋਲ ਦਫ਼ਤਰ ਵਿਚ ਮੌਜੂਦ ਹੈ।

ਇਹ ਵੀ ਪੜ੍ਹੋ: ਜਲੰਧਰ ਨੂੰ ਮਿਲਿਆ ਨਵਾਂ ਪੁਲਸ ਕਮਿਸ਼ਨਰ, IPS ਅਧਿਕਾਰੀ ਗੁਰਸ਼ਰਨ ਸਿੰਘ ਸੰਭਾਲਣਗੇ ਕਮਾਨ

ਇਸ ਪੱਤਰ ਦੇ ਜਾਰੀ ਹੋਣ ਤੋਂ ਬਾਅਦ ਸਾਹਮਣੇ ਆਇਆ ਕਿ ਰਿਕਾਰਡਰੂਮ ਇੰਚਾਰਜ ਜਿਸ ਕੋਲ ਨਾ ਤਾਂ ਅਧਿਕਾਰਤ ਤੌਰ ’ਤੇ ਟਰੱਸਟ ਦਾ ਲੈਟਰਪੈਡ ਇਸਤੇਮਾਲ ਕਰਨ ਦਾ ਅਧਿਕਾਰ ਹੈ ਅਤੇ ਨਾ ਹੀ ਉਹ ਸਿੱਧੇ ਤੌਰ ’ਤੇ ਕਿਸੇ ਵੀ ਵਿਭਾਗ ਨੂੰ ਪੱਤਰ ਲਿਖਣ ਲਈ ਅਧਿਕਾਰਤ ਹੈ। ਅਜਿਹੇ ਵਿਚ ਉਸਨੇ ਨਿਯਮਾਂ ਦੀ ਉਲੰਘਣਾ ਕਰਦਿਆਂ ਪੁਲਸ ਕਮਿਸ਼ਨਰ ਨੂੰ 120 ਫਾਈਲਾਂ ਦੇ ਗੁੰਮ/ਮਿਲਣ ਦੇ ਮਾਮਲੇ ’ਚ ਪੱਤਰ ਕਿਉਂ ਲਿਖਿਆ। ਇਸਦਾ ਖੁਲਾਸਾ ਕਪਿਲ ਦਾ ਬਿਆਨ ਸਾਹਮਣੇ ਆਉਣ ਤੋਂ ਬਾਅਦ ਹੋਵੇਗਾ। ਇਥੇ ਹੀ ਨਹੀਂ, ਕਪਿਲ ਨੇ ਸੀ. ਪੀ. ਨੂੰ ਲਿਖੇ ਪੱਤਰ ’ਤੇ ਜੇ. ਆਈ. ਟੀ. ਡਿਸਪੈਚ ਨੰਬਰ ਵੀ ਪਾਇਆ ਹੋਇਆ ਹੈ ਪਰ ਜੋ ਵੀ ਹੋਵੇ, ਰਿਕਾਰਡਰੂਮ ਇੰਚਾਰਜ ਵੱਲੋਂ ਵਰਤੀ ਗਈ ਇਸ ਕੋਤਾਹੀ ਨੂੰ ਲੈ ਕੇ ਉਸ ’ਤੇ ਗਾਜ ਡਿੱਗਣੀ ਤੈਅ ਮੰਨੀ ਜਾ ਰਹੀ ਹੈ।

ਵਰਣਨਯੋਗ ਹੈ ਕਿ ਟਰੱਸਟ ਰਿਕਾਰਡ ਫਾਈਲਾਂ ਸਮੇਤ ਹੋਰ ਦਸਤਾਵੇਜ਼ਾਂ ਦੇ ਗੁੰਮ ਹੋਣ ਜਾਂ ਖੁਰਦ-ਬੁਰਦ ਕੀਤੇ ਜਾਣ ਨੂੰ ਲੈ ਕੇ ਤਤਕਾਲੀਨ ਈ. ਓ. ਪਰਮਿੰਦਰ ਸਿੰਘ ਗਿੱਲ ਦੀ ਸ਼ਿਕਾਇਤ ’ਤੇ ਪੁਲਸ ਨੇ ਸੀਨੀਅਰ ਸਹਾਇਕ ਅਜੇ ਮਲਹੋਤਰਾ ਅਤੇ ਉਸ ਸਮੇਂ ਦੇ ਚੇਅਰਮੈਨ ’ਤੇ ਐੱਫ਼. ਆਈ. ਆਰ. ਦਰਜ ਕੀਤੀ ਹੋਈ ਹੈ। ਇਸੇ ਮਾਮਲੇ ’ਚ ਬਾਅਦ ਵਿਚ ਰਿਕਾਰਡਰੂਮ ਅਤੇ ਟਰੱਸਟ ਦਫਤਰ ਤੋਂ ਹੀ ਫਾਈਲਾਂ ਦੇ ਮਿਲ ਜਾਣ ਦੇ ਮਾਮਲੇ ਦੀ ਜਾਂਚ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੇ ਏ. ਡੀ. ਸੀ. ਆਸ਼ਿਕਾ ਜੈਨ ਦੀ ਨਿਗਰਾਨੀ ਵਿਚ 5 ਮੈਂਬਰੀ ਜਾਂਚ ਕਮੇਟੀ ਵੀ ਗਠਿਤ ਕੀਤੀ ਹੈ। ਕਮੇਟੀ ਮਾਮਲੇ ਵਿਚ ਸਾਰੇ ਤੱਥਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਜਾਂਚ ਪੂਰੀ ਹੋਣ ਉਪਰੰਤ ਕਮੇਟੀ ਵੱਲੋਂ ਸਮੁੱਚੀ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਸੌਂਪੀ ਜਾਵੇਗੀ।

ਇਹ ਵੀ ਪੜ੍ਹੋ: ਜਲੰਧਰ ਵੈਸਟ ਤੋਂ ਵੱਡੀ ਖ਼ਬਰ, 'ਆਪ' ਵਿਧਾਇਕ ਸ਼ੀਤਲ ਅੰਗੁਰਾਲ ਦੇ ਗੰਨਮੈਨ ਦੀ ਗੋਲ਼ੀ ਲੱਗਣ ਨਾਲ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News