ਸ਼ਹਿਰ ਦੇ ਉੱਘੇ ਵਪਾਰੀ ’ਤੇ ਮੋਟਰਸਾਈਕਲ ਸਵਾਰਾਂ ਨੇ ਚਲਾਈ ਗੋਲੀ

02/10/2021 12:27:11 PM

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)- ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੀਤੀ ਦੇਰ ਰਾਤ 3 ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਸ਼ਹਿਰ ਦੇ ਉੱਘੇ ਨੌਜਵਾਨ ਵਪਾਰੀ ਨੂੰ ਲੁੱਟ ਦੀ ਨੀਅਤ ਨਾਲ ਗੋਲੀ ਚਲਾ ਕੇ ਜ਼ਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਦੇਰ ਰਾਤ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਸਥਾਨਕ ਪੁੱਡਾ ਮਾਰਕੀਟ ਵਿਖੇ ਕਨਫੈਕਸ਼ਨਰੀ ਦਾ ਕੰਮ ਕਰਦੇ ਰਾਜੇਸ਼ ਕੁਮਾਰ (ਰਾਜੂ) ਪੁੱਤਰ ਗਿਆਨ ਚੰਦ ਬੀਤੀ ਰਾਤ ਆਪਣੀ ਦੁਕਾਨ ਬੰਦ ਕਰਕੇ ਚੋਈ ਬਜਾਰ ਸਥਿਤ ਆਪਣੇ ਘਰ ਪੈਦਲ ਜਾ ਰਿਹਾ ਸੀ ਕਿ ਰਸਤੇ ’ਚ ਪੈਂਦੇ ਸਨਾਤਨ ਧਰਮ ਸਭਾ ਮੰਦਿਰ ਦੇ ਕੋਲ ਇਕ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਜਿਨ੍ਹਾਂ ਆਪਣੇ ਮੂੰਹ ਕੱਪੜੇ ਨਾਲ ਚੰਗੀ ਤਰ੍ਹਾਂ ਢੱਕੇ ਹੋਏ ਸਨ ਰਾਜੇਸ਼ ਕੁਮਾਰ ਰਾਜੂ ਕੋਲ ਆ ਕੇ ਰੁਕੇ ਅਤੇ ਉਸ ਕੋਲੋਂ ਨਗਦੀ ਦੀ ਮੰਗ ਕਰਨ ਲੱਗੇ, ਜਿਨ੍ਹਾਂ ’ਚੋਂ ਇਕ ਨੇ ਰਿਵਾਲਵਰ ਕੱਢ ਲਿਆ ਅਤੇ ਦੂਜੇ ਦੇ ਹੱਥ ’ਚ ਬੇਸਬਾਲ ਸੀ।

ਇਹ ਵੀ ਪੜ੍ਹੋ :  ਨਕੋਦਰ ਵਿਚ ਵੱਡੀ ਵਾਰਦਾਤ, ਬਜ਼ੁਰਗ ਦਾ ਸ਼ੱਕੀ ਹਾਲਾਤ ’ਚ ਕਤਲ

PunjabKesari

ਜਦੋਂ ਰਾਜੇਸ਼ ਕੁਮਾਰ ਨੇ ਆਪਣੇ ਕੋਲ ਨਕਦੀ ਹੋਣ ਤੋਂ ਮਨ੍ਹਾ ਕੀਤਾ ਤਾਂ ਇਕ ਲੁਟੇਰੇ ਨੇ ਉਸ ਵੱਲ ਰਿਵਾਲਵਰ ਤਾਨ ਦਿੱਤਾ ਅਤੇ ਗੋਲੀ ਮਾਰਨ ਦੀ ਧਮਕੀ ਦਿੱਤੀ, ਜਿਸ ’ਤੇ ਰਾਜੇਸ਼ ਕੁਮਾਰ ਨੇ ਰਿਵਾਲਵਰ ਦੇ ਅੱਗੇ ਆਪਣਾ ਹੱਥ ਕਰਕੇ ਉਕਤ ਲੁਟੇਰੇ ਨੂੰ ਧੱਕਾ ਮਾਰ ਦਿੱਤਾ ਪਰ ਐਨੇ ’ਚ ਰਿਵਾਲਵਰ ’ਚੋਂ ਚੱਲੀ ਗੋਲੀ ਰਾਜੇਸ਼ ਕੁਮਾਰ ਦੇ ਹੱਥ ’ਤੇ ਲੱਗ ਗਈ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਗੋਲੀ ਦੀ ਆਵਾਜ਼ ਸੁਣ ਕੇ ਇਕੱਠੇ ਹੋਣ ਵਾਲੇ ਮੁਹੱਲਾ ਵਾਸੀਆਂ ਦੇ ਡਰ ਕਾਰਨ ਉਕਤ ਲੁਟੇਰੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਉੱਥੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ :  ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਦੀ ਅਨੋਖੀ ਪਹਿਲ, ਧੀ ਦੇ ਜਨਮ ’ਤੇ ਘਰ ਜਾ ਕੇ ਕਿੰਨਰ ਦੇਣਗੇ ਇਹ ਤੋਹਫ਼ਾ

ਗੋਲੀ ਲੱਗਣ ਕਾਰਨ ਜ਼ਖਮੀ ਹੋਏ ਰਾਜੇਸ਼ ਕੁਮਾਰ ਨੂੰ ਤੁਰੰਤ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਉਹ ਖਤਰੇ ਤੋਂ ਬਾਹਰ ਅਤੇ ਜ਼ੇਰੇ ਇਲਾਜ ਹੈ। ਸ਼ਹਿਰ ਦੇ ਐਨ ਵਿਚਕਾਰ ਵਾਪਰੀ ਇਸ ਘਟਨਾ ਕਾਰਣ ਸ਼ਹਿਰ ਵਾਸੀਆਂ ਅੰਦਰ ਸਹਿਮ ਦਾ ਮਾਹੋਲ ਪਾਇਆ ਜਾ ਰਿਹਾ ਹੈ। ਮੌਕੇ ’ਤੇ ਆਪਣੇ ਟੀਮ ਨਾਲ ਹਸਪਤਾਲ ਪਹੁੰਚੇ ਥਾਣਾ ਮੁਖੀ ਹਰਕੀਰਤ ਸਿੰਘ ਵਲੋਂ ਜ਼ਖਮੀ ਰਾਜੇਸ਼ ਕੁਮਾਰ ਦੇ ਬਿਆਨ ਲਏ ਗਏ। ਉਪਰੰਤ ਘਟਨਾ ਸਥਾਨ ’ਤੇ ਪਹੁੰਚ ਕੇ ਮੌਕੇ ਦਾ ਮੁਆਇਨਾ ਵੀ ਕੀਤਾ ਗਿਆ।

ਕੀ ਕਹਿਣਾ ਹੈ ਡੀ. ਐੱਸ. ਪੀ. ਦਾ
ਇਸ ਸਬੰਧੀ ਡੀ. ਐੱਸ. ਪੀ. ਰਮਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਉਨ੍ਹਾਂ ਵਲੋਂ ਪੂਰੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
 


shivani attri

Content Editor

Related News