ਮਾਨਸੂਨ ’ਚ ਅੰਦਾਜ਼ੇ ਤੋਂ ਜ਼ਿਆਦਾ ਬਰਸਾਤ ਹੋਈ ਤਾਂ ਸ਼ਹਿਰ ’ਚ ਆ ਸਕਦੈ ਹੜ੍ਹ

07/07/2022 4:30:16 PM

ਜਲੰਧਰ (ਖੁਰਾਣਾ)–ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਨਾਲ-ਨਾਲ ਪੰਜਾਬ ’ਚ ਵੀ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ ਅਤੇ ਮੌਸਮ ਮਾਹਿਰਾਂ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਇਸ ਵਾਰ ਪੰਜਾਬ ਦੇ ਮੈਦਾਨੀ ਇਲਾਕਿਆਂ ਵਿਚ ਚੰਗੀ ਬਰਸਾਤ ਦੇਖਣ ਨੂੰ ਮਿਲੇਗੀ। ਜਲੰਧਰ ਦੀ ਗੱਲ ਕਰੀਏ ਤਾਂ ਮਾਨਸੂਨ ਦੇ ਬਰਸਾਤੀ ਸੀਜ਼ਨ ਨੂੰ ਲੈ ਕੇ ਇਸ ਵਾਰ ਜਲੰਧਰ ਨਗਰ ਨਿਗਮ ਨੇ ਕੋਈ ਤਿਆਰੀ ਨਹੀਂ ਕੀਤੀ। ਇਸ ਵਾਰ ਬਰਸਾਤੀ ਪਾਣੀ ਦੀ ਨਿਕਾਸੀ ਦੀ ਗੱਲ ਤਾਂ ਛੱਡੋ, ਸੀਵਰੇਜ ਦੇ ਪਾਣੀ ਸਬੰਧੀ ਸਮੱਸਿਆ ਖਤਰਨਾਕ ਹੱਦ ਤੱਕ ਵਧ ਚੁੱਕੀ ਹੈ। ਨਗਰ ਨਿਗਮ ਹਰ ਸਾਲ ਬਰਸਾਤਾਂ ਦੇ ਮੱਦੇਨਜ਼ਰ ਰੋਡ, ਗਲੀਆਂ ਅਤੇ ਸੀਵਰ ਲਾਈਨਾਂ ਦੀ ਸਫਾਈ ਦਾ ਪ੍ਰਬੰਧ ਕਰਦਾ ਹੈ ਪਰ ਇਸ ਵਾਰ ਅਜਿਹਾ ਕੁਝ ਨਹੀਂ ਕੀਤਾ ਗਿਆ। ਪਿਛਲੇ ਇਕ ਡੇਢ ਮਹੀਨੇ ਤੋਂ ਨਗਰ ਨਿਗਮ ਬਗੈਰ ਕਮਿਸ਼ਨਰ ਦੇ ਹੀ ਚੱਲ ਰਿਹਾ ਹੈ ਅਤੇ ਓ. ਐਂਡ ਐੱਮ. ਸੈੱਲ ਦਾ ਕੋਈ ਅਧਿਕਾਰੀ ਸ਼ਹਿਰ ਦੀ ਸਮੱਸਿਆ ਨੂੰ ਦੂਰ ਕਰਨ ’ਚ ਦਿਲਚਸਪੀ ਨਹੀਂ ਦਿਖਾ ਰਿਹਾ। ਅਜਿਹੀ ਹਾਲਤ ’ਚ ਮੰਨਿਆ ਜਾ ਿਰਹਾ ਹੈ ਕਿ ਜੇਕਰ ਇਸ ਮਾਨਸੂਨ ਵਿਚ ਅੰਦਾਜ਼ੇ ਤੋਂ ਕੁਝ ਜ਼ਿਆਦਾ ਬਰਸਾਤ ਹੋਈ ਤਾਂ ਸ਼ਹਿਰ ’ਚ ਹੜ੍ਹ ਆਉਣ ਦੀ ਵੀ ਸੰਭਾਵਨਾ ਹੈ, ਜਿਸ ਲਈ ਲੋਕਾਂ ਨੂੰ ਤਿਆਰ-ਬਰ-ਤਿਆਰ ਰਹਿਣਾ ਹੋਵੇਗਾ। ਉਂਝ ਜੂਨ ਦੇ ਮਹੀਨੇ ’ਚ ਸ਼ਹਿਰ ਵਿਚ ਜੋ 2-3 ਵਾਰ ਮੀਂਹ ਪਿਆ, ਉਸ ਦੌਰਾਨ ਵੀ ਮੀਂਹ ਦਾ ਪਾਣੀ ਕਈ-ਕਈ ਦਿਨ ਸੜਕਾਂ ’ਤੇ ਜਮ੍ਹਾ ਰਿਹਾ ਸੀ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਵਾਰ ਬਰਸਾਤੀ ਸੀਜ਼ਨ ’ਚ ਸ਼ਹਿਰ ਦੇ ਹਾਲਾਤ ਆਊਟ ਆਫ ਕੰਟਰੋਲ ਹੋ ਸਕਦੇ ਹਨ। ਖਾਸ ਗੱਲ ਇਹ ਹੈ ਕਿ ਇਸ ਵਾਰ ਪ੍ਰੀ-ਮਾਨਸੂਨ ਵਿਚ ਹੀ ਜਿਸ ਤਰ੍ਹਾਂ ਲੋਕਾਂ ਨੂੰ ਨੁਕਸਾਨ ਝੱਲਣਾ ਪਿਆ, ਉਸ ਕਾਰਨ ਵੀ ਲੋਕ ਕਾਫੀ ਡਰੇ ਹੋਏ ਹਨ।

