ਭਟਰਾਣਾ ਦੀ ਪੰਚਾਇਤ ਤੇ ਲੋਕਾਂ ਨੇ ਡੀਪੂ ਹੋਲਡਰ ''ਤੇ ਲਗਾਏ ਘਪਲਾ ਕਰਨ ਦੇ ਦੋਸ਼

5/22/2020 3:28:10 PM

ਹੁਸ਼ਿਆਰਪੁਰ (ਅਮਰੀਕ) : ਸਰਕਾਰ ਵਲੋਂ ਗਰੀਬ ਪਰਿਵਾਰਾਂ ਨੂੰ ਸਰਕਾਰੀ ਡੀਪੂਆਂ 'ਚ ਨੀਲੇ ਕਾਰਡਾਂ 'ਤੇ ਦਿੱਤੀ ਜਾ ਰਹੀ ਕਣਕ ਦੀ ਵੰਡ ਨੂੰ ਲੈ ਕੇ ਡੀਪੂ ਹੋਲਡਰਾਂ ਅਤੇ ਫੂਡ ਸਪਲਾਈ ਵਿਭਾਗ 'ਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਰਹਿੰਦੇ ਹਨ। ਹੁਣ ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਭਟਰਾਣਾ ਤੋਂ ਸਾਹਮਣੇ ਆਇਆ ਹੈ, ਜਿਥੇ ਡੀਪੂ ਹੋਲਡਰ ਉੱਤੇ ਪਿੰਡ ਦੇ ਲੋਕਾਂ ਅਤੇ ਪੰਚਾਇਤ ਮੈਂਬਰਾਂ ਨੇ ਸਰਕਾਰੀ ਡਿਪੂ 'ਚ ਕਣਕ ਦੀ ਵੰਡ ਨੂੰ ਲੈ ਕੇ ਡੀਪੂ ਹੋਲਡਰ ਉੱਤੇ ਘਪਲੇਬਾਜ਼ੀ ਦਾ ਦੋਸ਼ ਲਗਾਉਂਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਹੈ।

ਪਿੰਡ ਦੇ ਪੰਚਾਇਤ ਘਰ 'ਚ ਇਕੱਠੇ ਹੋਏ ਗਰੀਬ ਪਰਿਵਾਰ ਅਤੇ ਪੰਚਾਇਤ ਨੇ ਸਰਕਾਰੀ ਡੀਪੂ ਹੋਲਡਰ ਸੁਰਿੰਦਰ ਸਿੰਘ 'ਤੇ ਦੋਸ਼ ਲਗਾਏ ਕਿ ਡੀਪੂ ਹੋਲਡਰ ਵਲੋਂ ਗਰੀਬ ਅਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਕਣਕ ਨਹੀਂ ਦਿੱਤੀ ਗਈ ਬਲਕਿ ਉਨ੍ਹਾਂ ਲੋਕਾਂ ਨੂੰ ਕਣਕ ਵੰਡ ਦਿੱਤੀ ਗਈ ਹੈ, ਜੋ ਉੱਚੀ ਪਹੁੰਚ ਵਾਲੇ ਹਨ। ਉਨ੍ਹਾਂ ਕਿਹਾ ਕਿ ਡੀਪੂ ਹੋਲਡਰ ਕਣਕ ਦੀ ਵੰਡ ਦੇ ਬਦਲੇ ਸਾਰਿਆਂ ਤੋਂ 20 ਰੁਪਏ ਪ੍ਰਤੀ ਵਿਅਕਤੀ ਲੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਸ ਨੇ ਵੰਡ ਵਾਲੀ ਲਿਸਟ 'ਚ ਵੀ ਘਪਲੇਬਾਜ਼ੀ ਕਰਦੇ ਹੋਏ ਗਰੀਬ ਪਰਿਵਾਰਾਂ ਦੇ ਨਾਮ ਵੀ ਕੱਟ ਦਿੱਤੇ ਹਨ।

