ਸਰਕਾਰੀ ਰਾਸ਼ਣ ਨੂੰ ਲੈ ਕੇ ਜਲੰਧਰ 'ਚ ਗਰਮਾਈ ਸਿਆਸਤ, ਪੱਤਰਕਾਰ ਨਾਲ ਉਲਝੇ ਵਿਧਾਇਕ ਬੇਰੀ

07/16/2020 7:52:42 PM

ਜਲੰਧਰ(ਸੋਨੂੰ, ਗੁਲਸ਼ਨ) : ਸ਼ਹਿਰ 'ਚ ਸਰਕਾਰੀ ਰਾਸ਼ਣ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਸੂਰਿਆ ਇਨਕਲੇਵ ਅੰਦਰ ਸਰਕਾਰੀ ਰਾਸ਼ਣ ਦੀ ਇਕ ਗੱਡੀ ਨੂੰ ਭਾਜਪਾ ਦੇ ਕੁੱਝ ਲੋਕਾਂ ਵਲੋਂ ਰੋਕ ਲਿਆ ਗਿਆ। ਗੱਡੀ 'ਚ ਰਾਸ਼ਣ ਦੀਆਂ ਬੋਰੀਆਂ 'ਤੇ ਸਾਫ ਤੌਰ 'ਤੇ ਪੰਜਾਬ ਸਰਕਾਰ ਦਾ ਜ਼ਿਕਰ ਹੈ। ਮੌਕੇ 'ਤੇ ਮੌਜੂਦ ਕਾਂਗਰਸੀ ਕੌਂਸਲਰ ਵਲੋਂ ਇਹ ਦਾਅਵਾ ਕੀਤਾ ਗਿਆ ਕਿ ਉਕਤ ਰਾਸ਼ਣ ਨੇੜਲੇ ਕੁੱਝ ਲੋੜਵੰਦ ਲੋਕਾਂ ਨੂੰ ਵੰਡਣ ਲਈ ਲਿਜਾਇਆ ਜਾ ਰਿਹਾ ਹੈ। ਰਸਤੇ 'ਚ ਭਾਜਪਾ ਦੇ ਕੁੱਝ ਲੋਕਾਂ ਵਲੋਂ ਜਾਣ ਬੂਝ ਕੇ ਉਨ੍ਹਾਂ ਦੇ ਅਕਸ ਨੂੰ ਵਿਗਾੜਨ ਲਈ ਉਨ੍ਹਾਂ ਨੂੰ ਰੋਕ ਲਿਆ ਗਿਆ। ਮੌਕੇ 'ਤੇ ਪਹੁੰਚੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਦਾਅਵਾ ਕੀਤਾ ਕਿ ਕੋਈ ਕੌਂਸਲਰ ਜਾਂ ਵਿਧਾਇਕ ਸਰਕਾਰੀ ਰਾਸ਼ਣ ਨੂੰ ਵੰਡਣ ਦਾ ਕੰਮ ਨਹੀਂ ਕਰ ਸਕਦਾ ਅਤੇ ਇਹ ਕੰਮ ਸਿਰਫ ਫੂਡ ਐਂਡ ਸਪਲਾਈ ਵਿਭਾਗ ਵਲੋਂ ਹੀ ਕੀਤਾ ਜਾ ਸਕਦਾ ਹੈ।

