ਬਾਠ ਕੈਸਲ ’ਤੇ ਡਾਇਰੈਕਟਰ ਇਨਵੈਸਟੀਗੇਸ਼ਨ ਦੀ ਅਗਵਾਈ ’ਚ GST ਮੋਬਾਇਲ ਵਿੰਗ ਪੰਜਾਬ ਦੀ ਛਾਪੇਮਾਰੀ

Wednesday, Jan 18, 2023 - 12:03 PM (IST)

ਬਾਠ ਕੈਸਲ ’ਤੇ ਡਾਇਰੈਕਟਰ ਇਨਵੈਸਟੀਗੇਸ਼ਨ ਦੀ ਅਗਵਾਈ ’ਚ GST ਮੋਬਾਇਲ ਵਿੰਗ ਪੰਜਾਬ ਦੀ ਛਾਪੇਮਾਰੀ

ਜਲੰਧਰ (ਪੁਨੀਤ)–ਸਟੇਟ ਜੀ. ਐੱਸ. ਟੀ. ਵਿਭਾਗ ਦੇ ਮੋਬਾਇਲ ਵਿੰਗ ਪੰਜਾਬ ਵੱਲੋਂ ਡਾਇਰੈਕਟਰ ਇਨਵੈਸਟੀਗੇਸ਼ਨ ਦੀ ਅਗਵਾਈ ਵਿਚ ਬਾਠ ਕੈਸਲ ’ਤੇ ਛਾਪੇਮਾਰੀ ਕਰਦੇ ਹੋਏ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਲਗਭਗ 8 ਘੰਟੇ ਚੱਲੀ ਇਸ ਸਰਚ ਦੌਰਾਨ ਵਪਾਰ ਵਿਚ ਵਰਤੇ ਜਾਣ ਵਾਲੇ ਕਈ ਮੋਬਾਇਲ ਫੋਨ, ਲੈਪਟਾਪ, ਬੁਕਿੰਗ ਰਜਿਸਟਰ, ਫਾਈਲਾਂ, ਲੂਜ਼ ਪੇਪਰ ਸਮੇਤ ਅਹਿਮ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਡਾਇਰੈਕਟਰ ਇਨਵੈਸਟੀਗੇਸ਼ਨ ਪੰਜਾਬ ਐੱਚ. ਪੀ. ਐੱਸ. ਗੋਤਰਾ ਨੇ ਇਸ ਕਾਰਵਾਈ ਵਿਚ ਆਪਣੇ ਰੁਝੇਵੇਂ ਵਾਲੇ ਸ਼ਡਿਊਲ ਦੇ 13-14 ਘੰਟਿਆਂ ਦਾ ਸਮਾਂ ਦਿੱਤਾ, ਜਿਸ ਕਰਕੇ ਇਸ ਕਾਰਵਾਈ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।

