ਟੈਕਸ ਵਾਧੇ ’ਤੇ ਫੋਕਸ : ਸਟੇਟ GST ਵਿਭਾਗ ਨੇ ਕੀਤਾ 140 ਵਪਾਰਕ ਕੰਪਲੈਕਸਾਂ ਦਾ ਸਰਵੇਖਣ

Monday, Jan 20, 2025 - 02:54 PM (IST)

ਟੈਕਸ ਵਾਧੇ ’ਤੇ ਫੋਕਸ : ਸਟੇਟ GST ਵਿਭਾਗ ਨੇ ਕੀਤਾ 140 ਵਪਾਰਕ ਕੰਪਲੈਕਸਾਂ ਦਾ ਸਰਵੇਖਣ

ਜਲੰਧਰ (ਪੁਨੀਤ)–ਸਟੇਟ ਜੀ. ਐੱਸ. ਟੀ. ਵਿਭਾਗ ਨੇ ਟੈਕਸ ਵਾਧੇ ਦੇ ਉਦੇਸ਼ ਨਾਲ ਜਲੰਧਰ ਵਿਚ 140 ਵਪਾਰਕ ਕੰਪਲੈਕਸਾਂ ਦਾ ਸਰਵੇਖਣ ਕੀਤਾ। ਇਸ ਕਾਰਵਾਈ ਤਹਿਤ ਜਲੰਧਰ 1-2-3 ਅਧੀਨ ਬਣਾਈਆਂ ਗਈਆਂ 10 ਟੀਮਾਂ ਨੇ ਵੱਖ-ਵੱਖ ਬਾਜ਼ਾਰਾਂ ਅਤੇ ਵਪਾਰਕ ਥਾਵਾਂ ’ਤੇ ਜਾ ਕੇ ਜੀ. ਐੱਸ. ਟੀ. ਰਜਿਸਟ੍ਰੇਸ਼ਨ ਅਤੇ ਪਾਲਣਾ ਸਥਿਤੀ ਦੀ ਜਾਂਚ ਕੀਤੀ। ਜੀ. ਐੱਸ. ਟੀ. ਵਿਭਾਗ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਵਪਾਰਕ ਇਕਾਈਆਂ ਨੂੰ ਜੀ. ਐੱਸ. ਟੀ. ਤਹਿਤ ਲਿਆਉਣਾ ਹੈ ਤਾਂ ਕਿ ਵਿਭਾਗ ਦਾ ਮਾਲੀਆ ਵਧਾਇਆ ਜਾ ਸਕੇ ਅਤੇ ਟੈਕਸ ਚੋਰੀ ’ਤੇ ਲਗਾਮ ਲਾਈ ਜਾ ਸਕੇ। ਵਿਭਾਗ ਦੇ ਸੀਨੀਅਰ ਅਧਿਕਾਰਿਆਂ ਦਾ ਕਹਿਣਾ ਹੈ ਕਿ ਇਹ ਵਪਾਰੀਆਂ ਨੂੰ ਜਾਗਰੂਕ ਕਰਨ ਅਤੇ ਜੀ. ਐੱਸ. ਟੀ. ਪ੍ਰਣਾਲੀ ਤਹਿਤ ਲਿਆਉਣ ਦੀ ਇਕ ਕੋਸ਼ਿਸ਼ ਹੈ।

ਅੱਜ ਜਲੰਧਰ ਦੇ ਤਿੰਨਾਂ ਜ਼ਿਲ੍ਹਿਆਂ ਦੇ ਅਸਿਸਟੈਂਟ ਕਮਿਸ਼ਨਰਾਂ ਦੀ ਨਿਗਰਾਨੀ ’ਚ 10 ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਇਨ੍ਹਾਂ ਟੀਮਾਂ ਨੇ ਮਾਈ ਹੀਰਾਂ ਗੇਟ, ਸ਼ੇਖਾਂ ਬਾਜ਼ਾਰ, ਫੋਕਲ ਪੁਆਇੰਟ, ਆਦਰਸ਼ ਨਗਰ, ਸੋਢਲ ਨਗਰ, ਗ੍ਰੀਨ ਮਾਰਕੀਟ ਸਣੇ ਵੱਖ-ਵੱਖ ਬਾਜ਼ਾਰਾਂ ਦਾ ਦੌਰਾ ਕੀਤਾ ਅਤੇ ਵਪਾਰੀਆਂ ਦੇ ਰਿਕਾਰਡ ਦੀ ਜਾਂਚ ਕੀਤੀ। ਐੱਸ. ਟੀ. ਓ, ਇੰਸਪੈਕਟਰਾਂ ਅਤੇ ਸਹਾਇਕਾਂ ਨਾਲ ਸਰਵੇ ਕਰ ਰਹੀ ਟੀਮਾਂ ਦੇ ਬੁਲਾਰਿਆਂ ਨੇ ਵਪਾਰੀਆਂ ਨੂੰ ਰਜਿਸਟ੍ਰੇਸ਼ਨ ਅਤੇ ਜੀ. ਐੱਸ. ਟੀ. ਫਾਈਲਿੰਗ ਨਾਲ ਸਬੰਧਤ ਜਾਣਕਾਰੀ ਵੀ ਦਿੱਤੀ।

