35 ਸਾਲਾਂ ਦੀ ਉਮਰ ’ਚ ਵੀ ਵਿਆਹ ਨਾ ਹੋਇਆ ਤਾਂ ਲੈ ਲਿਆ ਫਾਹ
Tuesday, Dec 25, 2018 - 01:43 AM (IST)

ਜਲੰਧਰ, (ਮਹੇਸ਼)- 35 ਸਾਲ ਦੀ ਉਮਰ ਹੋਣ ਦੇ ਬਾਵਜੂਦ ਵਿਆਹ ਨਾ ਹੋਣ ਤੋਂ ਪ੍ਰੇਸ਼ਾਨ ਨੌਜਵਾਨ ਨੇ ਘਰ ਵਿਚ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦਾ ਵਿਆਹ ਨਾ ਹੋਣ ਕਾਰਨ ਉਹ ਅਕਸਰ ਆਪਣੀ ਮਾਂ ਨਾਲ ਵਿਵਾਦ ਕਰਦਾ ਸੀ।
ਇਸੇ ਪ੍ਰੇਸ਼ਾਨੀ ਕਾਰਨ ਹੀ ਉਸ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਨਰਿੰਦਰ ਕੁਮਾਰ (35) ਪੁੱਤਰ ਜਗਤ ਰਾਮ ਵਾਸੀ ਅਸ਼ੋਕ ਵਿਹਾਰ ਦੇ ਤੌਰ ’ਤੇ ਹੋਈ ਹੈ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਸ ਦੀ ਮਾਂ ਸ਼ਾਮ ਨੂੰ ਕੰਮ ਤੋਂ ਘਰ ਪਰਤੀ।
ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਏ. ਐੱਸ. ਆਈ. ਰਾਕੇਸ਼ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਨਰਿੰਦਰ ਕੁਮਾਰ ਲੇਬਰ ਦਾ ਕੰਮ ਕਰਦਾ ਸੀ। ਨਰਿੰਦਰ ਦੀ ਉਮਰ 35 ਸਾਲ ਹੋ ਗਈ ਸੀ ਪਰ ਵਿਆਹ ਨਹੀਂ ਸੀ ਹੋ ਰਿਹਾ, ਜਿਸ ਕਾਰਨ ਨਰਿੰਦਰ ਕਾਫੀ ਪ੍ਰੇਸ਼ਾਨ ਰਹਿਣ ਲੱਗਾ ਸੀ। ਉਹ ਇਸ ਕਾਰਨ ਸ਼ਰਾਬ ਵੀ ਪੀਣ ਲੱਗਾ ਸੀ। ਉਹ ਕਾਫੀ ਦਿਨਾਂ ਤੋਂ ਕੰਮ ’ਤੇ ਵੀ ਨਹੀਂ ਜਾ ਰਿਹਾ ਸੀ। ਸ਼ਾਮ ਨੂੰ ਜਦੋਂ ਉਹ ਫੈਕਟਰੀ ਵਿਚ ਕੰਮ ਕਰ ਕੇ ਘਰ ਪਰਤੀ ਤਾਂ ਦੇਖਿਆ ਕਿ ਨਰਿੰਦਰ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪੁਲਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।