ਸ਼ਾਹਕੋਟ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਨਾਬਾਲਗ ਦੇ ਸਿਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

07/04/2024 11:12:36 AM

ਸ਼ਾਹਕੋਟ (ਅਰਸ਼ਦੀਪ)- ਸਥਾਨਕ ਮੁਹੱਲਾ ਧੋੜਿਆਂ ’ਚ ਗੁਆਂਢੀ ਵੱਲੋਂ ਨਾਜਾਇਜ਼ ਸ਼ਰਾਬ ਵੇਚਣ ਤੋਂ ਰੋਕਣ ’ਤੇ ਘਰ ’ਚ ਹਮਲਾ ਕਰਕੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ, ਜਿਸ ਕਾਰਨ ਇਕ ਨਾਬਾਲਗ ਲੜਕਾ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਦਿੰਦਿਆਂ ਰੋਮੀ ਪੁੱਤਰ ਸਵ. ਵਿਜੈ ਕੁਮਾਰ ਵਾਸੀ ਮੁਹੱਲਾ ਧੋੜਿਆਂ ਸ਼ਾਹਕੋਟ ਨੇ ਦੱਸਿਆ ਕਿ ਉਸ ਦੀ ਮੋਗਾ ਰੋਡ ਸ਼ਾਹਕੋਟ ’ਤੇ ਪੁਰਾਣੀ ਚੁੰਗੀ ਨਜ਼ਦੀਕ ਮੀਟ ਦੀ ਦੁਕਾਨ ਹੈ।

ਉਸ ਦਾ ਰਿਸ਼ਤੇਦਾਰ ਉਦੈ ਸ਼ਰਮਾ (15) ਪੁੱਤਰ ਰਾਧੇ ਸ਼ਰਮਾ ਵਾਸੀ ਸ਼ਾਹਕੋਟ ਜੋ 2-3 ਦਿਨ ਤੋਂ ਉਸ ਦੇ ਕੋਲ ਹੀ ਰਹਿ ਰਿਹਾ ਹੈ, ਜਦ ਉਦੈ ਕਰੀਬ ਰਾਤ ਸਵਾ 9 ਵਜੇ ਉਸ ਦੀ ਮੀਟ ਦੀ ਦੁਕਾਨ ਬੰਦ ਕਰਕੇ ਵਾਪਸ ਘਰ ਆ ਰਿਹਾ ਸੀ ਤਾਂ ਘਰ ਦੇ ਬਾਹਰ ਉਸ ਦੀ ਗੱਡੀ ਕੋਲ ਇਕ ਵਿਅਕਤੀ ਸ਼ਰਾਬ ਪੀ ਕੇ ਡਿੱਗਾ ਪਿਆ ਸੀ। ਉਸ ਨੇ ਦੱਸਿਆ ਕਿ 2-3 ਘਰ ਛੱਡ ਕੇ ਉਸ ਦੇ ਗੁਆਂਢੀ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ। ਕਈ ਵਾਰ ਉਨ੍ਹਾਂ ਨੂੰ ਨਾਜਾਇਜ਼ ਸ਼ਰਾਬ ਦਾ ਧੰਦਾ ਬੰਦ ਕਰਨ ਬਾਰੇ ਕਹਿ ਚੁੱਕਾ ਹੈ ਪਰ ਉਹ ਬਿਨਾਂ ਕਿਸੇ ਡਰ ਦੇ ਸ਼ਰਾਬ ਵੇਚ ਰਹੇ ਹਨ। ਉਸ ਦੇ ਰਿਸ਼ਤੇਦਾਰ ਨੇ ਗੁਆਂਢੀਆਂ ਨੂੰ ਮੁੜ ਨਾਜਾਇਜ਼ ਸ਼ਰਾਬ ਵੇਚਣ ਤੋਂ ਰੋਕਿਆ, ਕਿਉਂਕਿ ਸ਼ਰਾਬ ਪੀ ਕੇ ਵਿਅਕਤੀ ਉਸ ਦੇ ਘਰ ਦੇ ਬਾਹਰ ਡਿੱਗੇ ਰਹਿੰਦੇ ਹਨ।

PunjabKesari

ਇਹ ਵੀ ਪੜ੍ਹੋ- ਮੋਹਿੰਦਰ ਭਗਤ ਨੂੰ ਤੁਸੀਂ ਵਿਧਾਇਕ ਬਣਾਓ, ਅਸੀਂ ਬਣਾਵਾਂਗੇ ਮੰਤਰੀ : ਭਗਵੰਤ ਮਾਨ

ਸ਼ਰਾਬ ਵੇਚਣ ਤੋਂ ਰੋਕਣ ’ਤੇ ਘਰ ’ਚੋਂ ਨਿਕਲੇ 3 ਨੌਜਵਾਨਾਂ ਨੇ ਉਸ ਦੇ ਰਿਸ਼ਤੇਦਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ। ਹਮਲਾਵਾਰਾਂ ਨੇ ਉਸ ਦੇ ਘਰ ’ਤੇ ਇੱਟਾਂ-ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਘਰ ’ਚ ਦਾਖ਼ਲ ਹੋ ਕੇ ਉਸ ਦੀ ਪਤਨੀ ਤੇ ਉਸ ’ਤੇ ਵੀ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਤੇ ਉਸ ਦੇ ਘਰ ਬਾਹਰ ਖੜ੍ਹੀ ਗੱਡੀ ਦੀ ਵੀ ਭੰਨ-ਤੋੜ ਕੀਤੀ। ਉਸ ਨੇ ਆਪਣੇ ਰਿਸ਼ਤੇਦਾਰ ਨੂੰ ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉਸ ਨੇ ਦੱਸਿਆ ਕਿ ਇਸ ਗੁੰਡਾਗਰਦੀ ਸਬੰਧੀ ਸ਼ਾਹਕੋਟ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਹਮਲਾਵਰਾਂ 'ਤੇ ਪਹਿਲਾਂ ਵੀ ਨਾਜਾਇਜ਼ ਸ਼ਰਾਬ ਅਤੇ ਨਸ਼ਾ ਵੇਚਣ ਦੇ ਦੋਸ਼ ਹੇਠ ਮੁਕੱਦਮੇ ਦਰਜ ਹਨ। ਇਥੇ ਇਹ ਵੀ ਵਰਨਣਯੋਗ ਹੈ ਕੀ ਸ਼ਾਹਕੋਟ ’ਚ ਨਜਾਇਜ਼ ਸ਼ਰਾਬ ਅਤੇ ਦੜੇ-ਸੱਟੇ ਦਾ ਧੰਦਾ ਜ਼ੋਰਾਂ ’ਤੇ ਚੱਲ ਰਿਹਾ ਹੈ ਪਰ ਪੁਲਸ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ।

ਇਹ ਵੀ ਪੜ੍ਹੋ- ਕੰਗਨਾ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੀ ਬਦਲੀ ਦੀਆਂ ਖ਼ਬਰਾਂ ਵਿਚਾਲੇ ਭਰਾ ਦਾ ਵੱਡਾ ਬਿਆਨ ਆਇਆ ਸਾਹਮਣੇ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News