ਟਲ ਸਕਦੀਆਂ ਹਨ ਜਿਮਖਾਨਾ ਕਲੱਬ ਦੀਆਂ ਚੋਣਾਂ, ਅੱਜ ਹੋਣ ਵਾਲੀ ਏ. ਜੀ. ਐੱਮ. ਗੈਰ-ਸੰਵਿਧਾਨਿਕ

11/28/2021 1:29:27 PM

ਜਲੰਧਰ (ਖੁਰਾਣਾ)–ਪੰਜਾਬ ਵਿਚ ਵਿਧਾਨ ਸਭਾ ਚੋਣਾਂ ਅਗਲੇ ਸਾਲ ਫਰਵਰੀ ਵਿਚ ਹੋਣੀਆਂ ਹਨ, ਜਿਸ ਦੇ ਲਈ ਕੋਡ ਆਫ਼ ਕੰਡਕਟ ਦਸੰਬਰ ਦੇ ਆਖਰੀ ਹਫ਼ਤੇ ਜਾਂ ਜਨਵਰੀ ਮਹੀਨੇ ਦੇ ਸ਼ੁਰੂ ਵਿਚ ਲੱਗਣ ਦੀ ਸੰਭਾਵਨਾ ਹੈ। ਅਜਿਹੇ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੀ ਹਰ ਸੰਭਵ ਕੋਸ਼ਿਸ਼ ਹੈ ਕਿ ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਦਸੰਬਰ ਦੇ ਅੱਧ ਵਿਚ ਕਰਵਾ ਲਈਆਂ ਜਾਣ। ਕਲੱਬ ਚੋਣਾਂ ਦਾ ਪ੍ਰੋਗਰਾਮ ਤੈਅ ਕਰਨ ਲਈ 28 ਨਵੰਬਰ ਨੂੰ ਹੋਣ ਜਾ ਰਹੀ ਏ. ਜੀ. ਐੱਮ. ਦੇ ਏਜੰਡੇ ਵਿਚ ਭਾਵੇਂ ਕਲੱਬ ਚੋਣਾਂ ਦੇ ਐਲਾਨ ਬਾਰੇ ਪ੍ਰਸਤਾਵ ਨਹੀਂ ਪਾਇਆ ਗਿਆ ਪਰ ਹੁਣ ਇਸ ਏ. ਜੀ. ਐੱਮ. ਨੂੰ ਹੀ ਗੈਰ-ਸੰਵਿਧਾਨਿਕ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਅਜਿਹੇ ਹਾਲਾਤ ਬਣ ਰਹੇ ਹਨ ਕਿ ਜਿਮਖਾਨਾ ਕਲੱਬ ਦੀਆਂ ਚੋਣਾਂ ਟਲ ਵੀ ਸਕਦੀਆਂ ਹਨ।

ਇਸ ਸਬੰਧੀ ਇਤਰਾਜ਼ ਉਠਾਉਣ ਵਾਲਿਆਂ ਦਾ ਕਹਿਣਾ ਹੈ ਕਿ 28 ਨਵੰਬਰ ਨੂੰ ਹੋਣ ਜਾ ਰਹੀ ਏ. ਜੀ. ਐੱਮ. 2019-2020 ਦੀ ਬੈਲੇਂਸਸ਼ੀਟ ਨੂੰ ਤਾਂ ਜਨਰਲ ਹਾਊਸ ਵਿਚ ਪੇਸ਼ ਕੀਤਾ ਜਾਵੇਗਾ ਅਤੇ ਪਾਸ ਕਰਵਾਇਆ ਜਾਵੇਗਾ ਪਰ ਇਸ ਤੋਂ ਪਹਿਲੇ ਸਾਲ ਵਾਲੀ ਬੈਲੇਂਸਸ਼ੀਟ ਭਾਵ 2018-19 ਦੀ ਬੈਲੇਂਸਸ਼ੀਟ ਨੂੰ ਅਜੇ ਤੱਕ ਕਲੱਬ ਦੇ ਜਨਰਲ ਹਾਊਸ ਨੇ ਪਾਸ ਨਹੀਂ ਕੀਤਾ ਹੈ। ਕਲੱਬ ਦੇ ਸੰਵਿਧਾਨ ਵਿਚ ਸਪੱਸ਼ਟ ਵਰਣਨ ਹੈ ਕਿ ਹਰ ਸਾਲ ਦੀ ਬੈਲੇਂਸਸ਼ੀਟ ਅਤੇ ਅਕਾਊਂਟ ਨੂੰ ਏ. ਜੀ. ਐੱਮ. ’ਚ ਪਾਸ ਕਰਵਾਉਣਾ ਹੀ ਹੁੰਦਾ ਹੈ ਅਤੇ ਏ. ਜੀ. ਐੱਮ. ਲਈ ਵੀ ਸਖ਼ਤ ਨਿਯਮ ਨਿਰਧਾਰਿਤ ਹਨ। ਹੁਣ ਦੇਖਣਾ ਹੈ ਕਿ ਇਸ ਸੰਵਿਧਾਨਿਕ ਪਹਿਲੂ ਬਾਰੇ ਏ. ਜੀ. ਐੱਮ. ਵਿਚ ਕੀ ਫ਼ੈਸਲਾ ਲਿਆ ਜਾਂਦਾ ਹੈ।

