ਲੋਕ ਸਭਾ ਚੋਣਾਂ ਦੌਰਾਨ ਡੀ. ਸੀ. ਤੇ ਪੁਲਸ ਕਮਿਸ਼ਨਰ ਨੇ ਸਟ੍ਰਾਂਗ ਰੂਮ ਤੇ ਗਿਣਤੀ ਕੇਂਦਰਾਂ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

Wednesday, May 29, 2024 - 12:27 PM (IST)

ਲੋਕ ਸਭਾ ਚੋਣਾਂ ਦੌਰਾਨ ਡੀ. ਸੀ. ਤੇ ਪੁਲਸ ਕਮਿਸ਼ਨਰ ਨੇ ਸਟ੍ਰਾਂਗ ਰੂਮ ਤੇ ਗਿਣਤੀ ਕੇਂਦਰਾਂ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਜਲੰਧਰ (ਚੋਪੜਾ)–ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਡਾ. ਹਿਮਾਂਸ਼ੂ ਅਗਰਵਾਲ ਅਤੇ ਪੁਲਸ ਕਮਿਸ਼ਨਰ ਰਾਹੁਲ ਐੱਸ. ਨੇ ਬੀਤੇ ਦਿਨ ਸਾਂਝੇ ਰੂਪ ਨਾਲ ਸਟ੍ਰਾਂਗ ਰੂਮ ਅਤੇ ਗਿਣਤੀ ਕੇਂਦਰਾਂ ਦਾ ਦੌਰਾ ਕੀਤਾ ਅਤੇ ਇਥੇ ਪ੍ਰਬੰਧਾਂ ਅਤੇ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਉਨ੍ਹਾਂ ਐੱਮ. ਜੀ. ਐੱਨ. ਸਕੂਲ, ਸਪੋਰਟਸ ਕਾਲਜ, ਸਰਕਾਰੀ ਪਟਵਾਰ ਸਕੂਲ, ਡਾਇਰੈਕਟਰ ਲੈਂਡ ਰਿਕਾਰਡ ਦਫ਼ਤਰ ਅਤੇ ਸਰਕਾਰੀ ਸਪੋਰਟਸ ਸਕੂਲ ਹੋਸਟਲ ਵਿਚਲੇ ਸਟਰਾਂਗ ਰੂਮ ਅਤੇ ਗਿਣਤੀ ਕੇਂਦਰਾਂ ਦਾ ਨੇੜਿਓਂ ਜਾਇਜ਼ਾ ਲਿਆ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਤੇ ਉਨ੍ਹਾਂ ਦੇ ਪੁਲਸ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਜਲੰਧਰ ਉੱਤਰੀ, ਜਲੰਧਰ ਛਾਉਣੀ, ਜਲੰਧਰ ਪੱਛਮੀ ਅਤੇ ਜਲੰਧਰ ਕੇਂਦਰੀ ਲਈ ਬਣਾਏ ਗਏ ਗਿਣਤੀ ਕੇਂਦਰਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਸਟਰਾਂਗ ਰੂਮਾਂ ਅਤੇ ਗਿਣਤੀ ਕੇਂਦਰਾਂ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਸੁਰੱਖਿਆ ਪੱਖੋਂ ਕੋਈ ਵੀ ਕਮੀ ਨਹੀਂ ਰਹਿਣੀ ਚਾਹੀਦੀ।

ਇਹ ਵੀ ਪੜ੍ਹੋ- ਜਲੰਧਰ 'ਚ 5ਵੀਂ ਜਮਾਤ ਦੀ ਬੱਚੀ ਨਾਲ ਟੀਚਰ ਵੱਲੋਂ ਕੀਤੇ ਗਏ ਜਿਣਸੀ ਸ਼ੋਸ਼ਣ ਦੇ ਮਾਮਲੇ 'ਚ ਸਖ਼ਤ ਐਕਸ਼ਨ

PunjabKesari

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 1 ਜੂਨ ਨੂੰ ਜਲੰਧਰ ਲੋਕ ਸਭਾ ਚੋਣ ਲਈ ਵੋਟਾਂ ਪੈਣ ਤੋਂ ਬਾਅਦ ਵੋਟਿੰਗ ਮਸ਼ੀਨਾਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਹੋਣਗੀਆਂ ਅਤੇ ਸਟ੍ਰਾਂਗ ਰੂਮ ਵਿਚ 24 ਘੰਟੇ ਈ-ਮਾਨੀਟਰਿੰਗ ਅਤੇ ਬਹੁ-ਪੱਧਰੀ ਸੁਰੱਖਿਆ ਹੇਠ ਰੱਖੀਆਂ ਜਾਣਗੀਆਂ। 4 ਜੂਨ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਹੀ ਗਿਣਤੀ ਕੇਂਦਰ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਤੋਂ ਸੀ. ਸੀ. ਟੀ. ਵੀ. ਕੈਮਰਿਆਂ ਦਾ ਬੈਕਅਪ, ਨਿਰਵਿਘਨ ਬਿਜਲੀ ਸਪਲਾਈ, ਅੱਗ ਸੁਰੱਖਿਆ ਉਪਾਵਾਂ ਆਦਿ ਦੇ ਵੇਰਵੇ ਵੀ ਪ੍ਰਾਪਤ ਕੀਤੇ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਵੋਟਾਂ ਤੋਂ ਬਾਅਦ ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ਅਤੇ ਗਿਣਤੀ ਪ੍ਰਕਿਰਿਆ ਨੂੰ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਟਰਾਂਗ ਰੂਮ ਵਿਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਵੋਟਿੰਗ ਮਸ਼ੀਨਾਂ ਨੂੰ ਪੰਜਾਬ ਪੁਲਸ, ਸਟੇਟ ਆਰਮਡ ਪੁਲਿਸ ਅਤੇ ਸੀ. ਆਰ. ਪੀ. ਐੱਫ਼. ਦੀ ਤਿੰਨ ਪੱਧਰੀ ਸੁਰੱਖਿਆ ਹੇਠ ਸਟਰਾਂਗ ਰੂਮ ਵਿਚ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣ ਅਤੇ ਗਿਣਤੀ ਪ੍ਰਕਿਰਿਆ ਦੌਰਾਨ ਕਿਸੇ ਨੂੰ ਵੀ ਅੜਿੱਕਾ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਡਾ. ਹਿਮਾਂਸ਼ੂ ਅਗਰਵਾਲ ਅਤੇ ਰਾਹੁਲ ਐੱਸ. ਨੇ ਵੈਸਟ ਵਿਧਾਨ ਸਭਾ ਹਲਕੇ ’ਚ ਕੱਢਿਆ ਫਲੈਗ ਮਾਰਚ
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਡਾ. ਹਿਮਾਂਸ਼ੂ ਅਗਰਵਾਲ ਅਤੇ ਪੁਲਸ ਕਮਿਸ਼ਨਰ ਰਾਹੁਲ ਐੱਸ. ਦੀ ਅਗਵਾਈ ਵਿਚ ਆਈ ਵੈਸਟ ਵਿਧਾਨ ਸਭਾ ਹਲਕੇ ਵਿਚ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਜਨਰਲ ਆਬਜ਼ਰਵਰ ਜੇ. ਮੇਘਨਾਥ ਰੈੱਡੀ ਅਤੇ ਖਰਚਾ ਆਬਜ਼ਰਵਰ ਮਾਧਵ ਦੇਸ਼ਮੁਖ ਵੀ ਮੌਜੂਦ ਰਹੇ। ਡਿਪਟੀ ਕਮਿਸ਼ਨਰ ਨੇ ਬਸਤੀ ਪੀਰਦਾਦ ਇਲਾਕੇ ਵਿਚ ਫਲੈਗ ਮਾਰਚ ਦੌਰਾਨ ਕਿਹਾ ਕਿ ਜ਼ਿਲ੍ਹਾ ਅਤੇ ਪੁਲਸ ਪ੍ਰਸ਼ਾਸਨ ਲੋਕ ਸਭਾ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਵਚਨਬੱਧ ਹਨ, ਜਿਸ ਦੇ ਲਈ ਹੋਰ ਜ਼ਰੂਰੀ ਪ੍ਰਬੰਧਾਂ ਦੇ ਨਾਲ-ਨਾਲ ਲੋੜੀਂਦੇ ਸੁਰੱਖਿਆ ਪ੍ਰਬੰਧ ਵੀ ਯਕੀਨੀ ਬਣਾਏ ਗਏ ਹਨ ਤਾਂ ਕਿ ਵੋਟਰ ਬਿਨਾਂ ਕਿਸੇ ਡਰ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ।

