ਪੰਜਾਬ ਸਰਕਾਰ ਅਤੇ ਕਰਮਚਾਰੀਆਂ ਦੀ ਲੜਾਈ ’ਚ ਪਿਸ ਰਹੀ ਆਮ ਜਨਤਾ, ਕਰਮਚਾਰੀਆਂ ਦੀ ਹੜਤਾਲ 26 ਤਕ ਵਧੀ

Thursday, Oct 20, 2022 - 04:52 PM (IST)

ਪੰਜਾਬ ਸਰਕਾਰ ਅਤੇ ਕਰਮਚਾਰੀਆਂ ਦੀ ਲੜਾਈ ’ਚ ਪਿਸ ਰਹੀ ਆਮ ਜਨਤਾ, ਕਰਮਚਾਰੀਆਂ ਦੀ ਹੜਤਾਲ 26 ਤਕ ਵਧੀ

ਜਲੰਧਰ (ਚੋਪੜਾ) : ਪੰਜਾਬ ਸਰਕਾਰ ਅਤੇ ਸਰਕਾਰੀ ਕਰਮਚਾਰੀਆਂ ਵਿਚਾਲੇ ਚੱਲ ਰਹੀ ਲੜਾਈ 'ਚ ਆਮ ਜਨਤਾ ਪਿਸ ਰਹੀ ਹੈ ਅਤੇ ਹੁਣ ਆਉਣ ਵਾਲੇ ਦਿਨਾਂ 'ਚ ਜਨਤਾ ਨੂੰ ਕੋਈ ਰਾਹਤ ਮਿਲਣ ਦੇ ਆਸਾਰ ਨਹੀਂ ਦਿਸ ਰਹੇ। ਪਿਛਲੀ 10 ਅਕਤੂਬਰ ਤੋਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੱਦੇ 'ਤੇ ਸੂਬੇ ਭਰ ਦੇ ਤਕਰੀਬਨ 42 ਵਿਭਾਗਾਂ ਦੇ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਕਲਮਛੋੜ ਹੜਤਾਲ 'ਤੇ ਚੱਲ ਰਹੇ ਹਨ।

ਪਹਿਲਾਂ ਯੂਨੀਅਨ ਨੇ 15 ਅਕਤੂਬਰ ਤਕ ਹੜਤਾਲ 'ਤੇ ਰਹਿਣ ਦਾ ਐਲਾਨ ਕੀਤਾ ਸੀ, ਜਿਸ ਨੂੰ ਵਧਾ ਕੇ 19 ਅਕਤੂਬਰ ਕਰ ਦਿੱਤਾ ਗਿਆ ਸੀ ਪਰ ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਦੀਆਂ ਨਾ ਤਾਂ ਮੰਗਾਂ ਮੰਨੀਆਂ ਗਈਆਂ ਅਤੇ ਨਾ ਹੀ ਉਨ੍ਹਾਂ ਨਾਲ ਗੱਲਬਾਤ ਦਾ ਕੋਈ ਸੱਦਾ ਦਿੱਤਾ ਗਿਆ, ਜਿਸ ਨੂੰ ਦੇਖਦਿਆਂ ਯੂਨੀਅਨ ਨੇ ਆਪਣੇ ਸੰਘਰਸ਼ ਨੂੰ 26 ਅਕਤੂਬਰ ਤਕ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੈ, ਜਿਸ ਤਹਿਤ ਹੁਣ ਡੀ. ਸੀ. ਦਫ਼ਤਰ ਸਮੇਤ ਹੋਰ ਵਿਭਾਗਾਂ 'ਚ 26 ਅਕਤੂਬਰ ਤਕ ਕਰਮਚਾਰੀ ਵਿਭਾਗੀ ਕੰਮਕਾਜ ਬੰਦ ਰੱਖਣਗੇ।

