ਸਿਹਤ ਵਿਭਾਗ ਨੇ ਸੀਤ ਲਹਿਰ ਤੋਂ ਬਚਣ ਲਈ ਜਾਰੀ ਕੀਤੇ ਸੁਝਾਅ ਤੇ ਦਿਸ਼ਾ-ਨਿਰਦੇਸ਼

12/22/2022 8:31:18 PM

ਹੁਸ਼ਿਆਰਪੁਰ (ਘੁੰਮਣ) : ਲਗਾਤਾਰ ਚੱਲ ਰਹੀ ਸੀਤ ਲਹਿਰ ਦੇ ਮੱਦੇਨਜ਼ਰ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪ੍ਰੀਤ ਮੋਹਿੰਦਰ ਸਿੰਘ ਨੇ ਇਕ ਵਿਸਤ੍ਰਿਤ ਐਡਵਾਈਜ਼ਰੀ ਜਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਤਾਪਮਾਨ 'ਚ ਗਿਰਾਵਟ ਦੇਖੀ ਜਾ ਰਹੀ ਹੈ ਅਤੇ ਠੰਡ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਕਈ ਬਿਮਾਰੀਆਂ ਜਿਵੇਂ ਫਲੂ, ਨੱਕ ਵਗਣਾ, ਹਾਈਪੋਥਰਮੀਆ, ਫਰੌਸਟਬਾਈਟ ਆਦਿ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਅਜਿਹੇ 'ਚ ਆਪਣੇ-ਆਪ ਨੂੰ ਸੁਰੱਖਿਅਤ ਰੱਖਣ ਲਈ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਕਿਹਾ ਕਿ ਲੋਕਾਂ ਨੂੰ ਸੀਤ ਲਹਿਰ ਤੋਂ ਆਪਣੇ-ਆਪ ਨੂੰ ਸੁਰੱਖਿਅਤ ਰੱਖਣ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕੋਰੋਨਾ ਦੇ ਨਵੇਂ ਵੇਰੀਐਂਟ ਬਾਰੇ ਚਿਤਾਵਨੀ ਦਿੰਦਿਆਂ ਲੋਕਾਂ ਨੂੰ ਆਪਣਾ ਟੀਕਾਕਰਨ ਪੂਰਾ ਕਰਨ ਅਤੇ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ਘਬਰਾਉਣ ਦੀ ਲੋੜ ਨਹੀਂ, ਦਿੱਲੀ ਸਰਕਾਰ ਕੋਰੋਨਾ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ : ਮੀਟਿੰਗ 'ਚ ਬੋਲੇ ਕੇਜਰੀਵਾਲ

ਉਨ੍ਹਾਂ ਕਿਹਾ ਕਿ ਸੀਤ ਲਹਿਰ ਦੌਰਾਨ ਜਿੰਨਾ ਸੰਭਵ ਹੋ ਸਕੇ ਘਰ ਦੇ ਅੰਦਰ ਰਹੋ ਅਤੇ ਠੰਡੀ ਹਵਾ ਦੇ ਸੰਪਰਕ ਨੂੰ ਰੋਕਣ ਲਈ ਯਾਤਰਾ ਨੂੰ ਘੱਟ ਤੋਂ ਘੱਟ ਕਰੋ। ਢਿੱਲੀ ਫਿਟਿੰਗ ਅਤੇ ਕੱਪੜੇ ਦੀਆਂ ਕਈ ਪਰਤਾਂ ਪਹਿਨੋ। ਤੰਗ ਕੱਪੜੇ ਖੂਨ ਦੇ ਗੇੜ ਨੂੰ ਘਟਾਉਂਦੇ ਹਨ। ਆਪਣੇ-ਆਪ ਨੂੰ ਸੁੱਕਾ ਰੱਖੋ। ਜੇਕਰ ਗਿੱਲਾ ਹੋਵੇ ਤਾਂ ਆਪਣੇ ਸਿਰ, ਗਰਦਨ, ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਨੂੰ ਢੁੱਕਵੇਂ ਢੰਗ ਨਾਲ ਢਕੋ। ਦਸਤਾਨਿਆਂ ਨਾਲੋਂ ਮਿਟਨ ਨੂੰ ਤਰਜੀਹ ਦਿਓ, ਮਿਟਨ ਵਧੇਰੇ ਨਿੱਘ ਅਤੇ ਇਨਸੂਲੇਸ਼ਨ ਪ੍ਰਦਾਨ ਕਰਦੇ ਹਨ, ਗਰਮੀ ਦੇ ਨੁਕਸਾਨ ਨੂੰ ਰੋਕਣ ਲਈ ਟੋਪੀਆਂ ਅਤੇ ਮਫਲਰ ਦੀ ਵਰਤੋਂ ਕਰੋ। ਸਰੀਰ ਦੇ ਤਾਪਮਾਨ ਦੇ ਸੰਤੁਲਨ ਨੂੰ ਬਣਾਈ ਰੱਖਣ ਲਈ ਸਿਹਤਮੰਦ ਭੋਜਨ ਖਾਓ। ਲੋੜੀਂਦੀ ਪ੍ਰਤੀਰੋਧਕ ਸ਼ਕਤੀ ਬਣਾਈ ਰੱਖਣ ਲਈ ਵਿਟਾਮਿਨ-ਸੀ ਨਾਲ ਭਰਪੂਰ ਫਲ, ਸ਼ਹਿਦ, ਗੁੜ ਅਤੇ ਮੌਸਮੀ ਸਬਜ਼ੀਆਂ ਖਾਓ। ਗਰਮ ਤਰਲ ਪਦਾਰਥ ਨਿਯਮਿਤ ਤੌਰ ‘ਤੇ ਪੀਓ।

ਇਹ ਵੀ ਪੜ੍ਹੋ : ਮੌਤ ਬਣ ਕੇ ਆਈ ਕਾਰ, 4 ਨੌਜਵਾਨਾਂ ਨੂੰ ਲਿਆ ਲਪੇਟੇ 'ਚ, 2 ਦੀ ਮੌਤ, 2 ਗੰਭੀਰ ਜ਼ਖ਼ਮੀ

ਆਪਣੀ ਚਮੜੀ ਨੂੰ ਨਿਯਮਤ ਤੌਰ ‘ਤੇ ਤੇਲ, ਪੈਟਰੋਲੀਅਮ ਜੈਲੀ ਜਾਂ ਬਾਡੀ ਕ੍ਰੀਮ ਨਾਲ ਨਮੀ ਦਿਓ, ਬਜ਼ੁਰਗ ਲੋਕਾਂ ਅਤੇ ਬੱਚਿਆਂ ਦਾ ਧਿਆਨ ਰੱਖੋ। ਠੰਡ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਚਮੜੀ ਫਿੱਕੀ, ਸਖ਼ਤ ਅਤੇ ਸੁੰਨ ਹੋ ਸਕਦੀ ਹੈ ਅਤੇ ਸਰੀਰ ਦੇ ਖੁੱਲ੍ਹੇ ਅੰਗਾਂ ‘ਤੇ ਕਾਲੇ ਛਾਲੇ ਹੋ ਸਕਦੇ ਹਨ, ਇਸ ਲਈ ਤੁਰੰਤ ਡਾਕਟਰ ਦੀ ਸਲਾਹ ਲਓ। ਹਾਈਪੋਥਰਮੀਆ ਇਕ ਮੈਡੀਕਲ ਐਮਰਜੈਂਸੀ ਹੈ, ਜਿਸ ਲਈ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News