ਵਿਆਹ ਦੇ ਚਾਅ ਰਹਿ ਗਏ ਅਧੂਰੇ, ਨਵੀਂ ਵਿਆਹੀ ਕੁੜੀ ਨੇ 7 ਦਿਨਾਂ ਬਾਅਦ ਹਿਲਾ ਛੱਡਿਆ ਸਹੁਰਾ ਪਰਿਵਾਰ
Thursday, Nov 01, 2018 - 11:12 AM (IST)
ਜਲੰਧਰ (ਵਰੁਣ)— ਜਲੰਧਰ ਦੇ ਬੂਟਾ ਮੰਡੀ 'ਚ 7 ਦਿਨ ਪਹਿਲਾਂ ਵਿਆਹੀ ਲੜਕੀ ਵੱਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਸੱਚ ਨੂੰ ਜਾਣਨ ਲਈ ਥਾਣਾ-6 ਦੀ ਪੁਲਸ ਨੇ ਵਿਆਹੁਤਾ ਦੇ ਪਤੀ ਸਮੇਤ ਸਹੁਰੇ ਵਾਲਿਆਂ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮ੍ਰਿਤਕਾ ਦੀ ਪਛਾਣ ਸੰਗੀਤਾ (22) ਪਤਨੀ ਮੁਨੀਸ਼ ਕੁਮਾਰ ਵਾਸੀ ਬੂਟਾ ਮੰਡੀ ਦੇ ਰੂਪ 'ਚ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਸੰਗੀਤਾ ਮੂਲ ਰੂਪ ਨਾਲ ਹਰਿਦੁਆਰ ਦੀ ਰਹਿਣ ਵਾਲੀ ਸੀ। ਉਸ ਦਾ ਵਿਆਹ 25 ਅਕਤੂਬਰ ਨੂੰ ਜਲੰਧਰ ਦੇ ਮਨੀਸ਼ ਨਾਲ ਹੋਇਆ ਸੀ। ਮਨੀਸ਼ ਲੈਦਰ ਕੰਪਲੈਕਸ 'ਚ ਸਥਿਤ ਸਪੋਰਟਸ ਦੀ ਫੈਕਟਰੀ 'ਚ ਲੇਬਰ ਦਾ ਕੰਮ ਕਰਦਾ ਹੈ। ਵਿਆਹ ਕਰਨ ਲਈ ਸੰਗੀਤਾ ਦੇ ਪਰਿਵਾਰ ਵਾਲੇ ਸਰਾਏ ਖਾਸ ਰਹਿੰਦੇ ਰਿਸ਼ਤੇਦਾਰ ਦੇ ਘਰ ਆਏ ਸਨ ਅਤੇ ਵਿਆਹ ਦੀਆਂ ਰਸਮਾਂ ਉਥੇ ਹੀ ਹੋਈਆਂ ਸਨ। ਸੰਗੀਤਾ ਦੇ ਚਾਚਾ ਵਿਸ਼ਨੂੰ ਦੀ ਮੰਨੀਏ ਤਾਂ 7 ਦਿਨਾਂ ਦੇ ਅੰਦਰ ਕੋਈ ਵੀ ਵਿਵਾਦ ਅਤੇ ਝਗੜੇ ਵਾਲੀ ਗੱਲ ਸਾਹਮਣੇ ਨਹੀਂ ਆਈ। ਬੁੱਧਵਾਰ ਸਵੇਰੇ ਵੀ ਉਹ ਆਪਣੇ ਕੰਮ 'ਤੇ ਨਿਕਲ ਗਏ ਸਨ। ਸ਼ਾਮ ਕਰੀਬ ਸਾਢੇ ਚਾਰ ਵਜੇ ਸੰਗੀਤਾ ਦੇ ਦਾਦਾ ਸਹੁਰੇ ਨੇ ਚਾਹ ਬਣਾਉਣ ਲਈ ਸੰਗੀਤਾ ਨੂੰ ਆਵਾਜ਼ ਲਗਾਈ ਤਾਂ ਉਸ ਨੇ ਕੋਈ ਜਵਾਬ ਨਾ ਦਿੱਤਾ। ਕਾਫੀ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਦਾਦਾ ਸਹੁਰਾ ਉਸ ਨੂੰ ਬਲਾਉਣ ਲਈ ਪਹਿਲੀ ਮੰਜ਼ਿਲ 'ਤੇ ਸਥਿਤ ਉਸ ਦੇ ਕਮਰੇ 'ਚ ਗਏ ਤਾਂ ਦੇਖਿਆ ਕਿ ਉਸ ਦੀ ਲਾਸ਼ ਗਾਰਡਰ ਨਾਲ ਲਟਕੀ ਹੋਈ ਸੀ। ਰੌਲਾ ਪਾਉਣ ਤੋਂ ਬਾਅਦ ਸਾਰੇ ਲੋਕ ਉਥੇ ਇਕੱਠੇ ਹੋ ਗਏ, ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਪਾ ਕੇ ਉਸ ਦਾ ਪਤੀ ਅਤੇ ਰਿਸ਼ਤੇਦਾਰ ਵੀ ਆ ਗਏ। ਮੌਕੇ 'ਤੇ ਪਹੁੰਚ ਏ. ਐੱਸ. ਆਈ. ਰਾਕੇਸ ਕੁਮਾਰ ਨੇ ਲਾਸ਼ ਨੂੰ ਹੇਠਾਂ ਉਤਾਰਿਆ।
ਕੀ ਕਹਿੰਦੇ ਹਨ ਪੁਲਸ ਅਧਿਕਾਰੀ
ਏ. ਐੱਸ. ਆਈ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਮਨੀਸ਼ ਦੇ ਮਾਤਾ-ਪਿਤਾ ਦਾ ਦੇਹਾਂਤ ਹੋ ਚੁੱਕਾ ਹੈ ਅਤੇ ਦਾਦਾ-ਦਾਦੀ ਨੇ ਹੀ ਉਸ ਦਾ ਪਾਲਣ-ਪੋਸ਼ਣ ਕੀਤਾ ਹੈ। ਇਸੇ ਤਰ੍ਹਾਂ ਸੰਗੀਤਾ ਦੇ ਮਾਤਾ-ਪਿਤਾ ਵੀ ਨਹੀਂ ਹਨ ਅਤੇ ਉਸ ਨੂੰ ਵੀ ਹਰਿਦੁਆਰ ਰਹਿੰਦੇ ਉਸ ਦੇ ਦਾਦਾ-ਦਾਦੀ ਨੇ ਹੀ ਪਾਲਿਆ ਸੀ। ਥਾਣਾ-6 ਦੇ ਇੰਚਾਰਜ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਅਜੇ ਤੱਕ ਜਾਂਚ 'ਚ ਖੁਦਕੁਸ਼ੀ ਦਾ ਕੋਈ ਕਾਰਨ ਸਾਹਮਣੇ ਨਹੀਂ ਆਇਆ ਹੈ। ਪੁਲਸ ਸੰਗੀਤਾ ਦੇ ਸਹੁਰੇ ਪਰਿਵਾਰ ਵਾਲਿਆਂ ਤੋਂ ਪੁੱਛਗਿੱਛ ਕਰ ਰਹੀ ਹੈ। ਲਾਸ਼ ਦੇ ਕੋਲੋਂ ਵੀ ਕੋਈ ਸੁਸਾਈਡ ਨੋਟ ਨਹੀਂ ਮਿਲ ਸਕਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੱਖਵਾ ਦਿੱਤਾ ਗਿਆ ਹੈ।