ਸੂਚਨਾ ਮਿਲਣ 'ਤੇ ਥਾਣਾ ਰਾਮਾ ਮੰਡੀ ਦੇ ਮੁਖੀ ਸੁਲੱਖਣ ਸਿੰਘ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ। ਭਾਜਪਾ ਨੇਤਾਵਾਂ ਨੇ ਦੱਸਿਆ ਕਿ ਸਰਕਾਰੀ ਰਾਸ਼ਨ ਨੂੰ ਇਕ ਛੋਟੇ ਹਾਥੀ ਟੈਂਪੂ ਵਿਚ ਲੋਡ ਕੀਤਾ ਜਾ ਰਿਹਾ ਸੀ। ਜਦੋਂ ਉਨ੍ਹਾਂ ਨੇ ਇਸ ਬਾਰੇ ਪੁੱਛਿਆ ਤਾਂ ਉਥੇ ਮੌਜੂਦ ਲੋਕ ਦੁਕਾਨ ਨੂੰ ਤਾਲਾ ਲਗਾ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਭਾਜਪਾ ਦੇ ਜ਼ਿਲਾ ਪ੍ਰਧਾਨ ਸੁਸ਼ੀਲ ਸ਼ਰਮਾ, ਯੁਵਾ ਮੋਰਚਾ ਦੇ ਜ਼ਿਲਾ ਪ੍ਰਧਾਨ ਬਲਜੀਤ ਸਿੰਘ ਪ੍ਰਿੰਸ, ਉਪ ਪ੍ਰਧਾਨ ਵਿਵੇਕ ਖੰਨਾ, ਕੌਂਸਲਰ ਸ਼ੈਲੀ ਖੰਨਾ, ਕਿਸ਼ਨ ਲਾਲ ਸ਼ਰਮਾ, ਅਜੇ ਜੋਸ਼ੀ, ਆਸ਼ੀਸ਼ ਚੋਪੜਾ ਸਮੇਤ ਕਈ ਨੇਤਾ ਮੌਕੇ 'ਤੇ ਪਹੁੰਚੇ। ਵਾਰਡ ਨੰਬਰ 16 ਦੇ ਕਾਂਗਰਸੀ ਕੌਂਸਲਰ ਮਨਮੋਹਨ ਸਿੰਘ ਰਾਜੂ, ਵਾਰਡ ਨੰਬਰ 17 ਤੋਂ ਸੁਰਿੰਦਰ ਪੱਪਾ, ਸੁਨੀਲ ਸ਼ਰਮਾ, ਹਨੀ ਵਰਮਾ, ਹਰਪਾਲ ਮਿੰਟੂ ਸਮੇਤ ਕਈ ਬੇਰੀ ਸਮਰਥਕ ਵੀ ਮੌਕੇ 'ਤੇ ਪਹੁੰਚ ਗਏ। ਮਨੋਰੰਜਨ ਕਾਲੀਆ ਨੇ ਡੀ. ਸੀ. ਘਨਸ਼ਾਮ ਥੋਰੀ ਨੂੰ ਇਸ ਸਬੰਧੀ ਫੋਨ 'ਤੇ ਸੂਚਿਤ ਕੀਤਾ ਅਤੇ ਉਨ੍ਹਾਂ ਨੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ 'ਤੇ ਭੇਜਣ ਦਾ ਭਰੋਸਾ ਦਿੱਤਾ। ਕਰੀਬ ਇਕ ਘੰਟੇ ਤੱਕ ਕੋਈ ਵੀ ਸਰਕਾਰੀ ਅਫਸਰ ਮੌਕੇ 'ਤੇ ਨਹੀਂ ਪਹੁੰਚਿਆ। ਕਾਲੀਆ ਨੇ ਦੋਸ਼ ਲਾਇਆ ਕਿ ਸੈਂਟਰਲ ਟਾਊਨ ਤੋਂ ਸਰਕਾਰੀ ਰਾਸ਼ਨ ਖੁਰਦ-ਬੁਰਦ ਕਰ ਕੇ ਇਥੇ ਲਿਆਂਦਾ ਗਿਆ ਹੈ।

