ਸੁਲਤਾਨਪੁਰ ਲੋਧੀ 'ਚ ਪਹਿਲੀ ਬਾਰਿਸ਼ ਨੇ ਖੋਲ੍ਹੀ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ

Saturday, Jul 11, 2020 - 05:28 PM (IST)

ਸੁਲਤਾਨਪੁਰ ਲੋਧੀ 'ਚ ਪਹਿਲੀ ਬਾਰਿਸ਼ ਨੇ ਖੋਲ੍ਹੀ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ

ਸੁਲਤਾਨਪੁਰ ਲੋਧੀ (ਸੋਢੀ)— 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਚ ਕਰੋੜਾਂ ਰੁਪਏ ਖਰਚ ਕੇ ਉੱਚੀਆਂ ਸੜਕਾਂ ਬਣਾਉਣ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰਨ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਨਗਰ ਕੌਂਸਲ ਕਮੇਟੀ ਦੀ ਕਾਰਗੁਜ਼ਾਰੀ 'ਤੇ ਉਸ ਵੇਲੇ ਸਵਾਲੀਆ ਚਿੰਨ੍ਹ ਲੱਗ ਗਿਆ ਜਦੋਂ ਸਾਲ 2020 ਦੇ ਮਾਨਸੂਨ ਦੀ ਬੀਤੀ ਰਾਤ ਹੋਈ ਪਹਿਲੀ ਹੀ ਬਾਰਿਸ਼ ਨੇ ਸਾਰੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ।

PunjabKesari

ਬੀਤੀ ਰਾਤ ਅਤੇ ਅੱਜ ਤੜਕਸਾਰ ਹੋਈ ਬਾਰਿਸ਼ ਨਾਲ ਸ਼ਹਿਰ ਦੇ ਬੇਬੇ ਨਾਨਕੀ ਨਗਰ ਦੀਆਂ ਸੜਕਾਂ 'ਚ ਬਰਸਾਤ ਦਾ ਪਾਣੀ ਭਰ ਗਿਆ, ਜਿਸ ਕਾਰਨ ਮੁਹੱਲਾ ਨਿਵਾਸੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੁਹੱਲਾ ਨਿਵਾਸੀਆਂ ਦੱਸਿਆ ਕਿ ਪਿਛਲੇ ਸਾਲ ਵੀ ਬਰਸਾਤੀ ਮੌਸਮ ਦੌਰਾਨ ਇਸ ਮੁਹੱਲੇ 'ਚੋਂ ਬਰਸਾਤੀ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਾਂ ਹੋਣ ਕਾਰਨ ਫੁੱਟ-ਫੁੱਟ ਪਾਣੀ ਘਰਾਂ ਮੁਹਰੇ ਭਰਿਆ ਰਹਿੰਦਾ ਸੀ, ਜਿਸ ਤੋਂ ਬਾਅਦ ਨਗਰ ਕੌਂਸਲ ਕਮੇਟੀ ਵੱਲੋਂ ਪਾਣੀ ਦੀ ਨਿਕਾਸੀ ਲਈ ਵਿਸ਼ੇਸ਼ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਸਨ। ਇਸ ਦੇ ਨਾਲ ਹੀ ਸੀਵਰੇਜ ਸਿਸਟਮ ਦੀ ਸਫਾਈ ਵੀ ਵਿਸ਼ੇਸ਼ ਮਸ਼ੀਨਾਂ ਨਾਲ ਕਰਵਾਈ ਸੀ ਪਰ ਇਸ ਸਾਲ ਪਹਿਲੀ ਬਾਰਿਸ਼ ਮੁਹਰੇ ਹੀ ਸਾਰੇ ਪ੍ਰਬੰਧ ਬੌਣੇ ਸਾਬਤ ਹੋ ਰਹੇ ਹਨ।

PunjabKesari

ਮੁਹੱਲਾ ਨਿਵਾਸੀਆਂ ਭਾਈ ਹਰਜੀਤ ਸਿੰਘ ਪ੍ਰਚਾਰਕ, ਅਜਮੇਰ ਸਿੰਘ, ਗੋਪਾਲ ਸਿੰਘ, ਭਜਨ ਸਿੰਘ, ਗੁਰਮੇਲ ਸਿੰਘ, ਗੁਰਦੇਵ ਸਿੰਘ, ਮਾਸਟਰ ਫੁੱਮਣ ਸਿੰਘ, ਚਰਨਜੀਤ ਸ਼ਰਮਾ, ਅਮਰੀਕ ਸਿੰਘ ਆਦਿ ਹੋਰਨਾਂ ਨਗਰ ਕੌਂਸਲ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਇਸ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਬਾਰਿਸ਼ ਕਾਰਨ ਘਰਾਂ ਮੁਹਰੇ ਪਾਣੀ ਇਕੱਠਾ ਨਾ ਹੋਵੇ।


author

shivani attri

Content Editor

Related News