PunjabKesari

 ਲੰਮਾ ਪਿੰਡ ਦੀਆਂ ਕਈ ਦੁਕਾਨਾਂ, ਦਫ਼ਤਰਾਂ ਅਤੇ ਘਰਾਂ ’ਚ ਵੜਿਆ ਬਰਸਾਤ ਦਾ ਪਾਣੀ
ਪਿਛਲੇ ਦਿਨੀਂ ਪ੍ਰੀ-ਮਾਨਸੂਨ ਦੀ ਹੋਈ ਬਰਸਾਤ ਦੌਰਾਨ ਸ਼ਹਿਰ ’ਚ ਥਾਂ-ਥਾਂ ਪਾਣੀ ਭਰ ਗਿਆ। ਸਭ ਤੋਂ ਬੁਰੀ ਹਾਲਤ ਜਿਥੇ ਕਿਸ਼ਨਪੁਰਾ ਅਤੇ ਹੋਰ ਨੀਵੇਂ ਇਲਾਕਿਆਂ ਦੀ ਹੋਈ, ਉਥੇ ਹੀ ਲੰਮਾ ਪਿੰਡ ਵਰਗੇ ਇਲਾਕੇ ਵੀ ਬਰਸਾਤੀ ਪਾਣੀ ਦੀ ਮਾਰ ਤੋਂ ਬਚ ਨਹੀਂ ਸਕੇ, ਜਿਥੇ ਕਈ ਦਫ਼ਤਰਾਂ, ਦੁਕਾਨਾਂ ਅਤੇ ਘਰਾਂ ਵਿਚ ਬਰਸਾਤੀ ਪਾਣੀ ਵੜਨ ਦੀਆਂ ਖ਼ਬਰਾਂ ਮਿਲੀਆਂ ਹਨ। ਇਕ ਕਰਿਆਨੇ ਦੀ ਦੁਕਾਨ ਦਾ ਕਾਫ਼ੀ ਸਾਮਾਨ ਬਰਸਾਤੀ ਪਾਣੀ ਨਾਲ ਨਸ਼ਟ ਹੋ ਗਿਆ, ਜਦਕਿ ਉਥੇ ਸਥਿਤ ਨਿਊ ਵੇਵ ਇੰਡਸਟਰੀਜ਼ ਕੰਪਲੈਕਸ ’ਚ ਬਰਸਾਤੀ ਪਾਣੀ ਜਮ੍ਹਾ ਹੋਣ ਜਾਣ ਕਾਰਨ ਕਈ ਜ਼ਰੂਰੀ ਫਾਈਲਾਂ, ਦਸਤਾਵੇਜ਼ ਆਦਿ ਪਾਣੀ ਵਿਚ ਡੁੱਬ ਗਏ। ‘ਜਗ ਬਾਣੀ’ ਦੀ ਟੀਮ ਨੇ ਜਦੋਂ ਉਥੇ ਦੌਰਾ ਕੀਤਾ ਤਾਂ ਇਨਕਮ ਟੈਕਸ, ਸੇਲਜ਼ ਟੈਕਸ ਅਤੇ ਹੋਰ ਜ਼ਰੂਰੀ ਦਸਤਾਵੇਜ਼ ਪਾਣੀ ਵਿਚ ਵਹਿ ਰਹੇ ਸਨ। ਇਸ ਤੋਂ ਇਲਾਵਾ ਉਥੇ ਫਰਨੀਚਰ, ਮਸ਼ੀਨਰੀ ਅਤੇ ਕੰਪਿਊਟਰ ਤੇ ਹੋਰ ਉਪਕਰਨਾਂ ਵੀ ਨੂੰ ਕਾਫੀ ਨੁਕਸਾਨ ਪੁੱਜਾ। ਇਲਾਕਾ ਵਾਸੀਆਂ ਨੇ ਦੱਸਿਆ ਕਿ ਸੀਵਰੇਜ ਅਤੇ ਪਾਣੀ ਭਰਨ ਦੀ ਸਮੱਸਿਆ ਬਾਰੇ ਨਿਗਮ ਅਧਿਕਾਰੀਆਂ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਪਰ ਲੋਕਾਂ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ।