ਕੋਵਿਡ ਕਾਰਨ ਪਿਛਲੀ ਵਾਰ ਨਹੀਂ ਹੋ ਸਕੀ ਸੀ ਏ. ਜੀ. ਐੱਮ.
ਇਸ ਵਾਰ ਹੋਣ ਜਾ ਰਹੀ ਏ. ਜੀ. ਐੱਮ. ਵਿਚ 2018-19 ਦੀ ਬੈਲੇਂਸਸ਼ੀਟ ਜਨਰਲ ਹਾਊਸ ਅੱਗੇ ਨਾ ਰੱਖੇ ਜਾਣ ਬਾਰੇ ਜਦੋਂ ਕਲੱਬ ਦੇ ਸੈਕਟਰੀ ਤਰੁਣ ਸਿੱਕਾ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਲ 2018-19 ਦੀ ਬੈਲੇਂਸਸ਼ੀਟ ਨੂੰ ਪਾਸ ਕਰਵਾਉਣ ਲਈ 15 ਮਾਰਚ 2019 ਨੂੰ ਏ. ਜੀ. ਐੱਮ. ਰੱਖੀ ਗਈ ਸੀ, ਉਦੋਂ ਇਕਦਮ ਕੋਵਿਡ-19 ਕਾਰਨ ਏ. ਜੀ. ਐੱਮ. ਰੱਦ ਕਰਨੀ ਪਈ ਸੀ। ਉਸ ਏ. ਜੀ. ਐੱਮ. ਵਿਚ 2018-19 ਦੀ ਬੈਲੇਂਸਸ਼ੀਟ ਨੂੰ ਪਾਸ ਕੀਤਾ ਜਾਣਾ ਸੀ ਅਤੇ ਬੈਲੇਂਸਸ਼ੀਟ ਸਾਰੇ ਮੈਂਬਰਾਂ ਨੂੰ ਭੇਜੀ ਜਾ ਚੁੱਕੀ ਸੀ ਕਿਉਂਕਿ ਕਿਸੇ ਮੈਂਬਰ ਨੇ ਉਸ ਬੈਲੇਂਸਸ਼ੀਟ ’ਤੇ ਇਤਰਾਜ਼ ਨਹੀਂ ਜਤਾਇਆ ਸੀ ਕਿਉਂਕਿ ਕੁਝ ਦਿਨਾਂ ਬਾਅਦ ਕਲੱਬ ਦੀ ਐਗਜ਼ੀਕਿਊਟਿਵ ਕਮੇਟੀ ਦੀ ਜਿਹੜੀ ਮੀਟਿੰਗ ਹੋਈ, ਉਸ ਵਿਚ 2018-19 ਦੀ ਬੈਲੇਂਸਸ਼ੀਟ ਨੂੰ ਪਾਸ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਪਰਗਟ ਸਿੰਘ ਨੂੰ ਚੈਲੰਜ ਦੇਣ ਲਈ ਤਿਆਰ ਮਨੀਸ਼ ਸਿਸੋਦੀਆ, ਸਿੱਖਿਆ ਮਾਡਲ ਸਬੰਧੀ ਮੁੜ ਕੀਤੇ ਧਮਾਕੇਦਾਰ ਟਵੀਟ