PunjabKesari

ਡੀ. ਸੀ. ਦਫ਼ਤਰ 'ਚ ਬੁੱਧਵਾਰ ਨੂੰ ਵੀ ਰਜਿਸਟਰੀਆਂ ਸਮੇਤ ਪ੍ਰਾਪਰਟੀ ਸਬੰਧੀ ਹੋਰ ਦਸਤਾਵੇਜ਼ਾਂ ਨੂੰ ਮਨਜ਼ੂਰੀ ਦੇਣ ਦਾ ਕੰਮ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ। ਕਰਮਚਾਰੀਆਂ ਦੀ ਹੜਤਾਲ ਕਾਰਨ ਸਬ-ਰਜਿਸਟਰਾਰ-1 ਕੁਲਵੰਤ ਸਿੰਘ ਸਿੱਧੂ ਅਤੇ ਸਬ-ਰਜਿਸਟਰਾਰ-2 ਪ੍ਰਵੀਨ ਕੁਮਾਰ ਨੇ ਕੰਮਕਾਜ ਬੰਦ ਰੱਖਿਆ। ਪਿਛਲੇ ਦਿਨਾਂ ਤੋਂ ਕੰਮ ਬੰਦ ਰਹਿਣ ਕਾਰਨ ਤਕਰੀਬਨ 700 ਰਜਿਸਟਰੀਆਂ ਅਤੇ ਹੋਰ ਦਸਤਾਵੇਜ਼ ਮਨਜ਼ੂਰੀ ਪਾਉਣ ਨੂੰ ਲੈ ਕੇ ਅੱਧ ਵਿਚਕਾਰ ਫਸੇ ਹੋਏ ਹਨ।

PunjabKesari

ਉੱਥੇ ਹੀ, ਰਿਜਨਲ ਟਰਾਂਸਪੋਰਟ ਅਥਾਰਟੀ ਅਧੀਨ ਆਉਂਦੇ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ 'ਚ ਵੀ ਲਾਇਸੈਂਸ ਬਣਾਉਣ ਦਾ ਕੰਮ ਬੰਦ ਰੱਖਿਆ ਗਿਆ, ਜਿਸ ਕਾਰਨ 1700 ਤੋਂ ਜ਼ਿਆਦਾ ਬਿਨੈਕਾਰਾਂ ਵੱਲੋਂ ਆਨਲਾਈਨ ਪ੍ਰਾਪਤ ਕੀਤੀ ਅਪੁਆਇੰਟਮੈਂਟ ਵੀ ਅੱਧ ਵਿਚਕਾਰ ਲਟਕ ਗਈ ਹੈ। ਇਸ ਤੋਂ ਇਲਾਵਾ ਡੀ. ਸੀ. ਦਫ਼ਤਰ 'ਚ ਕਈ ਵਿਭਾਗਾਂ, ਆਰ. ਟੀ. ਏ. ਦਫਤਰ ਦੀਆਂ ਚਲਾਨ ਖਿੜਕੀਆਂ ਬੰਦ ਰਹਿਣ ਕਾਰਨ ਚਲਾਨ ਭੁਗਤਣ ਆਉਣ ਵਾਲੇ ਲੋਕਾਂ ਨੂੰ ਬੇਰੰਗ ਪਰਤਣਾ ਪੈ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਅਜੀਬੋ ਗਰੀਬ : ਚੋਰਾਂ ਨੂੰ ਨਹੀਂ ਲੱਭੇ ਪੈਸੇ ਤਾਂ ਦੁਕਾਨ ਦੀ ਕੰਧ 'ਤੇ ਲਿਖ ਗਏ ...

ਇਸ ਤੋਂ ਇਲਾਵਾ ਹੜਤਾਲ ਕਾਰਨ ਇੰਤਕਾਲ, ਮੈਰਿਜ, ਜਾਤੀ, ਇਨਕਮ ਸਰਟੀਫਿਕੇਟ, ਆਰਮਜ਼ ਲਾਇਸੈਂਸ ਨੂੰ ਅਪਰੂਵਲ ਨਾ ਮਿਲਣ ਕਾਰਨ ਪੈਂਡੈਂਸੀ ਦਾ ਗ੍ਰਾਫ ਲਗਾਤਾਰ ਵਧਦਾ ਜਾ ਰਿਹਾ ਹੈ।


author

Anuradha

Content Editor

Related News