100 ਕਰੋੜ ਦੀ ਟਰਨਓਵਰ ਵਾਲੇ ਸਕ੍ਰੈਪ ਕਾਰੋਬਾਰੀ, ਬਿਸਕੁਟ ਬਣਾਉਣ ਵਾਲੀ ਫੈਕਟਰੀ ’ਚ GST ਦੀ ਰੇਡ

Wednesday, Jun 29, 2022 - 12:12 PM (IST)

100 ਕਰੋੜ ਦੀ ਟਰਨਓਵਰ ਵਾਲੇ ਸਕ੍ਰੈਪ ਕਾਰੋਬਾਰੀ, ਬਿਸਕੁਟ ਬਣਾਉਣ ਵਾਲੀ ਫੈਕਟਰੀ ’ਚ GST ਦੀ ਰੇਡ

ਜਲੰਧਰ (ਪੁਨੀਤ)– ਸਟੇਟ ਜੀ. ਐੱਸ. ਟੀ. ਮਹਿਕਮੇ ਵੱਲੋਂ ਟੈਕਸ ਚੋਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਜਲੰਧਰ ਦੀਆਂ 3 ਵੱਡੀਆਂ ਇਕਾਈਆਂ ਵਿਚ ਛਾਪੇਮਾਰੀ ਕੀਤੀ ਗਈ। ਇਨ੍ਹਾਂ ਵਿਚ ਸਕ੍ਰੈਪ ਕਾਰੋਬਾਰੀ, ਵੈਲਡਿੰਗ ਰਾਡ ਬਣਾਉਣ ਵਾਲੀ ਫਰਮ ਅਤੇ ਬਿਸਕੁਟ ਬਣਾਉਣ ਵਾਲੀ ਫੈਕਟਰੀ ਸ਼ਾਮਲ ਹਨ। ਇਨ੍ਹਾਂ ਇਕਾਈਆਂ ਦੀ ਟਰਨਓਵਰ 6 ਕਰੋੜ ਤੋਂ ਲੈ ਕੇ 100 ਕਰੋੜ ਤੋਂ ਉਪਰ ਦੱਸੀ ਗਈ ਹੈ। ਪੁਲਸ ਫੋਰਸ ਨਾਲ ਪਹੁੰਚੀਆਂ ਟੀਮਾਂ ਕਈ ਘੰਟੇ ਜਾਂਚ ਕਰਦੀਆਂ ਰਹੀਆਂ ਅਤੇ ਕੱਚੀਆਂ ਪਰਚੀਆਂ, ਮੋਬਾਇਲ, ਕੰਪਿਊਟਰ ਸਮੇਤ ਕਈ ਕਾਗਜ਼ਾਤ, ਡਾਇਰੀਆਂ ਅਤੇ ਸਬੰਧਤ ਰਿਕਾਰਡ ਨੂੰ ਜ਼ਬਤ ਕਰ ਲਿਆ ਗਿਆ।