ਇਹ ਵੀ ਪੜ੍ਹੋ- ਜਲੰਧਰ 'ਚ ਦਰਦਨਾਕ ਹਾਦਸਾ: ਸਵੀਮਿੰਗ ਪੂਲ ਤੱਕ 13 ਸਾਲਾ ਬੱਚੇ ਨੂੰ ਖਿੱਚ ਲਿਆਈ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ

ਉਨ੍ਹਾਂ ਆਮ ਜਨਤਾ ਤੋਂ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਵੋਟਿੰਗ ਦੌਰਾਨ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਤੁਰੰਤ ਪੁਲਸ ਨੂੰ ਸੂਚਿਤ ਕਰਨ ਤਾਂ ਕਿ ਅਜਿਹੇ ਲੋਕਾਂ ਖ਼ਿਲਾਫ਼ ਉਚਿਤ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਜਲੰਧਰ ਲੋਕ ਸਭਾ ਦੀ ਚੋਣ ਨੂੰ ਸੁਚਾਰੂ ਢੰਗ ਨਾਲ ਮੁਕੰਮਲ ਕਰਵਾਉਣ ਲਈ 1951 ਪੋਲਿਗ ਕੇਂਦਰ ਬਣਾਏ ਗਏ ਹਨ, ਜਿੱਥੇ ਜ਼ਿਲ੍ਹੇ ਦੇ 16.54 ਲੱਖ ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਪ੍ਰਸ਼ਾਸਨ ਵੱਲੋਂ 100 ਫ਼ੀਸਦੀ ਪੋਲਿੰਗ ਕੇਂਦਰਾਂ ਦੀ ਵੈੱਬਕਾਸਟਿੰਗ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲਾ ਪੁਲਸ ਅਤੇ ਵਿਸ਼ੇਸ਼ ਟੀਮਾਂ ਉਨ੍ਹਾਂ ਸੰਵੇਦਨਸ਼ੀਲ ਥਾਵਾਂ ’ਤੇ ਸਖ਼ਤ ਨਜ਼ਰ ਰੱਖ ਰਹੀਆਂ ਹਨ, ਜਿਥੇ ਪਹਿਲਾਂ ਚੋਣਾਂ ਦੌਰਾਨ ਝਗੜੇ, ਸ਼ਰਾਬ ਅਤੇ ਪੈਸਿਆਂ ਨਾਲ ਸਬੰਧਤ ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ, ਬੱਸ ਸਟੈਂਡ, ਚੌਕ ਆਦਿ ਮਹੱਤਵਪੂਰਨ ਥਾਵਾਂ ’ਤੇ ਵੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਕਿ ਆਮ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਹੋ ਸਕੇ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕਿਸੇ ਵੀ ਸ਼ਰਾਰਤੀ ਤੱਤਾਂ ਨੂੰ ਸਿਰ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ- ਹਵਸ ਮਿਟਾਉਣ ਲਈ 5ਵੀਂ ਜਮਾਤ ਦੀ ਬੱਚੀ ਨਾਲ ਟੀਚਰ ਕਰਦਾ ਰਿਹਾ ਜਿਣਸੀ ਸ਼ੋਸ਼ਣ, ਇੰਝ ਖੁੱਲ੍ਹਿਆ ਭੇਤ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News