PunjabKesari

ਕਲੱਬ ਦੇ ਸੰਵਿਧਾਨ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ : ਛਾਬੜਾ
2018-19 ਦੀ ਬੈਲੇਂਸਸ਼ੀਟ ਨੂੰ ਕਲੱਬ ਦੇ ਜਨਰਲ ਹਾਊਸ ਵੱਲੋਂ ਪਾਸ ਨਾ ਕੀਤੇ ਜਾਣ ਬਾਰੇ ਜਦੋਂ ਸਾਬਕਾ ਸੈਕਟਰੀ ਐਡਵੋਕੇਟ ਦਲਜੀਤ ਸਿੰਘ ਛਾਬੜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕਲੱਬ ਦੀ 28 ਨਵੰਬਰ ਨੂੰ ਹੋਣ ਜਾ ਰਹੀ ਏ. ਜੀ. ਐੱਮ. ਵਿਚ ਇਕ ਸਾਲ ਨਹੀਂ, ਸਗੋਂ 3 ਸਾਲ ਦੀ ਬੈਲੇਂਸਸ਼ੀਟ ਰੱਖੀ ਜਾਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਐਗਜ਼ੀਕਿਊਟਿਵ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਉਹ ਕਲੱਬ ਦੀ ਬੈਲੇਂਸਸ਼ੀਟ ਨੂੰ ਪਾਸ ਕਰੇ। ਜੇਕਰ ਕੋਵਿਡ-19 ਕਾਰਨ ਉਹ ਬੈਲੇਂਸਸ਼ੀਟ ਪਾਸ ਨਹੀਂ ਹੋਈ ਸੀ ਤਾਂ ਉਸ ਨੂੰ ਇਸ ਏ. ਜੀ. ਐੱਮ. ਵਿਚ ਲਿਆਂਦਾ ਜਾ ਸਕਦਾ ਸੀ ਕਿਉਂਕਿ ਕਈ ਵਾਰ ਕਲੱਬ ਮੈਂਬਰ ਲਿਖਤੀ ਵਿਚ ਨਹੀਂ, ਸਗੋਂ ਏ. ਜੀ. ਐੱਮ. ਦੌਰਾਨ ਹੀ ਚੇਅਰਮੈਨ ਦੀ ਇਜਾਜ਼ਤ ਨਾਲ ਇਤਰਾਜ਼ ਉਠਾਉਂਦੇ ਹਨ ਅਤੇ ਉਨ੍ਹਾਂ ਨੂੰ ਇਹ ਮੌਕਾ ਸੰਵਿਧਾਨਿਕ ਤੌਰ ’ਤੇ ਮਿਲਿਆ ਹੋਇਆ ਹੈ।
ਐਡਵੋਕੇਟ ਛਾਬੜਾ ਨੇ ਕਿਹਾ ਕਿ 2019-20 ਦੀ ਬੈਲੇਂਸਸ਼ੀਟ ਇਸ ਏ. ਜੀ. ਐੱਮ. ਵਿਚ ਰੱਖੀ ਤਾਂ ਗਈ ਹੈ ਪਰ ਇਸ ਤੋਂ ਅਗਲੇ ਸਾਲ ਦੀ ਬੈਲੇਂਸਸ਼ੀਟ ਦੀ ਕਲੱਬ ਮੈਨੇਜਮੈਂਟ ਕੋਲ ਤਿਆਰ ਪਈ ਹੈ। ਭਾਵੇਂ ਸਰਕਾਰ ਨੇ ਫਾਈਲਿੰਗ ਦੀ ਤਰੀਕ ਅੱਗੇ ਵਧਾਈ ਹੋਈ ਹੈ ਪਰ ਉਸ ਤਿਆਰ ਪਈ ਬੈਲੇਂਸਸ਼ੀਟ ਨੂੰ ਵੀ ਇਸ ਜਨਰਲ ਹਾਊਸ ਵਿਚ ਰੱਖਿਆ ਜਾਣਾ ਚਾਹੀਦਾ ਸੀ ਅਤੇ ਹਾਊਸ ਵੱਲੋਂ ਇਸ ਨੂੰ ਪਾਸ ਕਰਨ ਤੋਂ ਬਾਅਦ ਹੀ ਉਸ ਨੂੰ ਫਾਈਲ ਕੀਤਾ ਜਾਣਾ ਚਾਹੀਦਾ ਹੈ। ਐਡਵੋਕੇਟ ਛਾਬੜਾ ਨੇ ਕਿਹਾ ਕਿ ਕਲੱਬ ਦੇ ਸੰਵਿਧਾਨ ਨਾਲ ਖਿਲਵਾੜ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਨਾ ਹੋਣ ਦਿੱਤਾ ਜਾਵੇਗਾ। ਇਨ੍ਹਾਂ ਸੰਵਿਧਾਨਿਕ ਪਹਿਲੂਆਂ ਦਾ ਮਾਮਲਾ 28 ਨਵੰਬਰ ਨੂੰ ਹੋਣ ਜਾ ਰਹੀ ਏ. ਜੀ. ਐੱਮ. ਦੌਰਾਨ ਪ੍ਰਮੁੱਖਤਾ ਨਾਲ ਉਠਾਇਆ ਜਾਵੇਗਾ।

