ਸਿਹਤ ਵਿਭਾਗ ਨੂੰ 9 ਘਰਾਂ ’ਚੋਂ ਮਿਲਿਆ ਡੇਂਗੂ ਦਾ ਲਾਰਵਾ

Wednesday, Oct 24, 2018 - 03:12 AM (IST)

ਸਿਹਤ ਵਿਭਾਗ ਨੂੰ 9 ਘਰਾਂ ’ਚੋਂ ਮਿਲਿਆ ਡੇਂਗੂ ਦਾ ਲਾਰਵਾ

ਨਵਾਂਸ਼ਹਿਰ,  (ਮਨੋਰੰਜਨ)-  ਜ਼ਿਲੇ ਵਿਚ ਰੁਟੀਨ ਮੁਹਿੰਮ ਦੇ ਤਹਿਤ ਅਤੇ ਡੇਂਗੂ ਦੇ ਰੋਕਥਾਮ ਦੇ ਸਬੰਧ ਵਿਚ ਸਿਹਤ ਵਿਭਾਗ ਦੀ ਟੀਮ ਵੱਲੋਂ ਇਬਰਾਹੀਮ ਬਸਤੀ, ਫਤਿਹ ਨਗਰ, ਲੱਖ ਦਾਤਾ ਪੀਰ ਵਾਲੀ ਗਲੀ ਵਿਚ ਘਰ-ਘਰ ਜਾ ਕੇ ਮੱਛਰਾਂ ਦੇ ਲਾਰਵੇ ਦੀ ਚੈਕਿੰਗ ਕੀਤੀ ਗਈ।
ਇਸ ਚੈਕਿੰਗ ਦੌਰਾਨ 9 ਘਰਾਂ ਦੇ 15 ਕੰਟੇਨਰਾਂ ਵਿਚੋਂ ਡੇਂਗੂ ਫੈਲਾਉਣ ਵਾਲੇ ਮੱਛਰ ਦਾ ਲਾਰਵਾ ਪਾਇਆ ਗਿਆ। ਟੀਮ ਵੱਲੋਂ ਸਬੰਧਤ ਘਰਾਂ ਨੂੰ ਕੰਟੇਨਰਾਂ ਵਿਚ ਪਾਣੀ ਜਮ੍ਹਾ ਨਾ ਹੋਣ ਦੇਣ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਮੌਕੇ ’ਤੇ ਪਾਣੀ ਕਢਵਾਇਆ ਗਿਆ, ਲਾਰਵੀਸਾਈਡ ਸਪਰੇਅ ਕੀਤੀ ਗਈ ਅਤੇ ਡੇਂਗੂ ਤੋਂ ਬਚਾਅ ਲਈ ਮਹੱਤਵਪੂਰਨ ਸਾਵਧਾਨੀਆਂ ਬਾਰੇ ਪੈਂਫਲੇਟ ਵੰਡ ਕੇ ਦੱਸਿਆ ਗਿਆ। ਟੀਮ ਵਿਚ ਇਹ ਕਾਰਵਾਈ ਡਾ. ਜਗਦੀਪ ਸਿੰਘ, ਏ.ਐੱਨ.ਐੱਮ. ਮਨਜੀਤ ਅਤੇ ਜੋਤੀ, ਸਪਰੇਅ ਵਰਕਰ ਪਵਨ ਅਤੇ ਗੁਰਦੀਪ ਵੱਲੋਂ ਕੀਤੀ ਗਈ। ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ ਡੇਂਗੂ ਦੇ 271 ਕੇਸ ਰਿਪੋਰਟ ਹੋ ਚੁੱਕੇ ਹਨ ਅਤੇ ਨਵੰਬਰ ਮਹੀਨੇ ਤੱਕ ਸਭ ਤੋਂ ਜ਼ਿਆਦਾ ਡੇਂਗੂ ਦੇ ਕੇਸ ਸਾਹਮਣੇ ਆਉਂਦੇ ਹਨ। ਸਿਹਤ ਵਿਭਾਗ ਵੱਲੋਂ ਘਰ-ਘਰ ਚੈਕਿੰਗ ਦੀਆਂ ਗਤੀਵਿਧੀਆਂ ਲਗਾਤਾਰ ਚੱਲ ਰਹੀਆਂ ਹਨ। ਇਸ ਲਈ ਡਾ. ਜਗਦੀਪ ਵੱਲੋਂ ਦੁਬਾਰਾ ਜਨਤਾ ਨੂੰ ਅਪੀਲ ਕੀਤੀ ਗਈ ਕਿ ਕੂਲਰਾਂ ਦਾ ਪਾਣੀ ਹਫਤੇ ਵਿਚ ਘੱਟੋ-ਘੱਟ ਇਕ ਵਾਰ ਬਦਲਿਆ ਜਾਵੇ ਅਤੇ ਕੂਲਰਾਂ ਨੂੰ ਇਕ ਦਿਨ ਸੁਕਾ ਕੇ ਰੱਖਿਆ ਜਾਵੇ ਅਤੇ ਅਗਲੇ ਦਿਨ ਪਾਣੀ ਭਰਿਆ ਜਾਵੇ, ਜਾਨਵਰਾਂ ਦੇ ਪਾਣੀ ਪਿਆਉਣ ਵਾਲੇ ਕੁੱਜਿਆਂ, ਫਰਿੱਜ ਦੀ ਪਿਛਲੀ ਟਰੇਅ ਦਾ ਪਾਣੀ ਵੀ ਹਫਤੇ ਵਿਚ ਘੱਟੋ-ਘੱਟ ਇਕ ਵਾਰ ਬਦਲਿਆ ਜਾਵੇ, ਫਾਲਤੂ ਟੁੱਟੇ-ਭੱਜੇ ਬਰਤਨਾਂ/ਟਾਇਰਾਂ, ਗਮਲਿਆਂ ਆਦਿ ਵਿਚ ਪਾਣੀ ਨਾ ਜਮ੍ਹਾ ਹੋਣ ਦਿੱਤਾ ਜਾਵੇ ਆਦਿ।
 


Related News