ਹੁਸ਼ਿਆਰਪੁਰ 'ਚ ਬਾਲ ਸੁਧਾਰ ਘਰ ਦੇ ਕੈਦੀਆਂ 'ਚ ਖੂਨੀ ਝੜਪ, 4 ਜ਼ਖਮੀ

Thursday, Apr 04, 2019 - 08:54 PM (IST)

ਹੁਸ਼ਿਆਰਪੁਰ 'ਚ ਬਾਲ ਸੁਧਾਰ ਘਰ ਦੇ ਕੈਦੀਆਂ 'ਚ ਖੂਨੀ ਝੜਪ, 4 ਜ਼ਖਮੀ

ਹੁਸ਼ਿਆਰਪੁਰ,(ਅਮਰਿੰਦਰ) : ਚੰਡੀਗੜ੍ਹ ਰੋਡ 'ਤੇ ਰਾਮ ਕਾਲੋਨੀ ਸਥਿਤ ਬਾਲ ਸੁਧਾਰ ਘਰ 'ਚ ਵੀਰਵਾਰ ਸਵੇਰੇ ਨਾਸ਼ਤੇ ਦੌਰਾਨ ਸੁਰੱਖਿਆ ਵਿਵਸਥਾ ਨੂੰ ਛਿੱਕੇ ਟੰਗਦਿਆਂ ਬਾਲ ਕੈਦੀਆਂ ਦੇ ਦੋ ਗੁੱਟਾਂ 'ਚ ਖੂਨੀ ਝੜਪ ਹੋ ਗਈ। ਪੁਰਾਣੀ ਰੰਜਿਸ਼ 'ਚ ਫਿਲਮੀ ਸਟਾਈਲ ਨਾਲ ਹੋਏ ਝਗੜੇ 'ਚ ਰਾਡਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਇਕ-ਦੂਜੇ ਨੂੰ ਜ਼ਖ਼ਮੀ ਕਰ ਦਿੱਤਾ ਗਿਆ, ਜਿਸ 'ਚ 4 ਬਾਲ ਕੈਦੀ ਜ਼ਖ਼ਮੀ ਹੋ ਗਏ। ਇਸ ਸਬੰਧੀ ਬਾਲ ਸੁਧਾਰ ਘਰ ਦੇ ਪ੍ਰਬੰਧਕਾਂ ਵੱਲੋਂ ਥਾਣਾ ਸਦਰ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ, ਜਿਸ ਉਪਰੰਤ ਭਾਰੀ ਗਿਣਤੀ 'ਚ ਪੁਲਸ ਬਲ ਮੌਕੇ 'ਤੇ ਪਹੁੰਚ ਗਏ ਅਤੇ ਚਾਰੇ ਜ਼ਖ਼ਮੀਆਂ ਗੁਰਪ੍ਰੀਤ ਸਿੰਘ, ਸੰਨੀ, ਵਿੱਕੀ ਤੇ ਰਣਜੀਤ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ।

PunjabKesari

ਮੁਲਾਜ਼ਮਾਂ ਨੇ ਬੜੀ ਮੁਸ਼ਕਿਲ ਨਾਲ ਕੀਤਾ ਕਾਬੂ
ਅੱਜ ਜਿਸ ਸਮੇਂ ਬਾਲ ਕੈਦੀਆਂ ਵਿਚਕਾਰ ਜੰਮ ਕੇ ਕੁੱਟ-ਮਾਰ ਹੋਣ ਲੱਗੀ ਤਾਂ ਹੋਰ ਬਾਲ ਕੈਦੀਆਂ ਦੇ ਰੌਲਾ ਪਾਉਣ 'ਤੇ ਮੌਕੇ 'ਤੇ ਪਹੁੰਚੇ ਪੁਲਸ ਮੁਲਾਜ਼ਮਾਂ ਨੇ ਬੜੀ ਮੁਸ਼ਕਿਲ ਨਾਲ ਆਪਸ 'ਚ ਲੜ ਰਹੇ ਬਾਲ ਕੈਦੀਆਂ ਨੂੰ ਕਾਬੂ ਕੀਤਾ। ਜ਼ਖ਼ਮੀਆਂ 'ਚ ਸ਼ਾਮਲ ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਅੰਮ੍ਰਿਤਸਰ ਹੱਤਿਆ ਦੇ ਜੁਰਮ 'ਚ ਬੰਦ ਹੈ ਜਦਕਿ ਵਿੱਕੀ ਪੁੱਤਰ ਰਾਜ ਕੁਮਾਰ ਪਿਛਲੇ 17 ਮਹੀਨੇ ਤੋਂ ਹੱਤਿਆ ਦੇ ਜੁਰਮ 'ਚ 3 ਸਾਲ ਦੀ ਸਜ਼ਾ ਮਿਲਣ ਤੋਂ ਬਾਅਦ ਬੰਦ ਚੱਲ ਰਿਹਾ ਹੈ। ਤਲਵਾੜਾ ਦਾ ਵਾਸੀ ਸੰਨੀ ਪੁੱਤਰ ਦੀਵਾਨ ਲਾਲ ਜਾਨਲੇਵਾ ਹਮਲਾ ਤੇ ਰਣਜੀਤ ਸਿੰਘ ਪੁੱਤਰ ਬੂਟਾ ਸਿੰਘ ਨਸ਼ਾ ਵਿਰੋਧੀ ਐਕਟ ਤਹਿਤ ਜੇਲ 'ਚ ਬੰਦ ਚੱਲ ਰਿਹਾ ਹੈ। ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਚਾਰੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਤੋਂ ਵਾਪਸ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਹੈ।