ਅਦਾਲਤ ਵਿਚ ਵੀ ਜਾ ਸਕਦੈ ਮਾਮਲਾ
ਇਸੇ ਵਿਚਕਾਰ ਸ਼ਨੀਵਾਰ ਕਲੱਬ ਸਰਕਲ ਵਿਚ ਚਰਚਾ ਰਹੀ ਕਿ ਜੇਕਰ ਏ. ਜੀ. ਐੱਮ. ਦੌਰਾਨ ਪਿਛਲੇ ਸਾਲ ਦੀ ਬੈਲੇਂਸ ਸ਼ੀਟ ਨੂੰ ਲੈ ਕੇ ਕੋਈ ਫ਼ੈਸਲਾ ਨਾ ਲਿਆ ਅਤੇ ਅਗਲੇ ਸਾਲ ਦੀ ਬੈਲੇਂਸ ਸ਼ੀਟ ਪਾਸ ਕਰਨ ਤੋਂ ਬਾਅਦ ਚੋਣਾਂ ਦਾ ਐਲਾਨ ਹੋਇਆ ਤਾਂ ਸੰਵਿਧਾਨ ਦੇ ਇਸ ਉਲੰਘਣ ਦਾ ਮਾਮਲਾ ਅਦਾਲਤ ਵਿਚ ਵੀ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਲੱਬ ਨਾਲ ਜੁੜੇ ਅਜਿਹੇ ਮਾਮਲੇ ਅਦਾਲਤ ਦੀ ਸ਼ਰਨ ਵਿਚ ਜਾ ਚੁੱਕੇ ਹਨ ਅਤੇ ਕਈ ਵਾਰ ਅਦਾਲਤੀ ਹੁਕਮਾਂ ਤੋਂ ਬਾਅਦ ਦੀਆਂ ਚੋਣਾਂ ’ਤੇ ਸਟੇਅ ਵੀ ਹੋਏ ਹਨ।

ਇਹ ਵੀ ਪੜ੍ਹੋ: ਜਲੰਧਰ ਸ਼ਹਿਰ ’ਚ ਓਵਰ ਸਪੀਡ ਵਾਹਨ ਚਲਾਉਣ ਵਾਲੇ ਹੋ ਜਾਣ ਸਾਵਧਾਨ, ਹੋਣਗੇ ਚਲਾਨ ਤੇ ਚੌਂਕਾਂ 'ਚ ਲੱਗਣਗੇ CCTV ਕੈਮਰੇ

