ਤਖ਼ਤ ਸੱਚਖੰਡ ਅਬਚਲ ਨਗਰ ਹਜ਼ੂਰ ਸਾਹਿਬ ਵਿਖੇ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਹੋਲਾ ਮਹੱਲਾ
Sunday, Mar 12, 2023 - 03:46 AM (IST)

ਸ੍ਰੀ ਅਨੰਦਪੁਰ ਸਾਹਿਬ (ਬਲਬੀਰ ਸੰਧੂ): ਤਖ਼ਤ ਸੱਚਖੰਡ ਅਬਚਲ ਨਗਰ ਸ੍ਰੀ ਹਜ਼ੂਰ ਸਾਹਿਬ ਵਿਖੇ ਵੀ ਹੋਲਾ ਮਹੱਲਾ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਇੱਥੇ ਦੱਖਣ ਦੇ ਸਿੱਖਾਂ ਵੱਲੋਂ ਵਾਜੇ-ਗਾਜੇ ਨਾਲ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਮਹੱਲਾ ਕੱਢਿਆ ਜਾਂਦਾ ਹੈ। ਸੰਗਤਾਂ ਦਾ ਮੰਨਣਾ ਹੈ ਕਿ ਇਸ ਮੌਕੇ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦੀ ਅੰਸ਼-ਵੰਸ਼ ਵਿਚਲੇ ਘੋੜੇ 'ਤੇ ਸਤਿਗੁਰੂ ਜੀ ਆਪ ਸਵਾਰ ਹੁੰਦੇ ਹਨ। ਇਸ ਘੋੜੇ ਨੂੰ ਹੂਬਹੂ ਸ਼ਿੰਗਾਰਿਆ ਅਤੇ ਸੰਵਾਰਿਆ ਜਾਂਦਾ ਹੈ। ਇਸ 'ਤੇ ਜਦੋਂ ਗੁਰੂ ਗੋਬਿੰਦ ਸਿੰਘ ਮਾਹਰਾਜ ਸਵਾਰ ਹੁੰਦੇ ਹਨ ਤਾਂ ਇਹ ਪਸੀਨੇ ਨਾਲ ਭਿੱਜ ਜਾਂਦਾ ਹੈ, ਉਂਝ ਦੇਖਣ ਨੂੰ ਇਹ ਖਾਲੀ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਉਰਫ਼ੀ ਜਾਵੇਦ ਲਈ ਨਵੀਂ ਮੁਸੀਬਤ! 'ਭੜਕੀਲੇ' ਕੱਪੜੇ ਪਾਉਣ ਤੇ ਮਾਹੌਲ ਖ਼ਰਾਬ ਕਰਨ ਲਈ ਮਿਲਿਆ ਕਾਨੂੰਨੀ ਨੋਟਿਸ
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਲਾ-ਮਹੱਲਾ ਮਨਾਉਣ ਮੌਕੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਸ਼ਸਤਰਾਂ ਦੇ ਦਰਸ਼ਨ ਵੀ ਕੀਤੇ। ਇੱਥੇ ਰਗੜੇ ਵੀ ਲਾਏ ਗਏ ਅਤੇ ਸੰਗਤਾਂ ਵਿਚ ਗੁਰਦੁਆਰਾ ਮਾਈ ਭਾਗੋ ਜੀ ਵਿਖੇ ਵਰਤਾਏ ਵੀ ਗਏ। ਇਸ ਮੌਕੇ ਗੁਰੂ ਗੋਬਿੰਦ ਸਿੰਘ ਜੀ ਦੀ ਚੱਲ ਰਹੀ ਪੁਰਾਣੀ ਮਰਿਆਦਾ ਅਨੁਸਾਰ ਚੰਡੀ ਦੀ ਵਾਰ ਦਾ ਪਾਠ ਕਰਕੇ ਇਕ ਝਟਕੇ ਨਾਲ ਬੱਕਰੇ ਵੀ ਝਟਕੇ ਗਏ ਅਤੇ ਮਹਾ ਪ੍ਰਸ਼ਾਦ ਬਣਾ ਕੇ ਸੰਗਤਾਂ ਵਿਚ ਵੀ ਵਰਤਾਇਆ ਗਿਆ। ਇਸ ਮੌਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਭਾਈ ਕੁਲਵੰਤ ਸਿੰਘ ਜੀ ਵੱਲੋਂ ਸੰਗਤਾਂ ਨੂੰ ਵੱਧ ਤੋਂ ਵੱਧ ਅੰਮ੍ਰਿਤ ਛੱਕ ਕੇ ਗੁਰੂ ਦੇ ਲੜ ਲੱਗਣ ਦਾ ਸੰਦੇਸ਼ ਵੀ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।