ਇਹ ਵੀ ਪੜ੍ਹੋ : ਸ਼ਰਮਸਾਰ ਹੋਇਆ ਪੰਜਾਬ, ਇਨ੍ਹਾਂ ਪਾਪੀਆਂ ਨੇ ਰੋਲੀ ਕੁੜੀਆਂ ਦੀ ਪੱਤ, ਖੁੱਲ੍ਹੇ ਰਾਜ਼ ਨੇ ਉਡਾ 'ਤੇ ਸਭ ਦੇ ਹੋਸ਼

ਇਸ ਮੁਹਿੰਮ ਨੂੰ ਪ੍ਰਭਾਵੀ ਬਣਾਉਣ ਲਈ ਅਧਿਕਾਰੀ ਵੀ ਬਾਜ਼ਾਰਾਂ ਦਾ ਦੌਰਾ ਕਰ ਰਹੇ ਹਨ। ਅਸਿਸਟੈਂਟ ਕਮਿਸ਼ਨਰ ਆਪਣੇ ਸਟਾਫ਼ ਦੇ ਨਾਲ ਵੱਖ-ਵੱਖ ਬਾਜ਼ਾਰਾਂ ’ਚ ਘੁੰਮਦੇ ਹੋਏ ਵਪਾਰਕ ਸੰਗਠਨਾਂ ਨਾਲ ਗੱਲਬਾਤ ਕਰ ਰਹੇ ਹਨ। ਵਪਾਰੀਆਂ ਨਾਲ ਕੀਤੀਆਂ ਗਈਆਂ ਮੀਟਿੰਗਾਂ ’ਚ ਜੀ. ਐੱਸ. ਟੀ. ਨਾਲ ਸੰਬੰਧਤ ਸਮੱਸਿਆਵਾਂ ਨੂੰ ਸੁਣਿਆ ਗਿਆ ਅਤੇ ਉਨ੍ਹਾਂ ਨੂੰ ਹੱਲ ਕਰਨ ਦੇ ਉਪਾਅ ਸੁਝਾਏ ਗਏ। ਅਧਿਕਾਰੀਆਂ ਨੇ ਕਿਹਾ ਕਿ ਅਸੀਂ ਵਪਾਰੀਆਂ ਨੂੰ ਇਸ ਪ੍ਰਣਾਲੀ ਦੇ ਲਾਭ ਸਮਝਾਉਣ ਅਤੇ ਉਨ੍ਹਾਂ ਨੂੰ ਜੀ. ਐੱਸ. ਟੀ. ਪ੍ਰਣਾਲੀ ’ਚ ਸਹਿਜਤਾ ਨਾਲ ਸ਼ਾਮਲ ਕਰਨ ਲਈ ਯਤਨਸ਼ੀਲ ਹਾਂ। ਸਾਡਾ ਉਦੇਸ਼ ਮਾਲੀਏ ’ਚ ਵਾਧਾ ਕਰਨਾ ਹੈ, ਨਾ ਕਿ ਵਪਾਰੀਆਂ ’ਤੇ ਦਬਾਅ ਬਣਾਉਣਾ। ਵਿਭਾਗ ਨੇ ਸਪੱਸ਼ਟ ਕੀਤਾ ਕਿ ਇਹ ਮੁਹਿੰਮ ਵਪਾਰੀਆਂ ਦੇ ਸਹਿਯੋਗ ਨਾਲ ਹੀ ਚਲਾਈ ਜਾ ਰਹੀ ਹੈ। ਵਿਭਾਗ ਦਾ ਮੰਨਣਾ ਹੈ ਕਿ ਵਪਾਰੀਆਂ ਨੂੰ ਟੈਕਸ ਪ੍ਰਣਾਲੀ ਦਾ ਹਿੱਸਾ ਬਣਾ ਕੇ ਨਾ ਸਿਰਫ ਮਾਲੀਏ ’ਚ ਵਾਧਾ ਕੀਤਾ ਜਾ ਸਕਦਾ ਹੈ, ਸਗੋਂ ਆਰਥਿਕ ਪਾਰਦਰਸ਼ਿਤਾ ਵੀ ਯਕੀਨੀ ਬਣਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ : ਦੇਸ਼ ਛੱਡ ਗਿਆ ਕੁੱਲ੍ਹੜ ਪਿੱਜ਼ਾ ਕੱਪਲ, ਜਾਣੋ ਕੀ ਹੈ ਨਵਾਂ ਟਿਕਾਣਾ