PunjabKesari

ਅਫਸਰਾਂ ਦੇ ਹੱਥ ’ਚ ਆਇਆ ਕਲੱਬ, ਬਦਲ ਦਿੱਤਾ ਗਿਆ ਵਰਕਿੰਗ ਕਮੇਟੀ ਦਾ ਬੈਨਰ
ਜਲੰਧਰ ਜਿਮਖਾਨਾ ਦੀ ਏ. ਜੀ. ਐੱਮ. ਜਿਹੜੀ 28 ਨਵੰਬਰ ਨੂੰ ਹੋਣ ਜਾ ਰਹੀ ਹੈ, ਦੇ ਤੁਰੰਤ ਬਾਅਦ ਜਿਮਖਾਨਾ ਕਲੱਬ ਦੀ ਮੈਨੇਜਮੈਂਟ ਅਫਸਰਾਂ ਦੇ ਹੱਥ ਵਿਚ ਆ ਜਾਵੇਗੀ। ਪ੍ਰਬੰਧਕ ਕਮੇਟੀ ਵਿਚ ਕਲੱਬ ਦੇ ਪ੍ਰਧਾਨ ਵੀ. ਕੇ. ਮੀਣਾ ਅਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਘਨਸ਼ਾਮ ਥੋਰੀ ਤੋਂ ਇਲਾਵਾ ਚੇਅਰਮੈਨ ਅਮਰਜੀਤ ਸਿੰਘ ਬੈਂਸ ਅਤੇ ਕੋ-ਚੇਅਰਮੈਨ ਡਾ. ਜੈਇੰਦਰ ਸਿੰਘ ਹੋਣਗੇ। ਏ. ਜੀ. ਐੱਮ. ਸ਼ੁਰੂ ਹੁੰਦੇ ਹੀ ਵਰਕਿੰਗ ਕਮੇਟੀ ਨੂੰ ਭੰਗ ਕਰ ਦਿੱਤਾ ਜਾਵੇਗਾ, ਜਿਸ ਵਿਚ ਹੋਰਨਾਂ ਤੋਂ ਇਲਾਵਾ ਫਿਲਹਾਲ ਕਲੱਬ ਦੇ ਚਾਰੋਂ ਅਹੁਦੇਦਾਰ ਤਰੁਣ ਸਿੱਕਾ, ਰਾਜੂ ਵਿਰਕ, ਸੌਰਭ ਖੁੱਲਰ ਅਤੇ ਅਮਿਤ ਕੁਕਰੇਜਾ ਮੌਜੂਦ ਹਨ। ਏ. ਜੀ. ਐੱਮ. ਦੇ ਫ਼ੈਸਲੇ ਦੇ ਮੱਦੇਨਜ਼ਰ ਕਲੱਬ ਦੇ ਪਾਰਕਿੰਗ ਏਰੀਆ ਵਿਚ ਲੱਗੇ ਵਰਕਿੰਗ ਕਮਟੀ ਦੇ ਬੈਨਰ ਨੂੰ ਲਾਹ ਕੇ ਉਥੇ ਸਿਰਫ਼ 4 ਅਫਸਰਾਂ ਦੀ ਫੋਟੋ ਵਾਲਾ ਵੱਡਾ ਬੈਨਰ ਲਾ ਦਿੱਤਾ ਗਿਆ।