ਸਟੇਟ ਜੀ. ਐੱਸ. ਟੀ. ਵਿਭਾਗ ਮੋਬਾਇਲ ਵਿੰਗ ਨੂੰ ਬਾਠ ਕੈਸਲ ਬਾਰੇ ਟੈਕਸ ਵਿਚ ਗੜਬੜੀ ਨੂੰ ਲੈ ਕੇ ਅਹਿਮ ਸੂਚਨਾਵਾਂ ਲਗਾਤਾਰ ਪ੍ਰਾਪਤ ਹੋ ਰਹੀਆਂ ਸਨ, ਜਿਸ ਦੇ ਮੱਦੇਨਜ਼ਰ ਇਸ ਸੂਬਾ ਪੱਧਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਐਡੀਸ਼ਨਲ ਕਮਿਸ਼ਨਰ ਅਤੇ ਡਾਇਰੈਕਟਰ ਇਨਵੈਸਟੀਗੇਸ਼ਨ ਪੰਜਾਬ ਐੱਚ. ਪੀ. ਐੱਸ. ਗੋਤਰਾ ਦੀ ਅਗਵਾਈ ਵਿਚ ਜੁਆਇੰਟ ਡਾਇਰੈਕਟਰ ਮੋਬਾਇਲ ਵਿੰਗ ਅਤੇ ਡੀ. ਸੀ. ਐੱਸ. ਟੀ. (ਡਿਪਟੀ ਕਮਿਸ਼ਨਰ ਆਫ ਸਟੇਟ ਟੈਕਸ) ਅਜੇ ਕੁਮਾਰ, ਡਿਪਟੀ ਡਾਇਰੈਕਟਰ ਕਮਲਪ੍ਰੀਤ ਸਿੰਘ ਸਮੇਤ ਕਈ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਇਹ ਰੇਡ ਕੀਤੀ ਗਈ।
ਟੈਕਸ ਸਲੈਬ ਦੇ ਮੁਤਾਬਕ ਇਹ ਵਪਾਰ 18 ਫ਼ੀਸਦੀ ਦੀ ਸਲੈਬ ਵਿਚ ਆਉਂਦਾ ਹੈ। ਵਿਭਾਗ ਨੂੰ ਇਹ ਤੱਥ ਪਤਾ ਲੱਗੇ ਹਨ ਕਿ ਬਾਠ ਕੈਸਲ ਵੱਲੋਂ ਬੁਕਿੰਗ ਜ਼ਿਆਦਾ ਕੀਮਤ ’ਤੇ ਕਰ ਕੇ ਕਾਗਜ਼ਾਤ ਵਿਚ ਘੱਟ ਰਾਸ਼ੀ ਵਿਖਾਈ ਜਾ ਰਹੀ ਹੈ, ਜਿਸ ਕਾਰਨ ਵਿਭਾਗ ਨੂੰ ਵੱਡੇ ਪੱਧਰ ’ਤੇ ਟੈਕਸ ਦਾ ਚੂਨਾ ਲੱਗ ਰਿਹਾ ਹੈ। ਲੱਖਾਂ ਰੁਪਏ ਵਿਚ ਬੁਕਿੰਗ ਹੋਣ ਦੇ ਬਾਰੇ ਿਵਭਾਗ ਕੋਲ ਲਿਖਤੀ ਿਵਚ ਕੋਈ ਸਬੂਤ ਨਹੀਂ ਸੀ। ਇਸ ਦੇ ਮੱਦੇਨਜ਼ਰ ਜਾਣਕਾਰੀ ਨੂੰ ਪੁਖਤਾ ਕਰਨ ਲਈ ਵਿਭਾਗ ਵੱਲੋਂ ਮੋਬਾਇਲ ਵਿੰਗ ਦੇ ਡਿਪਟੀ ਡਾਇਰੈਕਟਰ ਕਮਲਪ੍ਰੀਤ ਿਸੰਘ ਅਤੇ ਐੱਸ. ਟੀ. ਓ. (ਸਟੇਟ ਟੈਕਸ ਆਫਿਸਰ) ਮ੍ਰਿਣਾਲ ਸ਼ਰਮਾ ਨੂੰ ਗਾਹਕ ਬਣਾ ਕੇ ਬਾਠ ਕੈਸਲ ਭੇਜਿਆ ਗਿਆ। ਇਸ ਕਾਰਵਾਈ ਲਈ ਿਵਭਾਗ ਵੱਲੋਂ ਸਰਕਾਰੀ ਖਜ਼ਾਨੇ ਵਿਚੋਂ 50 ਹਜ਼ਾਰ ਰੁਪਏ ਕਢਵਾਏ ਗਏ ਅਤੇ ਨੋਟਾਂ ਦੇ ਨੰਬਰ ਨੋਟ ਕਰ ਲਏ ਗਏ। ਸਬੂਤ ਦੇ ਆਧਾਰ ’ਤੇ ਇਲਾਕੇ ਦੇ 2 ਪੰਚਾਂ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ।

