ਕਰੋੜਾਂ ਦੀ ਟਰਨਓਵਰ ਲੁਕਾਉਣ ਵਾਲੀ ਨੀਲਕੰਠ ਮਾਰਬਲ ਤੇ ਸ਼ਿਵ ਐਂਟਰਪ੍ਰਾਈਜ਼ਿਜ਼ ’ਤੇ GST ਦਾ ਛਾਪਾ

07/15/2022 12:45:49 PM

ਜਲੰਧਰ (ਪੁਨੀਤ)– ਮਹਾਨਗਰ ਵਿਚ ਕਈ ਅਜਿਹੀਆਂ ਇਕਾਈਆਂ ਸਾਹਮਣੇ ਆ ਰਹੀਆਂ ਹਨ, ਜਿਹੜੀਆਂ ਕਿ ਕਰੋੜਾਂ ਰੁਪਏ ਦੀ ਟਰਨਓਵਰ ਲੁਕਾ ਕੇ ਆਪਣੀ ਜੀ. ਐੱਸ. ਟੀ. ਰਿਟਰਨ ਵਿਚ ਘੱਟ ਬਿਜ਼ਨੈੱਸ ਦਿਖਾ ਰਹੀਆਂ ਹਨ। ਅਜਿਹੀਆਂ ਇਕਾਈਆਂ ਖਿਲਾਫ ਸਟੇਟ ਜੀ. ਐੱਸ. ਟੀ. ਮਹਿਕਮੇ ਨੇ ਮੁਹਿੰਮ ਤੇਜ਼ ਕਰ ਦਿੱਤੀ ਹੈ ਅਤੇ ਜਲੰਧਰ-3 ਦੀ ਟੀਮ ਨੇ ਅਜਿਹੀਆਂ 2 ਇਕਾਈਆਂ ’ਤੇ ਛਾਪਾ ਮਾਰਿਆ ਹੈ, ਜਿਨ੍ਹਾਂ ਆਪਣੀ ਟਰਨਓਵਰ ’ਚ ਕਰੋੜਾਂ ਰੁਪਏ ਦਾ ਬਿਜ਼ਨੈੱਸ ਵਿਖਾਉਣ ਵਿਚ ਹੇਰਾਫੇਰੀ ਦਾ ਸਹਾਰਾ ਲਿਆ। ਇਸੇ ਤਹਿਤ ਵੀਰਵਾਰ ਰੇਲਵੇ ਰੋਡ ’ਤੇ ਸਥਿਤ ਸ਼ਿਵ ਐਂਟਰਪ੍ਰਾਈਜ਼ਿਜ਼ ਨਾਂ ਦੀ ਸਕ੍ਰੈਪ ਇਕਾਈ ’ਤੇ ਛਾਪਾ ਮਾਰਿਆ ਗਿਆ, ਜਿਹੜੀ ਕਿ ਮੁੱਖ ਤੌਰ ’ਤੇ ਗੱਤੇ ਦਾ ਵਪਾਰ ਕਰਦੀ ਹੈ। ਜਲੰਧਰ-3 ਦੀ ਟੀਮ ਵੱਲੋਂ ਕੀਤੀ ਉਕਤ ਕਾਰਵਾਈ ਦੌਰਾਨ ਮੌਕੇ ’ਤੇ ਬਿਨਾਂ ਬਿੱਲ ਦੇ ਉਤਰ ਰਿਹਾ ਮਾਲ ਫੜਿਆ ਗਿਆ, ਜਿਸ ਦਾ ਸਟਾਕ ਦਰਜ ਕਰ ਲਿਆ ਗਿਆ ਹੈ।

ਜਲੰਧਰ-3 ਦੀ ਅਸਿਸਟੈਂਟ ਕਮਿਸ਼ਨਰ ਰਜਮਨਦੀਪ ਕੌਰ ਦੀ ਪ੍ਰਧਾਨਗੀ ਵਿਚ ਕਈ ਸਟੇਟ ਅਫਸਰ, ਇੰਸਪੈਕਟਰ ਅਤੇ ਹੋਰ ਅਧਿਕਾਰੀਆਂ ਨੂੰ ਜਾਂਚ ਲਈ ਭੇਜਿਆ ਗਿਆ। ਉਕਤ ਫਰਮ ’ਤੇ ਦੋਸ਼ ਹਨ ਕਿ ਬਿਨਾਂ ਬਿੱਲ ਦੇ ਮਾਲ ਖਰੀਦ ਕੇ ਉਸ ਨੂੰ ਕਾਗਜ਼ਾਂ ਵਿਚ ਦਿਖਾਉਣ ਲਈ ਫਰਜ਼ੀ ਬਿੱਲ ਲਏ ਜਾ ਰਹੇ ਹਨ। ਵਿਭਾਗ ਵੱਲੋਂ ਪਿਛਲੇ ਕਈ ਦਿਨਾਂ ਤੋਂ ਇਸੇ ਇਕਾਈ ’ਤੇ ਨਜ਼ਰ ਰੱਖੀ ਜਾ ਰਹੀ ਸੀ ਅਤੇ ਅੱਜ ਪੁਖਤਾ ਜਾਣਕਾਰੀ ਮਿਲਣ ਤੋਂ ਬਾਅਦ ਅਧਿਕਾਰੀਆਂ ਨੇ ਛਾਪਾ ਮਾਰ ਕੇ ਕਈ ਅਹਿਮ ਦਸਤਾਵੇਜ਼ ਆਪਣੇ ਕਬਜ਼ੇ ਵਿਚ ਲਏ, ਜਿਸ ਨਾਲ ਮਹਿਕਮੇ ਨੂੰ ਆਉਣ ਵਾਲੇ ਦਿਨਾਂ ਵਿਚ ਕਈ ਅਹਿਮ ਜਾਣਕਾਰੀਆਂ ਪ੍ਰਾਪਤ ਹੋਣਗੀਆਂ।

