ਹਾਈਕੋਰਟ ਵੱਲੋਂ ਗੀਤਾ ਮੰਦਿਰ ਮਾਡਲ ਟਾਊਨ ਦੀ ਪ੍ਰਬੰਧਕ ਕਮੇਟੀ ਦੀ ਚੋਣ 2 ਮਹੀਨੇ ਅੰਦਰ ਕਰਵਾਉਣ ਦੇ ਹੁਕਮ

Sunday, Apr 02, 2023 - 03:09 PM (IST)

ਜਲੰਧਰ (ਧਵਨ)–ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਕ ਮਹੱਤਵਪੂਰਨ ਫ਼ੈਸਲਾ ਸੁਣਾਉਂਦੇ ਹੋਏ ਸ਼੍ਰੀ ਸਨਾਤਨ ਧਰਮ ਸਭਾ (ਰਜਿ.) ਗੀਤਾ ਮੰਦਿਰ ਮਾਡਲ ਟਾਊਨ ਦੀ ਪ੍ਰਬੰਧਕ ਕਮੇਟੀ ਦੀ ਚੋਣ 2 ਮਹੀਨੇ ਅੰਦਰ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਰਾਜਬੀਰ ਸਹਿਰਾਵਤ ਨੇ ਅਰੁਣ ਵਾਲੀਆ ਬਨਾਮ ਸੰਦੀਪ ਸ਼ੁਕਲਾ ਅਤੇ ਹੋਰਨਾਂ ਦੀ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਆਪਣਾ ਫ਼ੈਸਲਾ 28 ਮਾਰਚ 2023 ਨੂੰ ਸੁਣਾਇਆ। ਇਸ ਤਰ੍ਹਾਂ ਹੁਣ ਸ਼੍ਰੀ ਸਨਾਤਨ ਧਰਮ ਸਭਾ ਗੀਤਾ ਮੰਦਿਰ ਮਾਡਲ ਟਾਊਨ ਦੀ ਪ੍ਰਬੰਧਕ ਕਮੇਟੀ, ਜਿਸ ਵਿਚ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ ਸ਼ਾਮਲ ਹੋਣਗੇ, ਦੀ ਚੋਣ 28 ਮਈ 2023 ਤੱਕ ਕਰਵਾਉਣੀ ਜ਼ਰੂਰੀ ਹੋਵੇਗੀ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਪਿੰਡ 'ਚ ਪਪਲਪ੍ਰੀਤ ਨਾਲ ਨਜ਼ਰ ਆਇਆ ਅੰਮ੍ਰਿਤਪਾਲ, CCTV ਫੁਟੇਜ ਆਈ ਸਾਹਮਣੇ

ਹਾਈਕੋਰਟ ਦੇ ਮਾਣਯੋਗ ਜਸਟਿਸ ਨੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਉਣ ਲਈ ਹਾਈ ਕੋਰਟ ਦੇ 3 ਸੀਨੀਅਰ ਵਕੀਲਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ, ਜਿਸ ਵਿਚ ਹਰਸ਼ ਅਰੋੜਾ, ਜਗਦੀਪ ਵਿਰਕ ਅਤੇ ਲੋਵਿਸ਼ ਰਤਨ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕਮੇਟੀ ਨੂੰ ਸੋਸਾਇਟੀ ਦੀ ਐਡਹਾਕ ਮੈਨੇਜਿੰਗ ਕਮੇਟੀ ਦੀਆਂ ਸ਼ਕਤੀਆਂ ਦੀ ਵਰਤੋਂ ਕਰਨ ਦੇ ਅਧਿਕਾਰ ਦਿੱਤੇ ਗਏ ਹਨ। ਹਾਈਕੋਰਟ ਦੇ ਫ਼ੈਸਲੇ ਵਿਚ ਲਿਖਿਆ ਹੈ ਕਿ ਇਸ ਕਮੇਟੀ ਵੱਲੋਂ ਵੋਟਰ ਲਿਸਟ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ ਵਕੀਲਾਂ ਦੀ 3 ਮੈਂਬਰੀ ਕਮੇਟੀ ਹੀ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕਰੇਗੀ ਅਤੇ ਨਾਲ ਹੀ ਚੋਣਾਂ ਦੀ ਪ੍ਰਕਿਰਿਆ ਨੂੰ ਅੰਤਿਮ ਰੂਪ ਦੇਵੇਗੀ। ਚੋਣਾਂ ਮੁਕੰਮਲ ਕਰਵਾਉਣ ਤੋਂ ਬਾਅਦ ਨਤੀਜਿਆਂ ਦਾ ਐਲਾਨ ਵੀ ਕਮੇਟੀ ਕਰੇਗੀ। ਫ਼ੈਸਲੇ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਵੋਟਰ ਲਿਸਟ ਨਾਲ ਸਬੰਧਤ ਫ਼ੈਸਲੇ ਨੂੰ ਲੈ ਕੇ ਕਮੇਟੀ ਕੋਲ 2 ਹਫ਼ਤਿਆਂ ਅੰਦਰ ਕੋਈ ਵੀ ਵਿਅਕਤੀ ਆਪਣੀ ਐਪਲੀਕੇਸ਼ਨ ਦੇ ਸਕਦਾ ਹੈ। ਕਮੇਟੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਜਾਂ ਪੁਲਸ ਪ੍ਰਸ਼ਾਸਨ ਨੂੰ ਲਾਜ਼ਮੀ ਤੌਰ ’ਤੇ ਸਹਿਯੋਗ ਦੇਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

