ਨਸ਼ੇ ਵਾਲੇ ਪਾਊਡਰ ਅਤੇ ਚੂਰਾ-ਪੋਸਤ ਸਮੇਤ ਪਤੀ-ਪਤਨੀ ਪੁਲਸ ਅਡ਼ਿੱਕੇ
Monday, Jun 29, 2020 - 12:17 AM (IST)
ਟਾਂਡਾ ਉਡ਼ਮੁਡ਼, (ਪੰਡਿਤ, ਕੁਲਦੀਸ਼, ਮੋਮੀ, ਸ਼ਰਮਾ)- ਟਾਂਡਾ ਪੁਲਸ ਦੀ ਟੀਮ ਨੇ ਪਿੰਡ ਮਿਆਣੀ ਵਿਖੇ ਨਸ਼ਾ ਵੇਚਣ ਦਾ ਧੰਦਾ ਕਰਨ ਵਾਲੇ ਪਤੀ-ਪਤਨੀ ਨੂੰ ਨਸ਼ੇ ਵਾਲੇ ਪਾਊਡਰ ਅਤੇ ਚੂਰਾ-ਪੋਸਤ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਐੱਸ. ਆਈ. ਸਾਹਿਲ ਚੌਧਰੀ ਅਤੇ ਥਾਣੇਦਾਰ ਜਸਪਾਲ ਸਿੰਘ ਦੀ ਟੀਮ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਪੁੱਤਰ ਮਲੂਕ ਸਿੰਘ ਅਤੇ ਉਸਦੀ ਪਤਨੀ ਸ਼ੀਲਾ ਰਾਣੀ ਨਿਵਾਸੀ ਮਿਆਣੀ ਦੇ ਰੂਪ ਵਿਚ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਦੀ ਟੀਮ ਜਦੋਂ ਮਿਆਣੀ ਭੂਲਪੁਰ ਸੰਪਰਕ ਸਡ਼ਕ ’ਤੇ ਗਸ਼ਤ ਕਰ ਰਹੀ ਸੀ ਤਾਂ ਕਿਸੇ ਖਾਸ ਮੁਖਬਰ ਨੇ ਪੁਲਸ ਟੀਮ ਨੂੰ ਉਕਤ ਮੁਲਜ਼ਮਾਂ ਬਾਰੇ ਜਾਣਕਾਰੀ ਦਿੱਤੀ ਕਿ ਦੋਵੇਂ ਨਸ਼ਾ ਵੇਚਣ ਦੇ ਆਦੀ ਹਨ। ਪਹਿਲਾਂ ਵੀ ਉਨ੍ਹਾਂ ’ਤੇ ਮਾਮਲੇ ਦਰਜ ਹਨ ਅਤੇ ਅੱਜ ਵੀ ਨਸ਼ੇ ਸਮੇਤ ਆਪਣੀ ਸਕੂਟਰੀ ’ਤੇ ਸਵਾਰ ਹੋ ਕੇ ਭੂਲਪੁਰ ਵੱਲੋਂ ਆਪਣੇ ਘਰ ਮਿਆਣੀ ਵੱਲ ਆ ਰਹੇ ਹਨ।
ਪੁਲਸ ਟੀਮ ਨੇ ਉਕਤ ਮੁਲਜ਼ਮਾਂ ਨੂੰ ਮਿਆਣੀ ਵਿਖੇ ਪੀਰ ਖ਼ਾਕੀ ਸ਼ਾਹ ਮਜ਼ਾਰ ਨਜ਼ਦੀਕ ਕਾਬੂ ਕਰ ਲਿਆ ਅਤੇ ਤਲਾਸ਼ੀ ਲੈਣ ’ਤੇ ਅੰਮ੍ਰਿਤਪਾਲ ਦੇ ਕਬਜ਼ੇ ਵਿਚੋਂ 105 ਗ੍ਰਾਮ ਅਤੇ ਉਸਦੀ ਪਤਨੀ ਦੇ ਕਬਜ਼ੇ ਵਿਚੋਂ 60 ਗ੍ਰਾਮ ਨਸ਼ੇ ਵਾਲਾ ਪਾਊਡਰ ਅਤੇ 450 ਗ੍ਰਾਮ ਚੂਰਾ-ਪੋਸਤ ਬਰਾਮਦ ਕੀਤਾ। ਪੁਲਸ ਨੇ ਦੋਹਾਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।