ਇਹ ਵੀ ਪੜ੍ਹੋ : ਜਲੰਧਰ: ASI ਦੀ ਬਹਾਦਰੀ ਨੂੰ ਸਲਾਮ, ਜਾਨ 'ਤੇ ਖੇਡ ਕੇ ਅੱਗ ਲੱਗੀ ਕਾਰ 'ਚੋਂ ਇੰਝ ਬਾਹਰ ਕੱਢਿਆ ਪਰਿਵਾਰ

ਬਾਠ ਕੈਸਲ ਵਿਚ ਪ੍ਰੋਗਰਾਮ ਬੁੱਕ ਕਰਵਾਉਣ ਦਾ 2 ਲੱਖ ਰੁਪਏ ਨਿਰਧਾਰਿਤ ਹੋਇਆ, ਜਿਸ ਦੇ ਲਈ ਵਿਭਾਗ ਵੱਲੋਂ ਐਡਵਾਂਸ ਵਜੋਂ 50 ਹਜ਼ਾਰ ਰੁਪਏ ਜਮ੍ਹਾ ਕਰਵਾਏ ਗਏ ਅਤੇ ਰਸੀਦ ਆਦਿ ਪ੍ਰਾਪਤ ਕੀਤੀ ਗਈ। ਬੁਕਿੰਗ ਕਰਵਾਉਣ ਗਏ ਅਧਿਕਾਰੀਆਂ ਨੇ ਬਾਹਰ ਆਉਂਦੇ ਹੀ ਮੋਬਾਇਲ ਵਿੰਗ ਦੇ ਡਾਇਰੈਕਟਰ ਐੱਚ. ਪੀ. ਐੱਸ. ਗੋਤਰਾ ਨੂੰ ਸੂਚਨਾ ਦਿੱਤੀ ਤੇ ਟੀਮ ਨੇ ਉਸ ਤੋਂ ਤੁਰੰਤ ਬਾਅਦ ਦੁਪਹਿਰ 12 ਵਜੇ ਦੇ ਲਗਭਗ ਛਾਪੇਮਾਰੀ ਨੂੰ ਅੰਜਾਮ ਦਿੱਤਾ। ਵੱਡੀ ਗਿਣਤੀ ਵਿਚ ਪਹੁੰਚੇ ਅਧਿਕਾਰੀਆਂ ਦੀ ਟੀਮ ਨੇ ਦਸਤਕ ਦਿੰਦੇ ਹੀ ਰਿਕਾਰਡ ਨੂੰ ਜ਼ਬਤ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਬਾਠ ਕੈਸਲ ਅੰਦਰੋਂ ਬੁਕਿੰਗ ਲਈ ਦਿੱਤੇ ਗਏ ਨੋਟ ਬਰਾਮਦ ਕਰ ਲਏ ਗਏ। ਇਨ੍ਹਾਂ ਨੋਟਾਂ ਦੇ ਨੰਬਰ ਪਹਿਲਾਂ ਤੋਂ ਨੋਟ ਕੀਤੇ ਗਏ ਸਨ, ਜਿਸ ਕਾਰਨ ਵਿਭਾਗ ਨੇ ਨੋਟਾਂ ਦੇ ਨੰਬਰ ਮਿਲਾਏ। ਇਸ ਪ੍ਰਕਿਰਿਆ ਨਾਲ ਵਿਭਾਗ ਨੇ ਵੱਡਾ ਸਬੂਤ ਜੁਟਾਉਣ ਵਿਚ ਸਫ਼ਲਤਾ ਹਾਸਲ ਕੀਤੀ। ਦੱਸਿਆ ਗਿਆ ਹੈ ਕਿ ਬਾਠ ਕੈਸਲ ਦੀ ਮੈਨੇਜਮੈਂਟ ਨੂੰ ਜਿਉਂ ਹੀ ਇਹ ਜਾਣਕਾਰੀ ਮਿਲੀ ਤਾਂ ਉਨ੍ਹਾਂ ਆਪਣੇ ਸੀ. ਏ. (ਚਾਰਟਰਡ ਅਕਾਊਂਟ) ਸਮੇਤ ਅਹਿਮ ਅਹੁਦਿਆਂ ’ਤੇ ਤਾਇਨਾਤ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾਇਆ। ਅਧਿਕਾਰੀਆਂ ਨੇ ਇਸ ਦੌਰਾਨ ਵੀ ਕਾਰਵਾਈ ਨੂੰ ਜਾਰੀ ਰੱਖਦਿਆਂ ਬਾਠ ਕੈਸਲ ਦੀ ਟੀਮ ਅੱਗੇ ਕਈ ਅਹਿਮ ਦਸਤਾਵੇਜ਼ਾਂ ਦੀ ਮੰਗ ਰੱਖੀ। ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਮੰਗੇ ਗਏ ਸਾਰੇ ਦਸਤਾਵੇਜ਼ ਮੌਕੇ ’ਤੇ ਨਹੀਂ ਮਿਲੇ। ਵਿਭਾਗ ਨੇ ਤੁਰੰਤ ਪ੍ਰਭਾਵ ਨਾਲ ਐਕਸ਼ਨ ਲੈਂਦਿਆਂ ਬਾਠ ਕੈਸਲ ਵਿਚ ਉੱਚ ਅਹੁਦਿਆਂ ’ਤੇ ਕੰਮ ਕਰਨ ਵਾਲੇ ਕਈ ਵਿਅਕਤੀਆਂ ਦੇ ਮੋਬਾਇਲ ਫੋਨ ਆਪਣੇ ਕਬਜ਼ੇ ਵਿਚ ਲੈ ਲਏ। ਉਥੇ ਹੀ, ਲੈਪਟਾਪ ਵਿਚੋਂ ਹੀ ਜਾਣਕਾਰੀ ਜੁਟਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅਗਲੀ ਕਾਰਵਾਈ ਅਤੇ ਫਾਈਲਾਂ ਦੀ ਜਾਂਚ ਲਈ ਵਿਭਾਗ ਨੇ ਲੈਪਟਾਪ ਵੀ ਜ਼ਬਤ ਕਰ ਲਿਆ। ਇਸ ਦੌਰਾਨ ਅਧਿਕਾਰੀਆਂ ਦੀ ਟੀਮ ਵਿਚ ਐੱਸ. ਟੀ. ਓ. ਮ੍ਰਿਣਾਲ ਸ਼ਰਮਾ, ਡੀ. ਐੱਸ. ਚੀਮਾ, ਇੰਸ. ਰਾਜੇਸ਼ ਕੁਮਾਰ, ਰਾਜ ਕੁਮਾਰ, ਸਾਹਿਲ ਖੋਸਲਾ ਅਤੇ ਪੁਲਸ ਪਾਰਟੀ ਸ਼ਾਮਲ ਹੋਈ।