PunjabKesari

ਹਾਈਕੋਰਟ ਨੇ ਆਪਣੇ ਨਿਰਦੇਸ਼ਾਂ ਵਿਚ ਕਿਹਾ ਕਿ ਸੋਸਾਇਟੀ ਦੇ ਹੱਥੋਂ ਕਮੇਟੀ ਦੇ ਮੈਂਬਰਾਂ ਨੂੰ 50-50 ਹਜ਼ਾਰ ਰੁਪਏ ਦੀ ਫੀਸ ਦੇ ਨਾਲ ਜਲੰਧਰ ਦੇ ਹਰੇਕ ਦੌਰੇ ਲਈ 5 ਹਜ਼ਾਰ ਰੁਪਏ ਯਾਤਰਾ ਰੋਜ਼ਾਨਾ ਭੱਤੇ ਵਜੋਂ ਦੇਣੇ ਹੋਣਗੇ। ਚੋਣ ਪ੍ਰਕਿਰਿਆ ਲਈ ਸੋਸਾਇਟੀ ਦੇ ਬੈਂਕ ਅਕਾਊਂਟ ਦੀ ਦੇਖ-ਰੇਖ ਕਰਨ ਵਾਲਿਆਂ ਨੂੰ ਸਮੁੱਚੀ ਚੋਣ ਪ੍ਰਕਿਰਿਆ ’ਤੇ ਹੋਣ ਵਾਲੇ ਖਰਚੇ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ।

ਹਾਈਕੋਰਟ ਵੱਲੋਂ ਨਾਮਜ਼ਦ ਕਮੇਟੀ ਦੇ ਕੰਮਕਾਜ ਵਿਚ ਕੋਈ ਦਖ਼ਲਅੰਦਾਜ਼ੀ ਕਰੇਗਾ, ਉਸ ਨੂੰ ਹਿਰਾਸਤ ਵਿਚ ਭੇਜਿਆ ਜਾਵੇਗਾ ਕਪੂਰਥਲਾ ਜੇਲ੍ਹ
ਹਾਈਕੋਰਟ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਉਸ ਵੱਲੋਂ ਚੋਣ ਕਰਵਾਉਣ ਲਈ ਨਾਮਜ਼ਦ ਕੀਤੀ ਗਈ ਕਮੇਟੀ ਦੇ ਕੰਮਕਾਜ ਵਿਚ ਸੋਸਾਇਟੀ ਦਾ ਕੋਈ ਵੀ ਮੌਜੂਦਾ ਜਾਂ ਸਾਬਕਾ ਅਹੁਦੇਦਾਰ ਜਾਂ ਸੋਸਾਇਟੀ ਦਾ ਕੋਈ ਵੀ ਮੈਂਬਰ ਜਾਂ ਕੋਈ ਵੀ ਹੋਰ ਵਿਅਕਤੀ ਦਖਲਅੰਦਾਜ਼ੀ ਨਹੀਂ ਕਰੇਗਾ। ਫੈਸਲੇ ਵਿਚ ਇਹ ਵੀ ਕਿਹਾ ਕਿ ਜੇਕਰ ਸੋਸਾਇਟੀ ਦਾ ਕੋਈ ਵੀ ਮੈਂਬਰ ਜਾਂ ਕੋਈ ਵੀ ਹੋਰ ਗੈਰ-ਮੈਂਬਰ ਕਮੇਟੀ ਦੇ ਕੰਮਕਾਜ ਵਿਚ ਦਖਲਅੰਦਾਜ਼ੀ ਕਰੇਗਾ ਤਾਂ ਉਸ ਨੂੰ ਹਿਰਾਸਤ ਵਿਚ ਲਿਆ ਜਾਵੇਗਾ ਅਤੇ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਜ਼ਿਲਾ ਜੇਲ ਕਪੂਰਥਲਾ ਵਿਚ ਰੱਖਿਆ ਜਾਵੇਗਾ। ਕਮੇਟੀ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਚੋਣਾਵੀ ਨਤੀਜਿਆਂ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕਰੇ। ਹਾਈ ਕੋਰਟ ਨੇ ਆਪਣੇ ਫੈਸਲੇ ਵਿਚ ਇਹ ਵੀ ਕਿਹਾ ਕਿ ਇਸ ਸਬੰਧਤ ਚੋਣ ਜਾਂ ਚੋਣ ਨਾਲ ਸਬੰਧਤ ਕਿਸੇ ਵੀ ਹੋਰ ਮੁੱਦੇ ਨੂੰ ਲੈ ਕੇ ਕੋਈ ਵੀ ਅਦਾਲਤ ਜਾਂ ਕੋਈ ਵੀ ਹੋਰ ਅਥਾਰਟੀ ਕਿਸੇ ਵੀ ਤਰ੍ਹਾਂ ਦੀ ਪਟੀਸ਼ਨ ਨੂੰ ਸਵੀਕਾਰ ਨਹੀਂ ਕਰੇਗੀ। ਹਾਈਕੋਰਟ ਦੇ ਫ਼ੈਸਲੇ ਦੀਆਂ ਕਾਪੀਆਂ ਜਲੰਧਰ ਦੇ ਡਿਪਟੀ ਕਮਿਸ਼ਨਰ ਅਤੇ ਪੁਲਸ ਕਮਿਸ਼ਨਰ ਨੂੰ ਭੇਜੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਜ਼ਿਮਨੀ ਚੋਣ ਤੋਂ ਪਹਿਲਾਂ ਸਿਆਸੀ ਸਮੀਕਰਨਾਂ 'ਚ ਬਦਲਾਅ, ਜਲੰਧਰ ਦੇ DCP ਰਹੇ ਰਾਜਿੰਦਰ ਸਿੰਘ ਨੇ ਜੁਆਇਨ ਕੀਤੀ ਭਾਜਪਾ