ਟੈਕਸੇਸ਼ਨ ਮਹਿਕਮੇ ਦੇ ਡਿਪਟੀ ਕਮਿਸ਼ਨਰ ਪਰਮਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜਲੰਧਰ-1 ਅਤੇ ਜਲੰਧਰ-2 ਦੀਆਂ ਟੀਮਾਂ ਐੱਸ. ਟੀ. ਓ. (ਸਟੇਟ ਟੈਕਸ ਅਫ਼ਸਰ) ਦੀ ਅਗਵਾਈ ਵਿਚ ਛਾਪੇਮਾਰੀ ਕਰਨ ਪਹੁੰਚੀਆਂ। ਮਹਿਕਮੇ ਨੂੰ ਅੰਡਰ ਬਿਲਿੰਗ ਅਤੇ ਜੀ. ਐੱਸ. ਟੀ. ਦੀ ਸਲੈਬ ਵਿਚ ਹੇਰਾਫੇਰੀ ਸਬੰਧੀ ਜਾਣਕਾਰੀ ਮਿਲੀ ਸੀ, ਜਿਸ ਤਹਿਤ ਉਕਤ ਇਕਾਈਆਂ ਵਿਚ ਕਈ ਘੰਟੇ ਜਾਂਚ ਕਰਵਾਈ ਗਈ।
ਸਭ ਤੋਂ ਵੱਡੀ ਕਾਰਵਾਈ ਜਲੰਧਰ-1 ਦੇ ਅਸਿਸਟੈਂਟ ਕਮਿਸ਼ਨਰ ਅਮਨ ਗੁਪਤਾ ਦੀ ਅਗਵਾਈ ਵਿਚ ਹੋਈ, ਜਿਸ ਵਿਚ ਬੀ. ਡੀ. ਐਨਕਲੇਵ ਸਥਿਤ ਮੈਸਰਜ਼ ਜੇ. ਡੀ. ਅਲਾਇਸ ਨਾਂ ਦੀ ਇਕਾਈ ਵਿਚ ਛਾਪੇਮਾਰੀ ਕੀਤੀ ਗਈ। ਇਸ ਦੀ ਟਰਨਓਵਰ 100 ਕਰੋੜ ਤੋਂ ਉਪਰ ਦੱਸੀ ਜਾ ਰਹੀ ਹੈ। ਇਹ ਫਰਮ ਲੋਹੇ ਦੀ ਸਕ੍ਰੈਪ ਦੀ ਖਰੀਦ ਅਤੇ ਲੋਹੇ ਦੇ ਮਾਲ ਦੀ ਸੇਲ ਦਾ ਕੰਮ ਕਰਦੀ ਹੈ।

ਇਹ ਵੀ ਪੜ੍ਹੋ: ਬਲਾਚੌਰ ਵਿਖੇ ਬਿਸਤ ਦੋਆਬ ਨਹਿਰ ’ਚ ਰੁੜੀਆਂ 5 ਮਾਸੂਮ ਬੱਚੀਆਂ

PunjabKesari

ਅਧਿਕਾਰੀਆਂ ਨੇ ਕਿਹਾ ਕਿ ਉਕਤ ਇਕਾਈ ਦੀ ਟਰਨਓਵਰ ਮੁਤਾਬਕ ਟੈਕਸ ਜਮ੍ਹਾ ਨਾ ਹੋਣ ਦਾ ਖ਼ਦਸ਼ਾ ਜ਼ਾਹਿਰ ਹੋ ਰਿਹਾ ਹੈ, ਜਿਸ ਤਹਿਤ ਇਸ ਕਾਰਵਾਈ ਨੂੰ ਅੰਜਾਮ ਦਿੰਦਿਆਂ ਕੰਡੇ ’ਤੇ ਲੱਗੀ ਮਸ਼ੀਨ ਨੂੰ ਜ਼ਬਤ ਕਰ ਲਿਆ ਗਿਆ। ਇਸ ਦੇ ਨਾਲ-ਨਾਲ ਕੰਪਿਊਟਰ ਦਾ ਡਾਟਾ ਅਤੇ ਮੋਬਾਇਲ ਦਾ ਰਿਕਾਰਡ ਵੀ ਲਿਆ ਗਿਆ ਹੈ। ਇਕਾਈ ਵਿਚ ਪੜਤਾਲ ਦੌਰਾਨ ਨੋਟ ਕੀਤੇ ਗਏ ਰਿਕਾਰਡ ਦੀ ਜੀ. ਐੱਸ. ਟੀ. ਰਿਟਰਨ ਅਤੇ ਕਬਜ਼ੇ ਵਿਚ ਲਈਆਂ ਕਿਤਾਬਾਂ ਨਾਲ ਜਾਂਚ ਕੀਤੀ ਜਾਵੇਗੀ। ਛਾਪੇਮਾਰੀ ਦੌਰਾਨ ਕੱਚੀਆਂ ਪਰਚੀਆਂ ਅਤੇ ਕਈ ਅਜਿਹੇ ਕਾਗਜ਼ਾਤ ਮਿਲੇ ਹਨ, ਜਿਸ ਤੋਂ ਮਹਿਕਮੇ ਨੂੰ ਟੈਕਸ ਵਿਚ ਕਮੀਆਂ ਪਾਏ ਜਾਣ ਦਾ ਪਤਾ ਲੱਗਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਉਪਰੰਤ ਟੈਕਸ ਦੀ ਦੇਣਦਾਰੀ ਤੈਅ ਕੀਤੀ ਜਾਵੇਗੀ। ਇਸੇ ਤਰ੍ਹਾਂ ਜਲੰਧਰ-2 ਦੀ ਟੀਮ ਵੱਲੋਂ ਮਿੱਠਾਪੁਰ, ਬਸਤੀਆਂ ਰੋਡ ’ਤੇ ਸਥਿਤ ਕ੍ਰਿਸ਼ਨਾ ਨਗਰ ਏਸ਼ੀਅਨ ਇੰਡਸਟਰੀ ਨਾਂ ਦੀ ਇਕਾਈ ਵਿਚ ਦੁਪਹਿਰ 1.35 ਵਜੇ ਦੇ ਲਗਭਗ ਛਾਪੇਮਾਰੀ ਕੀਤੀ ਗਈ ਅਤੇ 4.15 ਵਜੇ ਤੱਕ ਚੱਲੀ ਇਸ ਕਾਰਵਾਈ ਦੌਰਾਨ ਕਈ ਤੱਥ ਜੁਟਾਏ ਗਏ। ਉਕਤ ਵਪਾਰਕ ਇਕਾਈ ਵੈਲਡਿੰਗ ਰਾਡ ਬਣਾਉਣ ਦਾ ਕੰਮ ਕਰਦੀ ਹੈ ਅਤੇ ਆਈ. ਪੀ. ਅਗਰਵਾਲ ਨਾਂ ਦੇ ਬ੍ਰਾਂਡ ਨਾਲ ਮਾਲ ਵੇਚਿਆ ਜਾਂਦਾ ਹੈ। ਇਥੇ ਅੰਡਰ ਬਿਲਿੰਗ ਦਾ ਖਦਸ਼ਾ ਹੈ।

