ਅੱਧੀ ਰਾਤ ਸਮੇਂ ਬਿਜਲੀ ਦੀਆਂ ਤਾਰਾਂ ਦੇ ਧਮਾਕੇ ਨਾਲ ਮਚੀ ਦਹਿਸ਼ਤ

07/01/2019 1:37:21 PM

ਰੂਪਨਗਰ (ਕੈਲਾਸ਼)— ਸ਼ਨੀਵਾਰ ਅੱਧੀ ਰਾਤ ਸਮੇਂ ਉਸ ਸਮੇਂ ਲੋਕਾਂ 'ਚ ਦਹਿਸ਼ਤ ਬਣ ਗਈ ਜਦੋਂ ਅਚਾਨਕ ਪਬਲਿਕ ਕਾਲੋਨੀ 'ਚ ਬਿਜਲੀ ਸਪਲਾਈ ਦੀਆਂ ਤਾਰਾਂ ਨੇ ਧਮਾਕੇ ਦੇ ਨਾਲ ਅੱਗ ਫੜ ਲਈ ਜਦਕਿ ਚੰਗਿਆੜੀਆਂ ਅਤੇ ਸਪਾਰਕਿੰਗ ਦੀ ਜ਼ੋਰਦਾਰ ਅਵਾਜ਼ਾਂ ਨਾਲ ਲੋਕ ਡਰ ਗਏ। ਇਹ ਸਿਲਸਿਲਾ ਰਾਤ ਲਗਭਗ 12 ਵਜੇ ਸ਼ੁਰੂ ਹੋਇਆ ਅਤੇ ਲਗਾਤਾਰ 25 ਮਿੰਟ ਸਪਾਰਕਿੰਗ ਹੁੰਦੀ ਰਹੀ। ਜਾਣਕਾਰੀ ਦਿੰਦੇ ਹੋਏ ਮੁਹੱਲਾ ਪਬਲਿਕ ਕਾਲੋਨੀ ਨਿਵਾਸੀਆਂ ਨੇ ਦੱਸਿਆ ਕਿ ਅਚਾਨਕ ਬੀਤੀ ਰਾਤ ਕਰੀਬ 10.45 ਵਜੇ ਬਿਜਲੀ ਸਪਲਾਈ ਗੁੱਲ ਹੋ ਗਈ ਅਤੇ 1 ਘੰਟੇ ਬਾਅਦ ਜਦੋਂ ਬਿਜਲੀ ਸਪਲਾਈ ਸੁਚਾਰੂ ਹੋਈ ਤਾਂ ਕੁਝ ਹੀ ਮਿੰਟਾਂ ਬਾਅਦ ਬਿਜਲੀ ਦੀਆਂ ਤਾਰਾਂ ਸੜਨ ਲੱਗੀਆਂ, ਜਿਸ ਦੀਆਂ ਚੰਗਿਆੜੀਆਂ ਦੂਰ-ਦੂਰ ਤੱਕ ਜਾ ਰਹੀਆਂ ਸਨ ਅਤੇ ਉਸ ਤੋਂ ਨਿਕਲਣ ਵਾਲੀ ਤੇਜ਼ ਪਟਾਕਿਆਂ ਦੀ ਆਵਾਜ਼ ਵੀ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਲਗਭਗ 25 ਮਿੰਟ ਤੱਕ ਬਿਜਲੀ ਦੀਆਂ ਤਾਰਾਂ ਧੂ-ਧੂ ਕਰਕੇ ਸੜਦੀਆਂ ਰਹੀਆਂ। ਇਸ ਕਾਰਨ ਪੂਰੇ ਮੁਹੱਲੇ ਦੀ ਬਿਜਲੀ ਸਪਲਾਈ ਠੱਪ ਹੋ ਗਈ। ਮੁਹੱਲਾ ਨਿਵਾਸੀਆਂ ਵੱਲੋਂ ਵਾਰ-ਵਾਰ ਸ਼ਿਕਾਇਤ ਕਰਨ 'ਤੇ ਵੀ ਬਿਜਲੀ ਸਪਲਾਈ ਠੀਕ ਨਹੀਂ ਕੀਤੀ ਗਈ ਅਤੇ ਐਤਵਾਰ ਸਵੇਰੇ ਕਰੀਬ 6 ਵਜੇ ਬਿਜਲੀ ਸਪਲਾਈ ਚਾਲੂ ਹੋਈ। ਉਨ੍ਹਾਂ ਦੱਸਿਆ ਕਿ 12 ਤੋਂ ਲੈ ਕੇ ਸਵੇਰੇ 6 ਵਜੇ ਤੱਕ ਅਤੇ ਉਸ ਤੋਂ ਪਹਿਲਾਂ ਵੀ ਇਕ ਘੰਟਾ ਬਿਜਲੀ ਗੁੱਲ ਰਹਿਣ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਲੋਕਾਂ ਨੇ ਰਾਤ ਜਾਗ ਕੇ ਮੱਛਰਾਂ ਦੀ ਦਹਿਸ਼ਤ ਨਾਲ ਗੁਜ਼ਾਰੀ। ਇਸ ਸਬੰਧੀ 'ਚ ਲੋਕਾਂ ਨੇ ਕਿਹਾ ਬਿਜਲੀ ਵਿਭਾਗ ਪਹਿਲਾਂ ਹੀ ਬਿਜਲੀ ਮੈਂਟੀਨੈਂਸ ਦੇ ਨਾਂ 'ਤੇ ਲੰਬੇ-ਲੰਬੇ ਪਾਵਰ ਕੱਟ ਲਗਾ ਚੁੱਕਾ ਹੈ ਉਸਦੇ ਬਾਵਜੂਦ ਵੀ ਲੋਕਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਮੱਸਿਆ ਫਿਰ ਨਾ ਆਏ ਇਸ ਲਈ ਉੱਚਿਤ ਕਦਮ ਚੁੱਕੇ ਜਾਣ।