PunjabKesari

ਵੱਡਾ ਸਵਾਲ : ਆਖਿਰ ਡਾਇਰੈਕਟਰ ਇਨਵੈਸਟੀਗੇਸ਼ਨ ਨੂੰ ਕਿਉਂ ਆਉਣਾ ਪਿਆ?
ਡਾਇਰੈਕਟਰ ਇਨਵੈਸਟੀਗੇਸ਼ਨ ਐੱਚ. ਪੀ. ਐੱਸ. ਗੋਤਰਾ ਮੋਹਾਲੀ ਦੇ ਸੈਕਟਰ 69 ਵਾਲੇ ਦਫ਼ਤਰ ਵਿਚ ਬੈਠਦੇ ਹੀ ਪੂਰੇ ਪੰਜਾਬ ਵਿਚ ਚੱਲ ਰਹੀ ਮੋਬਾਇਲ ਵਿੰਗ ਦੀ ਕਾਰਜਪ੍ਰਣਾਲੀ ’ਤੇ ਨਜ਼ਰ ਰੱਖਦੇ ਹਨ, ਜਿਸ ਕਾਰਨ ਉਨ੍ਹਾਂ ਦੇ ਕੰਮਕਾਜ ਦਾ ਸ਼ਡਿਊਲ ਰੁਝੇਵਿਆਂ ਭਰਿਆ ਰਹਿੰਦਾ ਹੈ। ਅਜਿਹੇ ਹਾਲਾਤ ਵਿਚ ਵੱਡਾ ਸਵਾਲ ਇਹ ਹੈ ਕਿ ਡਾਇਰੈਕਟਰ ਇਨਵੈਸਟੀਗੇਸ਼ਨ ਨੂੰ ਕਿਉਂ ਆਉਣਾ ਪਿਆ। ਲਗਭਗ 4 ਘੰਟੇ ਦਾ ਸਫਰ ਤਹਿ ਕਰ ਕੇ ਪਹੁੰਚੇ ਐੱਚ. ਪੀ. ਐੱਸ. ਗੋਤਰਾ ਨੇ ਇਸ ਕਾਰਵਾਈ ਵਿਚ 13-14 ਘੰਟੇ ਦਾ ਸਮਾਂ ਦਿੱਤਾ। ਆਪਣੇ ਸਾਹਮਣੇ ਉਨ੍ਹਾਂ ਹਰੇਕ ਕਾਰਵਾਈ ਕਰਵਾਈ।

ਰੇਡ ਬਾਰੇ ਸਥਾਨਕ ਅਧਿਕਾਰੀਆਂ ਨੂੰ ਨਹੀਂ ਸੀ ਸੂਚਨਾ
ਦੱਸਿਆ ਜਾਂਦਾ ਹੈ ਕਿ ਬਾਠ ਕੈਸਲ ’ਤੇ ਹੋਣ ਵਾਲੀ ਇਸ ਵੱਡੀ ਕਾਰਵਾਈ ਬਾਰੇ ਸਥਾਨਕ ਅਧਿਕਾਰੀਆਂ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ। ਇਸ ਵਿਚ ਜ਼ਿਲਾ ਟੀਮ ਨੂੰ ਵੀ ਸ਼ਾਮਲ ਨਹੀਂ ਕੀਤਾ ਗਿਆ। ਐੱਚ. ਪੀ. ਐੱਸ. ਗੋਤਰਾ ਦੇ ਆਉਣ ਤੋਂ ਬਾਅਦ ਛਾਪੇਮਾਰੀ ਵਾਲੇ ਕਾਗਜ਼ਾਤ ਤਿਆਰ ਹੋਏ ਅਤੇ ਇਸ ਤੋਂ ਬਾਅਦ ਟੀਮਾਂ ਨੇ ਬਾਠ ਕੈਸਲ ਵਿਚ ਦਸਤਕ ਦਿੱਤੀ। ਇਹ ਗੱਲ ਵੀ ਸੁਣਨ ਨੂੰ ਮਿਲੀ ਹੈ ਕਿ ਬੁਕਿੰਗ ਲਈ ਜਿਹੜੇ ਨੋਟ ਵਰਤੇ ਗਏ, ਉਹ ਵੀ ਮੋਹਾਲੀ ਸਥਿਤ ਐਕਸਟਰਾ ਫੰਡ ਵਾਲੇ ਅਕਾਊਂਟ ਵਿਚੋਂ ਆਏ ਹਨ।