PunjabKesari

ਅਧਿਕਾਰੀਆਂ ਨੇ ਕਿਹਾ ਕਿ ਇਥੇ ਤਾਰ ਅਤੇ ਕੈਮੀਕਲ ਆਦਿ ਦੀ ਵਰਤੋਂ ਕਰ ਕੇ ਸਾਮਾਨ ਤਿਆਰ ਕਰਵਾਇਆ ਜਾਂਦਾ ਹੈ ਅਤੇ ਵਧੇਰੇ ਮਾਲ ਹਿਮਾਚਲ ਨੂੰ ਸਪਲਾਈ ਹੁੰਦਾ ਹੈ। ਮਹਿਕਮੇ ਨੂੰ ਇਥੋਂ ਕਈ ਕੱਚੀਆਂ ਪਰਚੀਆਂ ਮਿਲੀਆਂ ਹਨ ਅਤੇ ਦੂਜਾ ਰਿਕਾਰਡ ਵੀ ਮਹਿਕਮੇ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਅੰਦਰ ਪਏ ਸਟਾਕ ਨੂੰ ਨੋਟ ਕੀਤਾ ਗਿਆ ਹੈ। ਅਗਲੀ ਕਾਰਵਾਈ ’ਚ ਪ੍ਰਚੇਜ਼ ਬਿੱਲ ਅਤੇ ਅੰਦਰ ਪਏ ਸਟਾਕ ਦੀ ਜਾਂਚ ਕੀਤੀ ਜਾਵੇਗੀ। ਉਥੇ ਹੀ ਫਾਈਲ ਕੀਤੀ ਜਾਣ ਵਾਲੀ ਰਿਟਰਨ ਦੇ ਨਾਲ ਜ਼ਬਤ ਕੀਤੇ ਗਏ ਕਾਗਜ਼ਾਤ ਦੇਖੇ ਜਾਣਗੇ, ਜਿਸ ਵਿਚ ਖਾਮੀਆਂ ਹੋਣ ’ਤੇ ਬਣਦੀ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ: 123 ਦਿਨ ਬਾਅਦ ਵੀ ਸਿਮਰਜੀਤ ਸਿੰਘ ਬੈਂਸ ਫਰਾਰ, ਪੁਲਸ ਦੇ ਹੱਥ ਅਜੇ ਵੀ ਖ਼ਾਲੀ