PunjabKesari

ਲਗਭਗ ਇਕ ਘੰਟੇ ਬਾਅਦ ਡੀ. ਐੱਫ. ਐੱਸ. ਓ. ਅਸ਼ੋਕ ਕੁਮਾਰ, ਏ. ਐੱਫ. ਐੱਸ. ਓ. ਗੁਰਵਿੰਦਰ ਸਿੰਘ, ਇੰਸ. ਭਲਵਿੰਦਰ ਸਿੰਘ ਮੌਕੇ 'ਤੇ ਪਹੁੰਚੇ। ਕਾਲੀਆ ਨੇ ਉਨ੍ਹਾਂ ਨੂੰ ਪੁੱਛਿਆ ਕਿ ਫੂਡ ਸਪਲਾਈ ਮੰਤਰੀ ਦਾ ਕਹਿਣਾ ਹੈ ਕਿ ਸਰਕਾਰੀ ਰਾਸ਼ਨ ਵੰਡਿਆ ਜਾ ਚੁੱਕਾ ਹੈ ਤਾਂ ਇਹ ਸਰਕਾਰੀ ਰਾਸ਼ਨ ਕਿਥੋਂ ਆਇਆ, ਕਿਸ ਦੇ ਕਹਿਣ 'ਤੇ ਇਥੇ ਰਾਸ਼ਨ ਰੱਖਿਆ ਗਿਆ ਹੈ, ਇਹ ਦੁਕਾਨ ਕਿਸ ਵਿਅਕਤੀ ਦੀ ਹੈ। ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਇਨ੍ਹਾਂ ਸਵਾਲਾਂ ਦੇ ਸੰਤੋਖਜਨਕ ਉੱਤਰ ਨਹੀਂ ਦੇ ਸਕੇ। ਉਨ੍ਹਾਂ ਕਿਹਾ ਕਿ ਸਹੂਲਤ ਲਈ ਇਲਾਕੇ ਦੇ ਇਕ ਨੁਮਾਇੰਦੇ ਦੇ ਕਹਿਣ 'ਤੇ ਇਥੇ ਰਾਸ਼ਨ ਰੱਖਿਆ ਗਿਆ ਹੈ। ਇਲਾਕੇ ਦੇ ਨੇਤਾਵਾਂ ਨੂੰ ਨਾਲ ਲੈ ਕੇ ਇਹ ਰਾਸ਼ਨ ਗਰੀਬਾਂ ਵਿਚ ਵੰਡਿਆ ਜਾਣਾ ਹੈ। ਇਸ ਬਾਰੇ ਕੌਂਸਲਰ ਨਾਲ ਸੰਪਰਕ ਕਰਨ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਕਾਲੀਆ ਨੇ ਉਨ੍ਹਾਂ ਤੋਂ ਲਿਸਟ ਮੰਗੀ ਤਾਂ ਉਨ੍ਹਾਂ ਕੋਲ ਇਹ ਲਿਸਟ ਵੀ ਨਹੀਂ ਸੀ। ਇਸ ਦੌਰਾਨ ਵਿਧਾਇਕ ਰਾਜਿੰਦਰ ਬੇਰੀ ਵੀ ਆਪਣੇ ਸਮਰਥਕਾਂ ਨਾਲ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਦੇ ਆਉਂਦੇ ਹੀ ਕਾਂਗਰਸੀ ਨੇਤਾਵਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਕਾਂਗਰਸੀ ਵਰਕਰ ਲਿਸਟ ਲੈ ਕੇ ਪਹੁੰਚਿਆ ਅਤੇ ਕਿਹਾ ਕਿ ਇਸ ਲਿਸਟ ਵਿਚ ਰਾਸ਼ਨ ਲੈਣ ਵਾਲਿਆਂ ਦੇ ਨਾਂ ਦਰਜ ਹਨ। ਇਸ ਦੌਰਾਨ ਦੁਕਾਨ ਖੋਲ੍ਹੀ ਗਈ ਤਾਂ ਅੰਦਰ ਵੀ ਸਰਕਾਰੀ ਰਾਸ਼ਨ ਦੀਆਂ ਬੋਰੀਆਂ ਪਈਆਂ ਹੋਈਆਂ ਸਨ। ਹੰਗਾਮੇ ਦੌਰਾਨ ਫੂਡ ਇੰਸਪੈਕਟਰ ਵਿਧਾਇਕ ਬੇਰੀ ਨਾਲ ਕਈ ਵਾਰ ਕੰਨ ਵਿਚ ਗੱਲਬਾਤ ਕਰਦੇ ਵੀ ਨਜ਼ਰ ਆਏ। ਉਥੇ ਦੂਜੇ ਪਾਸੇ ਵਿਧਾਇਕ ਬੇਰੀ ਦਾ ਕਹਿਣਾ ਹੈ ਕਿ ਲਾਕਡਾਊਨ ਤੋਂ ਲੈ ਕੇ ਹੁਣ ਤੱਕ ਲੋੜਵੰਦਾਂ ਨੂੰ ਰਾਸ਼ਨ ਉਪਲੱਬਧ ਕਰਵਾ ਰਹੇ ਹਾਂ। ਸਾਰਾ ਕੰਮ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਕੀਤਾ ਜਾ ਰਿਹਾ ਹੈ। ਭਾਜਪਾ ਨੇਤਾ ਨੰਬਰ ਬਣਾਉਣ ਲਈ ਮਾਮਲੇ ਨੂੰ ਤੂਲ ਦੇ ਰਹੇ ਹਨ।

PunjabKesari

... ਜਦੋਂ ਵਿਧਾਇਕ ਪੱਤਰਕਾਰ ਨਾਲ ਉਲਝੇ
ਇਸ ਦੌਰਾਨ ਇਕ ਇਲੈਕਟ੍ਰਾਨਿਕ ਚੈਨਲ ਦੇ ਪੱਤਰਕਾਰ ਨੇ ਜਦੋਂ ਵਿਧਾਇਕ ਰਾਜਿੰਦਰ ਬੇਰੀ ਨਾਲ ਗੱਲ ਕਰਨੀ ਚਾਹੀ ਤਾਂ ਉਹ ਉਨ੍ਹਾਂ ਨਾਲ ਉਲਝ ਗਏ। ਪੱਤਰਕਾਰ ਨੇ ਬੇਰੀ 'ਤੇ ਸਮਰਥਕਾਂ ਸਮੇਤ ਧੱਕੇਸ਼ਾਹੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਸ ਗੱਲ ਸਬੰਧੀ ਪੱਤਰਕਾਰ ਭਾਈਚਾਰੇ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ।