ਇਹ ਵੀ ਪੜ੍ਹੋ : ਫਿਰੋਜ਼ਪੁਰ : BSF ਨੇ ਕੌਮਾਂਤਰੀ ਸਰਹੱਦ ਤੋਂ 42 ਕਰੋੜ ਦੀ ਹੈਰੋਇਨ ਕੀਤੀ ਬਰਾਮਦ

ਪਿੰਡ ਦੀ ਮਹਿਲਾ ਸਰਪੰਚ ਨੇ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਕਣਕ ਬਾਰੇ ਡੀਪੂ ਹੋਲਡਰ ਵਲੋਂ ਉਨ੍ਹਾਂ ਨੂੰ  ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਹੈ। ਪਿੰਡ ਦੇ ਲੋਕਾਂ ਨੇ ਜਦ ਉਨ੍ਹਾਂ ਦੇ ਕੋਲ ਇਹ ਸਮੱਸਿਆ ਰੱਖੀ ਤਾਂ ਉਨ੍ਹਾਂ ੇਨੇ ਡੀਪੂ ਹੋਲਡਰ ਕੋਲੋਂ ਇਸ ਬਾਰੇ ਜਾਣਕਾਰੀ ਹਾਸਲ ਕਰਨੀ ਚਾਹੀ ਪਰ ਉਸ ਨੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਡੀਪੂ ਹੋਲਡਰ ਵਲੋਂ ਆਪਣੀ ਮਨਮਰਜ਼ੀ ਕੀਤੀ ਜਾ ਰਹੀ ਹੈ ਪਰ ਕਿਸੇ ਵੀ ਪ੍ਰਕਾਰ ਦੀ ਪੰਚਾਇਤ ਅਤੇ ਪਿੰਡ ਨੂੰ ਜਾਣਕਾਰੀ ਨਹੀਂ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਸਾਰੇ ਮਾਮਲੇ ਦੀ ਜਾਂਚ ਕਰਨ ਉਪਰੰਤ ਡੀਪੂ ਹੋਲਡਰ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਦੂਸਰੇ ਪਾਸੇ ਇਸ ਸਬੰਧੀ ਜਦੋਂ ਡੀਪੂ ਹੋਲਡਰ ਸੁਰਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹ ਉਨ੍ਹਾਂ ਲੋਕਾਂ ਨੂੰ ਹੀ ਸਰਕਾਰੀ ਕਣਕ ਦੀ ਵੰਡ ਕਰ ਰਹੇ ਹਨ ਜੋ ਲਿਸਟਾਂ ਉਨ੍ਹਾਂ ਨੂੰ ਵਿਭਾਗ ਵਲੋਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬਿਨ੍ਹਾਂ ਲਿਸਟ ਦੇ 'ਚ ਨਾਮ ਆਏ ਉਹ ਕਿਸੇ ਨੂੰ ਵੀ ਸਰਕਾਰੀ ਕਣਕ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਵੰਡੀ ਗਈ ਸਰਕਾਰੀ ਕਣਕ ਦਾ ਸਾਰਾ ਹਿਸਾਬ ਮੇਰੇ ਕੋਲ ਲਿਖਤੀ ਤੌਰ 'ਤੇ ਮੌਜ਼ੂਦ ਹੈ।

ਇਹ ਵੀ ਪੜ੍ਹੋ : ਲਾਕ ਡਾਊਨ ਦੌਰਾਨ ਅੰਮ੍ਰਿਤਸਰ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, ਜਾਣੋ ਕੀ ਹੈ ਪੂਰਾ ਮਾਮਲਾ

ਇਸ ਸਾਰੇ ਮਾਮਲੇ ਉੱਤੇ ਜਦੋਂ ਫੂਡ ਸਪਲਾਈ ਇੰਸਪੈਕਟਰ ਰਾਹੁਲ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਮੀਡੀਆ ਰਾਹੀਂ ਹੀ ਉਨ੍ਹਾਂ ਦੇ ਧਿਆਨ 'ਚ ਆਇਆ ਹੈ। ਉਨ੍ਹਾਂ ਕਿਹਾ ਕਿ ਪਿੰਡ ਭਟਰਾਣਾ ਦੀ ਪੰਚਾਇਤ ਅਤੇ ਲੋਕਾਂ ਵਲੋਂ ਲਗਾਏ ਗਏ ਦੋਸ਼ਾਂ ਦੀ ਉਨ੍ਹਾਂ ਵਲੋਂ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇੰਸਪੈਕਟਰ ਰਾਹੁਲ ਸ਼ਰਮਾ ਨੇ ਕਿਹਾ ਉਹ ਸਾਰੇ ਮਾਮਲੇ ਦੀ ਜ਼ਮੀਨੀ ਪੱਧਰ 'ਤੇ ਜਾਂਚ ਕਰਨਗੇ ਅਤੇ ਸੱਚਾਈ ਜੋ ਵੀ ਸਾਹਮਣੇ ਆਈ ਉਸ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljeet Kaur

Content Editor Baljeet Kaur