ਬਿਸਕੁਟ ਨੂੰ ਰਸ ਦੀ ਦਰ ਨਾਲ ਜੀ. ਐੱਸ. ਟੀ. ਲਾਉਣ ਦੀ ਹੋਈ ਜਾਂਚ
ਜੀ. ਐੱਸ. ਟੀ. ਦੇ ਮੁਤਾਬਕ ਬਿਸਕੁਟ ਉੱਪਰ 12 ਫ਼ੀਸਦੀ ਜੀ. ਐੱਸ. ਟੀ. ਲੱਗਦਾ ਹੈ, ਜਦਕਿ ਰਸ ’ਤੇ 5 ਫੀਸਦੀ ਟੈਕਸ ਦੀ ਸਲੈਬ ਨਿਰਧਾਰਿਤ ਹੈ। ਜਲੰਧਰ-1 ਦੀ ਟੀਮ ਨੇ ਬਿਸਕੁਟ ਨੂੰ ਰਸ ਦੀ ਸਲੈਬ ’ਤੇ ਟੈਕਸ ਲਾ ਕੇ ਘੱਟ ਜੀ. ਐੱਸ. ਟੀ. ਵਾਲਾ ਬਿੱਲ ਬਣਾਉਣ ਦੀ ਸੂਚਨਾ ਦੇ ਆਧਾਰ ’ਤੇ ਇੰਡਸਟਰੀਅਲ ਏਰੀਆ ਸਥਿਤ ਕਾਦਵਾਨੀ ਬਿਸਕੁਟ ਫੈਕਟਰੀ ਵਿਚ ਛਾਪੇਮਾਰੀ ਕੀਤੀ। ਇਸ ਦੌਰਾਨ ਮਹਿਕਮੇ  ਨੇ ਫੈਕਟਰੀ ਅੰਦਰ ਪਏ ਬਿਸਕੁਟਾਂ ਦਾ ਰਿਕਾਰਡ ਨੋਟ ਕੀਤਾ। ਫੈਕਟਰੀ ਵਿਚੋਂ ਮਿਲੀ ਕੱਚੀ ਡਾਇਰੀ ਅਤੇ ਮੋਬਾਇਲ ਫੋਨ ਦੇ ਰਿਕਾਰਡ ਨੂੰ ਜ਼ਬਤ ਕੀਤਾ ਗਿਆ ਹੈ। ਵਿਭਾਗ ਵੱਲੋਂ ਇਸ ਦੀ ਜਾਂਚ ਕਰਵਾਈ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਬਿਸਕੁਟ ਨੂੰ ਰਸ ਦਾ ਟੈਕਸ ਲਾ ਕੇ ਬਿੱਲ ਬਣਾਉਣ ਨਾਲ ਵਿਭਾਗ ਦਾ ਟੈਕਸ ਚੋਰੀ ਹੋਣ ਦੇ ਖਦਸ਼ੇ ਦੇ ਆਧਾਰ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪਰਮਜੀਤ ਸਿੰਘ, ਜਸਵਿੰਦਰਪਾਲ, ਅਰਸ਼ਦੀਪ ਸਿੰਘ, ਯਸ਼ਪਾਲ, ਓਂਕਾਰ ਨਾਥ ਸਮੇਤ ਜੀ. ਐੱਸ. ਟੀ. ਮਹਿਕਮੇ ਦੀ ਟੀਮ ਦੇ ਅਧਿਕਾਰੀ ਸ਼ਾਮਲ ਸਨ।

ਇਹ ਵੀ ਪੜ੍ਹੋ: ਰਿਸ਼ਤੇ ਸ਼ਰਮਸਾਰ: ਫਗਵਾੜਾ 'ਚ 14 ਸਾਲਾ ਧੀ ਨਾਲ ਪਿਓ ਨੇ ਕਈ ਵਾਰ ਕੀਤਾ ਜਬਰ-ਜ਼ਿਨਾਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News