ਵਪਾਰੀਆਂ ਨੇ ਦੱਸਿਆ ਬੇਲੋੜਾ ਦਖ਼ਲ
ਵਪਾਰੀਆਂ ਨੇ ਇਸ ਮੁਹਿੰਮ ’ਤੇ ਰਲੀ-ਮਿਲੀ ਪ੍ਰਤੀਕਿਰਿਆ ਦਿੱਤੀ ਹੈ। ਕੁਝ ਵਪਾਰੀਆਂ ਨੇ ਇਸ ਨੂੰ ਸਾਕਾਰਾਤਮਕ ਕਦਮ ਦੱਸਿਆ ਅਤੇ ਕਿਹਾ ਕਿ ਜੀ. ਐੱਸ. ਟੀ. ਪ੍ਰਣਾਲੀ ’ਚ ਪਾਰਦਰਸ਼ਿਤਾ ਲਿਆਉਣ ਲਈ ਅਜਿਹੀਆਂ ਕੋਸ਼ਿਸ਼ਾਂ ਜ਼ਰੂਰੀ ਹਨ। ਉਥੇ ਹੀ, ਕੁਝ ਵਪਾਰੀਆਂ ਨੇ ਇਸ ਨੂੰ ਬੇਲੋੜਾ ਦਖਲ ਦੱਸਿਆ ਅਤੇ ਕਿਹਾ ਕਿ ਇਸ ਨਾਲ ਵਪਾਰਕ ਸਰਗਰਮੀਆਂ ’ਤੇ ਨਾਂਹਪੱਖੀ ਪ੍ਰਭਾਵ ਪਵੇਗਾ। ਵਪਾਰੀਆਂ ਦਾ ਕਹਿਣਾ ਹੈ ਕਿ ਜੀ. ਐੱਸ. ਟੀ. ਦੀ ਛਾਪੇਮਾਰੀ ਪ੍ਰੇਸ਼ਾਨੀ ਦਾ ਸਬੱਬ ਬਣਦੀ ਹੈ। ਇਕ ਵਪਾਰੀ ਨੇ ਕਿਹਾ ਕਿ ਸਾਨੂੰ ਜੀ. ਐੱਸ. ਟੀ. ਦਾ ਪਾਲਣ ਕਰਨ ’ਚ ਕੋਈ ਇਤਰਾਜ਼ ਨਹੀਂ ਹੈ, ਪਰ ਅਚਾਨਕ ਜਾਂਚ ਸਾਡੇ ਵਪਾਰ ਨੂੰ ਪ੍ਰਭਾਵਿਤ ਕਰਦੀ ਹੈ।

ਇਹ ਵੀ ਪੜ੍ਹੋ : ਜਲੰਧਰ 'ਚ ਚੱਲੀਆਂ ਤਾੜ-ਤਾੜ ਗੋਲ਼ੀਆਂ, ਗੈਂਗਸਟਰ ਦਾ ਹੋਇਆ ਐਨਕਾਊਂਟਰ

ਟੈਕਸ ਚੋਰੀ ’ਚ ਆਵੇਗੀ ਕਮੀ : ਅਧਿਕਾਰੀ
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਰਵੇਖਣ ਅਤੇ ਜਾਗਰੂਕਤਾ ਮੁਹਿੰਮ ਰਾਹੀਂ ਵਿਭਾਗ ਨੂੰ ਉਮੀਦ ਹੈ ਕਿ ਉਹ ਵੱਧ ਤੋਂ ਵੱਧ ਵਪਾਰਕ ਇਕਾਈਆਂ ਨੂੰ ਜੀ. ਐੱਸ. ਟੀ. ਪ੍ਰਣਾਲੀ ’ਚ ਸ਼ਾਮਲ ਕਰ ਪਾਉਣਗੇ। ਇਸ ਨਾਲ ਟੈਕਸ ਚੋਰੀ ਘੱਟ ਹੋਵੇਗੀ ਅਤੇ ਸਰਕਾਰ ਦੇ ਮਾਲੀਏ ’ਚ ਸੁਧਾਰ ਹੋਵੇਗਾ। ਵਿਭਾਗ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਪਾਰ ਨੂੰ ਰਜਿਸਟਰਡ ਕਰਨ ਅਤੇ ਸਮੇਂ ’ਤੇ ਜੀ. ਐੱਸ. ਟੀ. ਦੀ ਰਿਟਰਨ ਫਾਈਲ ਕਰਨ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਸ਼ਖ਼ਸ ਦੀ ਚਮਕੀ ਕਿਸਮਤ, ਨਿਕਲਿਆ 10 ਕਰੋੜ ਦਾ ਲਾਟਰੀ ਬੰਪਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News