ਲੰਬੇ ਬਿਜਲੀ ਕੱਟਾਂ ਤੋਂ ਦੁਖ਼ੀ ਲੋਕਾਂ ਦੀ ਅਪੀਲ, ਚੋਣ ਵਾਅਦਾ ਪੂਰਾ ਕਰਕੇ ਨਿਰਵਿਘਨ ਬਿਜਲੀ ਮੁਹੱਈਆ ਕਰਵਾਏ ਸਰਕਾਰ

Friday, May 06, 2022 - 03:39 PM (IST)

ਲੰਬੇ ਬਿਜਲੀ ਕੱਟਾਂ ਤੋਂ ਦੁਖ਼ੀ ਲੋਕਾਂ ਦੀ ਅਪੀਲ, ਚੋਣ ਵਾਅਦਾ ਪੂਰਾ ਕਰਕੇ ਨਿਰਵਿਘਨ ਬਿਜਲੀ ਮੁਹੱਈਆ ਕਰਵਾਏ ਸਰਕਾਰ

ਜਲੰਧਰ (ਪੁਨੀਤ)–ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਜਨਤਾ ਨਾਲ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਇਹ ਵਾਅਦਾ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਐਲਾਨੇ-ਅਣਐਲਾਨੇ ਕੱਟਾਂ ਕਾਰਨ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਦੇ ਖਪਤਕਾਰਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਜਨ-ਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਵੱਖ-ਵੱਖ ਕਾਰਨਾਂ ਕਰ ਕੇ ਲੱਗਣ ਵਾਲੇ ਬਿਜਲੀ ਕੱਟਾਂ ਤੋਂ ਕੋਈ ਵੀ ਵਰਗ ਅਛੂਤਾ ਨਹੀਂ ਹੈ। ਵੱਡੀ ਇੰਡਸਟਰੀ ਨੂੰ ਵੀ ਬਿਜਲੀ ਦੀ ਘਾਟ ਦੀ ਮਾਰ ਝੱਲਣੀ ਪੈ ਰਹੀ ਹੈ। ਸ਼ਹਿਰਾਂ ਵਿਚ ਬਿਜਲੀ ਰਿਪੇਅਰ ਅਤੇ ਫਾਲਟ ਕਾਰਨ ਰੋਜ਼ਾਨਾ ਕਈ ਇਲਾਕਿਆਂ ਵਿਚ 3 ਤੋਂ 7-8 ਘੰਟੇ ਬਿਜਲੀ ਸਪਲਾਈ ਬੰਦ ਰੱਖੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਿਚ ਇਜ਼ਾਫਾ ਹੋ ਰਿਹਾ ਹੈ। 7-8 ਘੰਟੇ ਦੇ ਬਿਜਲੀ ਕੱਟਾਂ ਤੋਂ ਦੁਖੀ ਲੋਕਾਂ ਵੱਲੋਂ ਪੰਜਾਬ ਸਰਕਾਰ ਕੋਲੋਂ ਬਿਜਲੀ ਕੱਟਾਂ ’ਤੇ ਪੂਰਨ ਰੂਪ ਵਿਚ ਰੋਕ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਚੋਣ ਵਾਅਦਾ ਪੂਰਾ ਕਰ ਕੇ ਨਿਰਵਿਘਨ ਬਿਜਲੀ ਮੁਹੱਈਆ ਕਰਵਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੁਮਾਰ ਵਿਸ਼ਵਾਸ ਦਾ ਟਵੀਟ, CM ਮਾਨ ’ਤੇ ਲਾਇਆ ਨਿਸ਼ਾਨਾ

2 ਦਿਨ ਗਰਮੀ ਤੋਂ ਭਾਵੇਂ ਰਾਹਤ ਰਹੀ ਹੈ ਪਰ ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਵਿਚ ਵਾਧਾ ਦਰਜ ਹੋਣਾ ਤੈਅ ਹੈ। ਬਾਰਿਸ਼ ਦੀ ਵੀ ਅਜੇ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਇਸ ਕਾਰਨ ਬਿਜਲੀ ਦੀ ਮੰਗ ’ਚ ਵਾਧਾ ਹੋਣਾ ਤੈਅ ਹੈ। ਇਸ ਨਾਲ ਪਾਵਰਕਾਮ ਦੇ ਸੀਨੀਅਰ ਅਧਿਕਾਰੀਆਂ ਦੀ ਚਿੰਤਾ ਵੀ ਵਧ ਚੁੱਕੀ ਹੈ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਦੀ ਮੰਗ ਤੇ ਸਪਲਾਈ ਵਿਚ ਫਰਕ ਹੋਣ ਕਾਰਨ ਕੱਟ ਲਾਉਣ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਰਸਤਾ ਨਹੀਂ ਹੈ। ਪਿਛਲੇ ਦਿਨੀਂ ਵੱਖ-ਵੱਖ ਥਰਮਲ ਪਲਾਂਟਾਂ ਦੇ ਕਈ ਯੂਨਿਟ ਬੰਦ ਰਹਿਣ ਕਾਰਨ ਬਿਜਲੀ ਦਾ ਉਤਪਾਦਨ ਬਹੁਤ ਪ੍ਰਭਾਵਿਤ ਹੋਇਆ, ਜਿਸ ਕਾਰਨ ਸ਼ਹਿਰਾਂ ’ਤੇ ਵੀ ਕੱਟਾਂ ਦੀ ਗਾਜ ਡਿੱਗ ਚੁੱਕੀ ਹੈ। ਬਿਜਲੀ ਦੇ ਕੱਟਾਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਫਾਲਟ ਕਾਰਨ ਜਲੰਧਰ ਸਰਕਲ ਵਿਚ 1000 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ। ਕਈ ਇਲਾਕਿਆਂ ਵਿਚ ਮਾਮੂਲੀ ਫਾਲਟ ਪੈਣ ਕਾਰਨ ਸਪਲਾਈ ਨੂੰ 2-3 ਘੰਟੇ ਬਾਅਦ ਚਾਲੂ ਕਰਵਾ ਦਿੱਤਾ ਗਿਆ ਪਰ ਦਿਹਾਤੀ ਅਤੇ ਛੋਟੇ ਸ਼ਹਿਰਾਂ ਦੇ ਕਈ ਇਲਾਕਿਆਂ ਵਿਚ ਬਿਜਲੀ ਚਾਲੂ ਹੋਣ ਵਿਚ 7-8 ਘੰਟੇ ਦਾ ਸਮਾਂ ਲੱਗਾ, ਜਿਸ ਕਾਰਨ ਲੋਕ ਪਾਵਰਕਾਮ ਅਤੇ ਸਰਕਾਰ ਦੀਆਂ ਨੀਤੀਆਂ ’ਤੇ ਆਪਣਾ ਗੁੱਸਾ ਕੱਢਦੇ ਰਹੇ।