PunjabKesari
ਕੀ ਕਹਿੰਦੇ ਹਨ ਵਿਭਾਗ ਦੇ ਅਧਿਕਾਰੀ
ਇਸ ਸਬੰਧੀ ਜਦੋਂ ਵਿਭਾਗ ਦੇ ਐੱਸ. ਡੀ. ਓ. ਅੰਮ੍ਰਿਤਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਮੱਸਿਆ ਓਵਰਲੋਡ ਕਾਰਨ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਓਵਰਲੋਡ ਕਾਰਣ ਹੀ ਬੀਤੀ ਰਾਤ ਪਬਲਿਕ ਕਾਲੋਨੀ ਅਤੇ ਪਿੰਡ ਹਵੇਲੀ ਵਿਚ ਵੀ ਤਾਰਾਂ ਸੜੀਆਂ ਹਨ। ਉਨ੍ਹਾਂ ਦੱਸਿਆ ਕਿ ਲੋਕ ਆਪਣੀ ਮਨਮਰਜ਼ੀ ਨਾਲ ਘਰਾਂ ਦਾ ਪਾਵਰ ਲੋਡ ਵਧਾ ਲੈਂਦੇ ਹਨ, ਜਿਸ ਦੀ ਸੂਚਨਾ ਵਿਭਾਗ ਨੂੰ ਨਹੀਂ ਦਿੱਤੀ ਜਾਂਦੀ ਅਤੇ ਵਿਭਾਗ ਕੋਲ ਪੁਰਾਣਾ ਲੋਡ ਰਹਿਣ ਦੇ ਕਾਰਣ ਉਸੇ ਸਮਰਥਾ ਅਨੁਸਾਰ ਬਿਜਲੀ ਦੀਆਂ ਤਾਰਾਂ ਪਾਈਆਂ ਜਾਂਦੀਆਂ ਹਨ। ਉਨ੍ਹਾਂ ਲੋਕਾਂ ਤੋਂ ਮੰਗ ਕੀਤੀ ਕਿ ਬਿਜਲੀ ਦਾ ਲੋਡ ਵਧਾਉਣ 'ਤੇ ਇਸ ਦੀ ਸੂਚਨਾ ਵਿਭਾਗ ਨੂੰ ਵੀ ਦੇਣ ਤਾਂ ਕਿ ਉਥੇ ਲੋਡ ਮੁਤਾਬਕ ਜ਼ਿਆਦਾ ਸਮਰੱਥਾ ਵਾਲੀਆਂ ਤਾਰਾਂ ਪਾਈਆਂ ਜਾ ਸਕਣ।


shivani attri

Content Editor

Related News