PunjabKesari

 ਕੂੜੇ ਦੇ ਢੇਰਾਂ ’ਚ ਬਰਸਾਤੀ ਪਾਣੀ ਮਿਕਸ ਹੋ ਕੇ ਮਚਾਏਗਾ ਕਹਿਰ
ਪਿਛਲੇ ਕੁਝ ਸਮੇਂ ਤੋਂ ਜਲੰਧਰ ਨਿਗਮ ਜਿਸ ਤਰ੍ਹਾਂ ਲਾਵਾਰਿਸ ਜਿਹਾ ਚੱਲ ਰਿਹਾ ਹੈ, ਉਸ ਕਾਰਨ ਸ਼ਹਿਰ ’ਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਇਨ੍ਹੀਂ ਦਿਨੀਂ ਸ਼ਹਿਰ ਦੀ ਸਫਾਈ ਵਿਵਸਥਾ ਕਾਫੀ ਖਰਾਬ ਹੋ ਚੁੱਕੀ ਹੈ, ਜਿਸ ਵੱਲ ਅਧਿਕਾਰੀ ਕੋਈ ਧਿਆਨ ਨਹੀਂ ਦੇ ਰਹੇ। ਮਾਡਲ ਟਾਊਨ, ਸ਼ਮਸ਼ਾਨਘਾਟ ਦੇ ਸਾਹਮਣੇ, ਕਿੰਗਜ਼ ਹੋਟਲ ਦੇ ਨੇੜੇ, ਚੌਗਿੱਟੀ ਬਾਈਪਾਸਦੇ ਨੇੜੇ ਅਤੇ ਕਈ ਹੋਰ ਥਾਵਾਂ ’ਤੇ ਸੈਂਕੜੇ ਟਨ ਕੂੜਾ ਜਮ੍ਹਾ ਹੋ ਚੁੱਕਾ ਹੈ। ਇਹ ਕੂੜਾ ਅਤੇ ਬਰਸਾਤ ਦਾ ਪਾਣੀ ਆਪਸ ’ਚ ਮਿਕਸ ਹੋ ਕੇ ਸ਼ਹਿਰ ’ਚ ਕਹਿਰ ਵਰ੍ਹਾ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਜੇਕਰ ਆਉਣ ਵਾਲੇ ਬਰਸਾਤੀ ਸੀਜ਼ਨ ਿਵਚ ਨਿਗਮ ਅਧਿਕਾਰੀਆਂ ਨੇ ਕੂੜੇ ਦੀ ਸਥਿਤੀ ਪ੍ਰਤੀ ਧਿਆਨ ਨਾ ਦਿੱਤਾ ਤਾਂ ਸ਼ਹਿਰ ’ਚ ਬੀਮਾਰੀਆਂ ਫੈਲ ਸਕਦੀਆਂ ਹਨ, ਜਿਸ ਲਈ ਸਿੱਧੇ-ਸਿੱਧੇ ਤੌਰ ’ਤੇ ਸੱਤਾ ਧਿਰ ਦੇ ਨੇਤਾ ਅਤੇ ਨਿਗਮ ਦੇ ਅਧਿਕਾਰੀ ਜ਼ਿੰਮੇਵਾਰ ਹੋਣਗੇ।


Manoj

Content Editor

Related News