ਸ਼ਿਕਾਇਤ ਕੇਂਦਰਾਂ ’ਤੇ ਲਟਕਦੇ ਹਨ ਤਾਲੇ, ਲੋਕਾਂ ’ਚ ਵਧਦੈ ਗੁੱਸਾ
ਘਰੇਲੂ ਖਪਤਕਾਰਾਂ ਨਾਲ ਸਬੰਧਤ ਬਿਜਲੀ ਦੇ ਫਾਲਟ ਦੀਆਂ ਸਭ ਤੋਂ ਵਧੇਰੇ ਸ਼ਿਕਾਇਤਾਂ ਮਕਸੂਦਾਂ ਅਤੇ ਮਾਡਲ ਟਾਊਨ ਡਵੀਜ਼ਨ ਅਧੀਨ ਦਰਜ ਹੋਈਆਂ। ਗੁਲਾਬ ਦੇਵੀ ਨਹਿਰ ਦੇ ਨਜ਼ਦੀਕ ਸਥਿਤ ਇਲਾਕਾ ਨਿਵਾਸੀ ਜੈਪ੍ਰਕਾਸ਼ ਨੇ ਕਿਹਾ ਕਿ ਬਿਜਲੀ ਵਿਭਾਗ ਦਾ ਸ਼ਿਕਾਇਤ ਨੰਬਰ 1912 ਮਿਲਦਾ ਹੀ ਨਹੀਂ। ਜਿਹੜੇ ਲੋਕਲ ਨੰਬਰ ਮੁਹੱਈਆ ਕਰਵਾਏ ਗਏ ਹਨ, ਉਨ੍ਹਾਂ ’ਤੇ ਲੰਮੀ ਘੰਟੀ ਵੱਜਦੀ ਰਹਿੰਦੀ ਹੈ ਪਰ ਕੋਈ ਫੋਨ ਨਹੀਂ ਚੁੱਕਦਾ।

ਰੇਲਵੇ ਸਟੇਸ਼ਨ ਦੇ ਨਜ਼ਦੀਕ ਸਥਿਤ ਮੁਹੱਲਾ ਨਿਵਾਸੀ ਵਿਜੇ ਗੁਪਤਾ ਨੇ ਕਿਹਾ ਕਿ ਲਾਡੋਵਾਲੀ ਰੋਡ ਬਿਜਲੀ ਘਰ ਵਿਚ ਸ਼ਿਕਾਇਤ ਦਰਜ ਕਰਵਾਉਣ ਲਈ ਜਾਣ ’ਤੇ ਹਮੇਸ਼ਾ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ। ਉਥੇ ਹੀ, ਦੀਪਕ ਸ਼ਰਮਾ ਨੇ ਕਿਹਾ ਕਿ ਸ਼ੀਤਲਾ ਮੰਦਿਰ ਨਜ਼ਦੀਕ ਸਥਿਤ ਸ਼ਿਕਾਇਤ ਕੇਂਦਰ ’ਤੇ ਤਾਲੇ ਲਟਕਦੇ ਨਜ਼ਰ ਆਉਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਬਿਜਲੀ ਦੀਆਂ ਸ਼ਿਕਾਇਤਾਂ ਦਰਜ ਕਰਵਾਉਣ ਲਈ ਪੱਕਾ ਨੰਬਰ ਮੁਹੱਈਆ ਕਰਵਾਉਣਾ ਚਾਹੀਦਾ ਹੈ ਕਿਉਂਕਿ ਬਿਜਲੀ ਜਾਣ ਤੋਂ ਬਾਅਦ ਸ਼ਿਕਾਇਤ ਦਰਜ ਨਾ ਹੋਣ ’ਤੇ ਲੋਕਾਂ ਵਿਚ ਗੁੱਸਾ ਵਧਦਾ ਹੈ।


author

Manoj

Content Editor

Related News