ਇਹ ਵੀ ਪੜ੍ਹੋ: ਸਰਕਾਰੀ ਸੈਂਟਰਾਂ ’ਚ ਅੱਜ ਤੋਂ ਮੁਫ਼ਤ ਲੱਗੇਗੀ ਕੋਰੋਨਾ ਦੀ ਤੀਜੀ ਡੋਜ਼, ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਖ਼ਾਸ ਧਿਆਨ

ਇਥੇ ਕਾਰਵਾਈ ਦੌਰਾਨ ਵਿਭਾਗ ਨੂੰ ਭਾਰ ਤੋਲਣ ਵਾਲੇ ਵੱਡੇ ਇਲੈਕਟ੍ਰਾਨਿਕ ਕੰਡੇ ਦੀਆਂ ਪਰਚੀਆਂ ਮਿਲੀਆਂ ਹਨ, ਜਿਹੜੀਆਂ ਕਿ ਵਿਭਾਗ ਲਈ ਅਹਿਮ ਕਡ਼ੀ ਸਾਬਿਤ ਹੋਣਗੀਆਂ। ਇਸੇ ਤਰ੍ਹਾਂ ਉਕਤ ਇਕਾਈ ਵੱਲੋਂ ਜਿਹੜੇ ਬਿੱਲ ਜੀ. ਐੱਸ. ਟੀ. ਰਿਟਰਨ ਵਿਚ ਦਿਖਾਏ ਗਏ ਹਨ, ਉਨ੍ਹਾਂ ਨੂੰ ਵੀ ਜਾਂਚ ਦੇ ਘੇਰੇ ਵਿਚ ਲਿਆਂਦਾ ਜਾ ਰਿਹਾ ਹੈ। ਵਿਭਾਗ ਨੂੰ ਇਸ ਇਕਾਈ ਬਾਰੇ ਪਿਛਲੇ ਦਿਨੀਂ ਇਕ ਟਿਪ (ਸੂਤਰਾਂ ਦੇ ਹਵਾਲੇ ਨਾਲ ਸੂਚਨਾ) ਮਿਲੀ ਸੀ ਕਿ ਇਥੇ ਬਿਨਾਂ ਬਿੱਲ ਦੇ ਮਾਲ ਖਰੀਦਿਆ ਜਾ ਰਿਹਾ ਹੈ, ਜਿਸ ਨਾਲ ਵਿਭਾਗ ਨੂੰ ਜੀ. ਐੱਸ. ਟੀ. ਦਾ ਨੁਕਸਾਨ ਹੋ ਰਿਹਾ ਹੈ।

ਇਸੇ ਤਰ੍ਹਾਂ ਮਹਿਕਮੇ ਵੱਲੋਂ ਨਕੋਦਰ ਰੋਡ ’ਤੇ ਸਥਿਤ ਨੀਲਕੰਠ ਮਾਰਬਲ ਐਂਡ ਸੈਰਾਮਿਕ ’ਤੇ ਛਾਪੇਮਾਰੀ ਕੀਤੀ ਗਈ ਅਤੇ ਇਸ ਦੌਰਾਨ ਵਿਭਾਗ ਦੇ ਹੱਥ ਕਈ ਅਹਿਮ ਦਸਤਾਵੇਜ਼ ਲੱਗੇ। ਸੂਤਰਾਂ ਨੇ ਦੱਸਿਆ ਕਿ ਉਕਤ ਫਰਮ ਵੱਲੋਂ ਕਰੋੜਾਂ ਰੁਪਏ ਦਾ ਵਪਾਰ ਕਾਗਜ਼ਾਂ ਵਿਚ ਵਿਖਾਇਆ ਜਾ ਰਿਹਾ ਹੈ, ਜਦੋਂ ਕਿ ਅਸਲ ਵਿਚ ਇਹ ਇਕਾਈ ਦਿਖਾਈ ਗਈ ਰਕਮ ਤੋਂ 3 ਗੁਣਾ ਵੱਧ ਵਪਾਰ ਕਰ ਰਹੀ ਹੈ। ਕਰੋੜਾਂ ਰੁਪਏ ਦਾ ਵਪਾਰ ਲੁਕਾਉਣ ਕਾਰਨ ਵਿਭਾਗ ਨੂੰ ਵੱਡੇ ਪੱਧਰ ’ਤੇ ਜੀ. ਐੱਸ. ਟੀ. ਦਾ ਟੈਕਸ ਲਾਸ ਉਠਾਉਣਾ ਪੈ ਰਿਹਾ ਹੈ। ਬੀਤੇ ਦਿਨੀਂ ਹੋਈ ਇਸ ਕਾਰਵਾਈ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਇਕਾਈ ਮਾਰਬਲ, ਟਾਈਲਜ਼ ਬਣਾਉਣ ਵਾਲੀਆਂ ਵੱਡੀਆਂ ਫਰਮਾਂ ਦਾ ਮਾਲ ਵੇਚਣ ਦਾ ਕੰਮ ਕਰਦੀ ਹੈ, ਜਿਸ ਵਿਚ ਬਾਥਰੂਮ ਫਿਟਿੰਗ ਅਤੇ ਸਜਾਵਟ ਵਿਚ ਵਰਤੇ ਜਾਣ ਵਾਲੇ ਮਹਿੰਗੇ ਪ੍ਰੋਡਕਟ ਸ਼ਾਮਲ ਹਨ।