ਇਹ ਵੀ ਪੜ੍ਹੋ : 'ਹਵੇਲੀ' 'ਤੇ ਚਲਿਆ ਜਲੰਧਰ ਨਗਰ ਨਿਗਮ ਦਾ ਬੁਲਡੋਜ਼ਰ, ਟੀਮ ਨਾਲ ਹੋਈ ਤਕਰਾਰ

ਪਿਛਲੇ ਫੰਕਸ਼ਨਾਂ ਦੇ ਆਧਾਰ ’ਤੇ ਹੋਵੇਗੀ ਕਾਰਵਾਈ
ਵਿਭਾਗ ਦੀ ਇਸ ਕਾਰਵਾਈ ਵਿਚ ਸੀ. ਸੀ. ਟੀ. ਵੀ. ਫੁਟੇਜ ਸਭ ਤੋਂ ਮਦਦਗਾਰ ਸਾਬਿਤ ਹੋਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਗਾਹਕ ਬਣ ਕੇ ਗਏ ਅਧਿਕਾਰੀਆਂ ਵੱਲੋਂ 2 ਲੱਖ ਵਿਚ ਫੰਕਸ਼ਨ ਬੁੱਕ ਕਰਵਾਇਆ ਿਗਆ, ਜਦੋਂ ਕਿ ਇਥੇ ਸਭ ਤੋਂ ਮਹਿੰਗੇ ਫੰਕਸ਼ਨ ਹੋਣਾ ਆਮ ਗੱਲ ਹੈ। ਇਸ ਕਾਰਨ ਵਿਭਾਗ ਹੁਣ ਪਿਛਲੇ ਸਮੇਂ ਦੌਰਾਨ ਹੋਏ ਫੰਕਸ਼ਨਾਂ ਦਾ ਰਿਕਾਰਡ ਘੋਖੇਗਾ ਅਤੇ ਉਸਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।

ਲੰਮੀ ਸਰਚ ਵਿਚ ਕਈ ਅਹਿਮ ਦਸਤਾਵੇਜ਼ ਲੱਗੇ ਹੱਥ
ਵਿਭਾਗ ਦੀ ਇਸ ਕਾਰਵਾਈ ਦੌਰਾਨ ਕਈ ਅਹਿਮ ਦਸਤਾਵੇਜ਼ ਹੱਥ ਲੱਗੇ ਹਨ। ਬੁਕਿੰਗ ਦੀ ਰਸੀਦ ਸਭ ਤੋਂ ਅਹਿਮ ਦਸਤਾਵੇਜ਼ ਮੰਨੀ ਜਾ ਰਹੀ ਹੈ। ਇਸ ਤੋਂ ਇਲਾਵਾ ਜ਼ਬਤ ਕੀਤੇ ਗਏ ਮੋਬਾਇਲ ਫੋਨ ਦੇ ਵ੍ਹਟਸਐਪ ਰਿਕਾਰਡ ਤੋਂ ਵਿਭਾਗ ਨੂੰ ਅਹਿਮ ਜਾਣਕਾਰੀ ਮਿਲ ਸਕਦੀ ਹੈ। ਵਿਭਾਗ ਦੀਆਂ ਆਈ. ਟੀ. ਟੀਮਾਂ ਹੁਣ ਇਸ ’ਤੇ ਕੰਮ ਕਰ ਕੇ ਰਿਕਾਰਡ ਘੋਖਣਗੀਆਂ। ਜਿਹੜਾ ਹੋਰ ਰਿਕਾਰਡ ਜ਼ਬਤ ਕੀਤਾ ਗਿਆ ਹੈ, ਉਸ ਵਿਚੋਂ ਵੀ ਕਈ ਅਹਿਮ ਜਾਣਕਾਰੀਆਂ ਮਿਲ ਸਕਦੀਆਂ ਹਨ, ਇਸ ਦਾ ਖੁਲਾਸਾ ਅਗਲੀ ਤਫਤੀਸ਼ ਵਿਚ ਹੋਵੇਗਾ। ਉਥੇ ਹੀ, ਇਸ ਬਾਰੇ ਬਾਠ ਕੈਸਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ : ਠੱਗੀ ਦਾ ਅਜੀਬ ਤਰੀਕਾ, ਕ੍ਰੈਡਿਟ ਕਾਰਡ ਅਪਲਾਈ ਵੀ ਹੋਇਆ, ਮੈਸੇਜ ਵੀ ਆਇਆ ਪਰ ਜਦੋਂ ਬਿੱਲ ਆਇਆ ਤਾਂ ਉੱਡੇ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News