PunjabKesari

ਸਿੱਕਾ ਅਤੇ ਸੇਠ ’ਚ ਫਸਿਆ ਹੋਇਆ ਹੈ ਪੇਂਚ, ਤਰੁਣ ਨੂੰ ਇਕ ਮੌਕਾ ਹੋਰ ਦੇ ਸਕਦੈ ਗਰੁੱਪ
ਜਿਮਖਾਨਾ ਕਲੱਬ ਦੀਆਂ ਜਲਦ ਹੋ ਰਹੀਆਂ ਚੋਣਾਂ ਲਈ ਜਿਥੇ ਪ੍ਰਚਾਰ ਮੁਹਿੰਮ ਜ਼ੋਰ ਫੜ ਚੁੱਕੀ ਹੈ, ਉਥੇ ਹੀ ਸੈਕਟਰੀ ਅਹੁਦੇ ਦੇ ਉਮੀਦਵਾਰ ਨੂੰ ਲੈ ਕੇ ਅਚੀਵਰਸ ਗਰੁੱਪ ਅਜੇ ਕੋਈ ਫੈਸਲਾ ਨਹੀਂ ਲੈ ਸਕਿਆ। ਸ਼ਨੀਵਾਰ ਵੀ ਗਰੁੱਪ ਵੱਲੋਂ 2 ਮੁੱਖ ਦਾਅਵੇਦਾਰਾਂ ਤਰੁਣ ਸਿੱਕਾ ਅਤੇ ਧੀਰਜ ਸੇਠ ਵਿਚਕਾਰ ਇਕ ਮੀਟਿੰਗ ਕਰਵਾਈ ਗਈ ਪਰ ਇਸ ਮੀਟਿੰਗ ਦਾ ਕੀ ਸਿੱਟਾ ਨਿਕਲਿਆ, ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਸੂਤਰ ਦੱਸ ਰਹੇ ਹਨ ਕਿ ਅਚੀਵਰਸ ਗਰੁੱਪ ਦੇ ਸਰਵੇ-ਸਰਵਾ ਤਰੁਣ ਸਿੱਕਾ ਨੂੰ ਇਕ ਹੋਰ ਮੌਕਾ ਦੇਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਗਰੁੱਪ ਦੇ ਅੰਦਰ ਹੀ ਬਗਾਵਤ ਦਾ ਡਰ ਵੀ ਸਤਾ ਰਿਹਾ ਹੈ ਕਿਉਂਕਿ ਗਰੁੱਪ ਦੇ ਮੈਂਬਰ ਰਹੇ ਸਤੀਸ਼ ਠਾਕੁਰ ਗੋਰਾ ਅਤੇ ਕੁੱਕੀ ਬਹਿਲ ਧੀਰਜ ਸੇਠ ਦੇ ਸਮਰਥਨ ਵਿਚ ਖੁੱਲ੍ਹ ਕੇ ਮੈਦਾਨ ਵਿਚ ਆ ਚੁੱਕੇ ਹਨ। ਗੋਰਾ ਗਰੁੱਪ ਤਾਂ ਇਥੋਂ ਤੱਕ ਵੀ ਸੋਚ ਰਿਹਾ ਹੈ ਕਿ ਜੇਕਰ ਅਚੀਵਰਸ ਗਰੁੱਪ ਨੇ ਤਰੁਣ ਨੂੰ ਉਮੀਦਵਾਰ ਬਣਾਇਆ ਅਤੇ ਧੀਰਜ ਨੇ ਉਸਦੇ ਮੁਕਾਬਲੇ ਮੈਦਾਨ ਵਿਚ ਉਤਰਨ ਤੋਂ ਆਨਾਕਾਨੀ ਕੀਤੀ ਤਾਂ ਕੁੱਕੀ ਬਹਿਲ ਨੂੰ ਵੀ ਸੈਕਟਰੀ ਅਹੁਦੇ ਦਾ ਉਮੀਦਵਾਰ ਬਣਾਇਆ ਜਾ ਸਕਦਾ ਹੈ। ਫਿਲਹਾਲ ਇਹ ਸਥਿਤੀ ਜਲਦ ਸਾਫ ਹੋਣ ਦੀ ਸੰਭਾਵਨਾ ਹੈ ਕਿਉਂਕਿ ਗੋਰਾ ਗਰੁੱਪ ਜ਼ਿਆਦਾ ਉਡੀਕ ਨਹੀਂ ਕਰਨੀ ਚਾਹੁੰਦਾ।

ਇਹ ਵੀ ਪੜ੍ਹੋ: ਆਪਣੀ ਜ਼ਮੀਨ ਦੀ ਸਮਰੱਥਾ ਤੋਂ ਵੱਧ ਪੈਦਾ ਹੋਈ ਫ਼ਸਲ ਨੂੰ MSP 'ਤੇ ਨਹੀਂ ਵੇਚ ਸਕਣਗੇ ਕਿਸਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News