ਅਸੀਂ ਚੋਣਾਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ: ਅਰੁਣ ਵਾਲੀਆ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਪਹਿਲੀ ਟਿੱਪਣੀ ਕਰਦੇ ਹੋਏ ਮੌਜੂਦਾ ਪ੍ਰਧਾਨ ਅਰੁਣ ਵਾਲੀਆ, ਸਤੀਸ਼ ਕੁਮਾਰ ਮਲਹੋਤਰਾ, ਵਿਜੇ ਥਾਪਰ ਅਤੇ ਸ਼ਿਵਮ ਮਲਹੋਤਰਾ ਨੇ ਕਿਹਾ ਕਿ ਅਸੀਂ ਚੋਣਾਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਉਨ੍ਹਾਂ ਹਾਈ ਕੋਰਟ ਵੱਲੋਂ ਸੁਣਾਏ ਗਏ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਮੈਂਬਰਾਂ ਨੂੰ ਨਵੀਂ ਕਮੇਟੀ ਚੁਣਨ ਦਾ ਮੌਕਾ ਮਿਲੇਗਾ। ਮੰਦਿਰ ਕਮੇਟੀ ਲੋਕਤੰਤਰ ਦੀ ਬਹਾਲੀ ਮਾਣਯੋਗ ਅਦਾਲਤ ਨੇ ਕਰਵਾਈ ਹੈ।

2009 ਤੋਂ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਹੋਈ
ਸ਼੍ਰੀ ਸਨਾਤਨ ਧਰਮ ਸਭਾ (ਰਜਿ.) ਗੀਤਾ ਮੰਦਿਰ ਮਾਡਲ ਟਾਊਨ ਜਲੰਧਰ ਦੀ ਚੋਣ 2009 ਤੋਂ ਨਹੀਂ ਹੋ ਸਕੀ ਸੀ। 2017 ਵਿਚ ਵੀ ਚੋਣ ਕਰਵਾਉਣ ਲਈ 3 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ ਪਰ ਪਾਰਟੀਆਂ ਵਿਚਕਾਰ ਚੱਲ ਰਹੀ ਲੜਾਈ ਕਾਰਨ ਕਮੇਟੀ ਚੋਣ ਨਹੀਂ ਕਰਵਾ ਸਕੀ।

ਇਹ ਵੀ ਪੜ੍ਹੋ : ‘ਅੰਨਦਾਤਾ’ ’ਤੇ ਕੁਦਰਤ ਦੀ ਮਾਰ, ਬੇਮੌਸਮੀ ਮੀਂਹ ਤੇ ਗੜਿਆਂ ਨਾਲ ਪੰਜਾਬ ’ਚ ਕਣਕ ਦੀ 20 ਫ਼ੀਸਦੀ ਫ਼ਸਲ ਖ਼ਰਾਬ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News