ਇਹ ਵੀ ਪੜ੍ਹੋ: ਮੋਰਿੰਡਾ ਵਿਖੇ ਸੀਵਰੇਜ ਦੇ ਪਾਣੀ 'ਚ ਡੁੱਬਣ ਨਾਲ 2 ਸਾਲਾ ਬੱਚੇ ਦੀ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਮਾਰਕੀਟ ਵਸੀਲਿਆਂ ਤੋਂ ਜਾਣਕਾਰੀ ਇਕੱਤਰ ਕਰ ਕੇ ਵਿਭਾਗ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਮਹਿਕਮੇ ਨੂੰ ਕੱਚੀਆਂ ਪਰਚੀਆਂ ਅਤੇ ਕਈ ਅਜਿਹੇ ਦਸਤਾਵੇਜ਼ ਮਿਲੇ ਹਨ, ਜਿਸ ਨਾਲ ਮਹਿਕਮੇ ਦਾ ਕੇਸ ਮਜ਼ਬੂਤ ਹੋ ਰਿਹਾ ਹੈ। ਜਲੰਧਰ-3 ਦੀ ਟੀਮ ਵਿਚ ਈ. ਟੀ. ਓ. ਪਰਮਵੀਰ ਸਿੰਘ ਚਾਹਲ, ਗਗਨ ਸ਼ਰਮਾ, ਕਰਨਵੀਰ ਸਿੰਘ ਰੰਧਾਵਾ ਸਮੇਤ ਕਈ ਇੰਸਪੈਕਟਰ ਰੈਂਕ ਦੇ ਅਧਿਕਾਰੀ ਸ਼ਾਮਲ ਰਹੇ।

ਕਈ ਵੱਡੀਆਂ ਇਕਾਈਆਂ ਵਿਭਾਗ ਦੀਆਂ ਨਜ਼ਰਾਂ ’ਚ : ਰਜਮਨਦੀਪ ਕੌਰ
ਟੈਕਸੇਸ਼ਨ ਮਹਿਕਮਾ ਜਲੰਧਰ-3 ਦੀ ਅਸਿਸਟੈਂਟ ਕਮਿਸ਼ਨਰ ਰਜਮਨਦੀਪ ਕੌਰ ਨੇ ਕਿਹਾ ਕਿ ਕਈ ਵੱਡੀਆਂ ਇਕਾਈਆਂ ਮਹਿਕਮੇ ਦੀਆਂ ਨਜ਼ਰਾਂ ਵਿਚ ਹਨ, ਜਿਨ੍ਹਾਂ ’ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਪਰਮਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਦਸਤਾਵੇਜ਼ ਜੁਟਾਉਣ ਤੋਂ ਬਾਅਦ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਕਤ 2 ਇਕਾਈਆਂ ’ਤੇ ਹੋਈ ਛਾਪੇਮਾਰੀ ਬਾਰੇ ਉਨ੍ਹਾਂ ਕਿਹਾ ਕਿ ਇਸਦੀ ਰਿਪੋਰਟ ਸੀਨੀਅਰ ਅਧਿਕਾਰੀਆਂ ਨੂੰ ਸੌਂਪੀ ਜਾ ਰਹੀ ਹੈ।

ਇਹ ਵੀ ਪੜ੍ਹੋ: ਵਿਆਹ ਤੋਂ ਪਰਤ ਰਿਹਾ ਫੌਜੀ ਸ਼ੱਕੀ ਹਾਲਾਤ 'ਚ ਲਾਪਤਾ, ਨਹਿਰ ਕਿਨਾਰਿਓਂ ਮਿਲਿਆ ਮੋਟਰਸਾਈਕਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News