PunjabKesari

ਸਮਰੱਥਾ ਘੱਟ ਹੋਣ ਦੇ ਬਾਵਜੂਦ ਨਹੀਂ ਬੰਦ ਹੋ ਰਹੀਆਂ ਖੂਨੀ ਝੜਪਾਂ
ਜ਼ਿਕਰਯੋਗ ਹੈ ਕਿ ਸਮਾਜਿਕ ਸੁਰੱਖਿਆ ਵਿਭਾਗ ਦੇ ਅਧੀਨ ਕੰਮ ਕਰ ਰਹੇ ਹੁਸ਼ਿਆਰਪੁਰ ਬਾਲ ਸੁਧਾਰ ਘਰ ਦੀ ਸਮਰੱਥਾ 50 ਕੈਦੀਆਂ ਦੀ ਹੈ। ਸਮਰੱਥਾ ਤੋਂ ਵੱਧ ਬਾਲ ਕੈਦੀਆਂ ਦੇ ਹੋਣ 'ਤੇ ਅਕਸਰ ਬਾਲ ਕੈਦੀਆਂ 'ਚ ਖੂਨੀ ਝੜਪਾਂ ਹੁੰਦੀਆਂ ਰਹਿੰਦੀਆਂ ਹਨ। ਇਸ ਸਮੇਂ ਬਾਲ ਸੁਧਾਰ ਘਰ ਵਿਚ ਕਰੀਬ 44 ਬਾਲ ਕੈਦੀ ਹਨ। ਨਿਯਮ ਅਨੁਸਾਰ ਬਾਲ ਕੈਦੀਆਂ ਨੂੰ ਬਾਲ ਸੁਧਾਰ ਘਰ 'ਚ ਨਾਬਾਲਿਗਾਂ ਨੂੰ ਹੀ ਰੱਖੇ ਜਾਣ ਦਾ ਪ੍ਰਬੰਧ ਹੈ ਪਰ ਅਜੇ ਵੀ ਬਾਲ ਸੁਧਾਰ ਘਰ ਵਿਚ ਜ਼ਿਆਦਾਤਰ ਕਤਲ ਵਰਗੇ ਗੰਭੀਰ ਅਪਰਾਧ ਕਰਨ ਵਾਲੇ ਬਾਲ ਕੈਦੀਆਂ ਦੀ ਉਮਰ ਕਾਫੀ ਜ਼ਿਆਦਾ ਹੋਣ ਤੋਂ ਬਾਅਦ ਵੀ ਉਹ ਬਾਲ ਸੁਧਾਰ ਘਰ 'ਚ ਬੰਦ ਹਨ। ਸੰਪਰਕ ਕਰਨ 'ਤੇ ਥਾਣਾ ਸਦਰ ਦੇ ਐੱਸ. ਐੱਚ. ਓ. ਰਾਜੇਸ਼ ਅਰੋੜਾ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਸ ਲਾਈਨ ਤੋਂ ਪੁਲਸ ਮੌਕੇ 'ਤੇ ਭੇਜ ਦਿੱਤੀ ਗਈ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਪੁੱਛ-ਗਿੱਛ ਦੌਰਾਨ ਦੋਵੇਂ ਧਿਰਾਂ ਨੇ ਇਕ-ਦੂਜੇ 'ਤੇ ਹਮਲਾ ਹੋਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਪੁਲਸ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਦੋਸ਼ੀ ਪਾਏ ਗਏ ਬਾਲ ਕੈਦੀਆਂ ਖਿਲਾਫ਼ ਕਾਰਵਾਈ ਕਰੇਗੀ।

PunjabKesari

 


Related News