ਸੋਸ਼ਲ ਡਿਸਟੈਂਸਿੰਗ ਦੀਆਂ ਵੀ ਉੱਡੀਆਂ ਧੱਜੀਆਂ
ਇਸ ਪੂਰੇ ਮਾਮਲੇ ਦੌਰਾਨ ਸੋਸ਼ਲ ਡਿਸਟੈਂਸਿੰਗ ਦੀਆਂ ਵੀ ਖੂਬ ਧੱਜੀਆਂ ਉੱਡੀਆਂ। ਕਾਂਗਰਸੀ ਵਰਕਰਾਂ ਵੱਲੋਂ ਬਿਨਾਂ ਸੋਸ਼ਲ ਡਿਸਟੈਂਸਿੰਗ ਦੇ ਕੁਝ ਲੋਕਾਂ ਨੂੰ ਰਾਸ਼ਨ ਵੀ ਵੰਡਿਆ ਗਿਆ ਅਤੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਬਾਰੇ ਥਾਣਾ ਰਾਮਾ ਮੰਡੀ ਦੇ ਮੁਖੀ ਸੁਲੱਖਣ ਸਿੰਘ ਦਾ ਕਹਿਣਾ ਹੈ ਕਿ ਇਸ ਬਾਬਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਬੌਖਲਾ ਗਏ ਹਨ ਵਿਧਾਇਕ ਰਾਜਿੰਦਰ ਬੇਰੀ : ਦੀਵਾਨ ਅਮਿਤ ਅਰੋੜਾ
ਪੰਜਾਬ ਭਾਜਪਾ ਦੇ ਬੁਲਾਰੇ ਦੀਵਾਨ ਅਮਿਤ ਅਰੋੜਾ ਨੇ ਕਿਹਾ ਕਿ ਵਿਧਾਇਕ ਰਾਜਿੰਦਰ ਬੇਰੀ ਬੌਖਲਾ ਗਏ ਹਨ। ਬੌਖਲਾਹਟ ਦੇ ਕਾਰਣ ਹੀ ਉਹ ਪੱਤਰਕਾਰਾਂ ਨਾਲ ਉਲਝ ਗਏ। ਉਨ੍ਹਾਂ ਕਿਹਾ ਕਿ ਸੈਂਟਰਲ ਟਾਊਨ ਦੇ ਇਕ ਹੋਟਲ ਵਿਚ ਰੱਖੇ ਗਏ ਰਾਸ਼ਨ 'ਤੇ ਸਰਕਾਰੀ ਮੋਹਰਾਂ ਦੇ ਨਿਸ਼ਾਨ ਸਾਫ ਤੌਰ 'ਤੇ ਦਿਖਾਈ ਦੇ ਰਹੇ ਅਤੇ ਬੇਰੀ ਝੂਠ ਬੋਲ ਰਹੇ ਹਨ ਕਿ ਉਹ ਸਰਕਾਰੀ ਰਾਸ਼ਨ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਵਿਧਾਨ ਸਭਾ ਖੇਤਰ ਵਿਚ ਹਜ਼ਾਰਾਂ ਗਰੀਬ ਪਰਿਵਾਰ ਅੱਜ ਵੀ ਅਜਿਹੇ ਹਨ, ਜਿਨ੍ਹਾਂ ਨੂੰ ਅਜੇ ਤੱਕ ਇਕ ਵੀ ਦਾਣਾ ਸਰਕਾਰੀ ਰਾਸ਼ਨ ਦਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਦੇ ਅਨਾਜ ਮੰਤਰੀ ਭਾਰਤ ਭੂਸ਼ਨ ਆਸ਼ੂ ਟੀ.ਵੀ.ਚੈਨਲਾਂ 'ਤੇ ਸਰਕਾਰੀ ਰਾਸ਼ਨ ਦੀ 100 ਫੀਸਦੀ ਸਹੀ ਹੱਥਾਂ 'ਚ ਵੰਡ ਸਬੰਧੀ ਦਾਅਵੇ ਕਰ ਰਹੇ ਹਨ ਅਤੇ ਦੂਜੇ ਪਾਸੇ ਵਿਧਾਇਕ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਰਾਸ਼ਨ ਦਾ ਸਟਾਕ ਕਰ ਕੇ ਗਰੀਬਾਂ ਨਾਲ ਧੋਖਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਰਾਜਿੰਦਰ ਵਲੋਂ ਕੀਤੇ ਗਏ ਰਾਸ਼ਨ ਘਪਲੇ ਦੇ ਮਾਮਲੇ ਵਿਚ ਸਰਕਾਰ ਨੂੰ ਵਿਸ਼ੇਸ਼ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਫੂਡ ਸਪਲਾਈ ਵਿਭਾਗ ਦੇ ਦੋਸ਼ੀ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।


Deepak Kumar

Content Editor

Related News