ਸ਼੍ਰੀਮਤੀ ਸਵਦੇਸ਼ ਚੋਪੜਾ ਦੀ 10ਵੀਂ ਬਰਸੀ ’ਤੇ ਲਾਇਆ ਮੁਫ਼ਤ ਮੈਡੀਕਲ ਕੈਂਪ, 300 ਤੋਂ ਵਧੇਰੇ ਲੋਕਾਂ ਦੀ ਹੋਈ ਜਾਂਚ
Monday, Jul 07, 2025 - 02:18 PM (IST)

ਜਲੰਧਰ (ਅਨਿਲ ਪਾਹਵਾ)-‘ਪੰਜਾਬ ਕੇਸਰੀ ਪੱਤਰ ਸਮੂਹ’ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਦੀ ਧਰਮਪਤਨੀ ਅਤੇ ਸਮੂਹ ਦੀ ਸਾਬਕਾ ਡਾਇਰੈਕਟਰ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਦੀ 10ਵੀਂ ਬਰਸੀ ’ਤੇ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਸਾਰੀ ਜ਼ਿੰਦਗੀ ਲੋੜਵੰਦਾਂ ਦੀ ਸੇਵਾ ਕਰਨ ਨੂੰ ਹੀ ਆਪਣਾ ਫਰਜ਼ ਅਤੇ ਧਰਮ ਮੰਨਿਆ। ਉਨ੍ਹਾਂ ਦੀ ਸੇਵਾ-ਭਾਵਨਾ ਨੂੰ ਸਿਜਦਾ ਕਰਦੇ ਹੋਏ ਉਨ੍ਹਾਂ ਦੀ ਯਾਦ ਵਿਚ ਦੇਸ਼ ਦੇ ਕਈ ਪ੍ਰਮੁੱਖ ਹਿੱਸਿਆਂ ਵਿਚ ਵੱਖ-ਵੱਖ ਥਾਵਾਂ ’ਤੇ ਮੈਡੀਕਲ ਕੈਂਪ ਲਾਏ ਜਾ ਰਹੇ ਹਨ।
ਇਸੇ ਲੜੀ ਤਹਿਤ ਐਤਵਾਰ ਜਲੰਧਰ ਦੇ ਜੇਲ੍ਹ ਰੋਡ ’ਤੇ ਸਥਿਤ ਸ਼੍ਰੀ ਮਹਾਲਕਸ਼ਮੀ ਮੰਦਿਰ ਵਿਖੇ ਇਕ ਮੈਡੀਕਲ ਕੈਂਪ ਲਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਮਰੀਜ਼ਾਂ ਦੀ ਜਾਂਚ ਕਰਕੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਕੈਂਪ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਮੰਦਿਰ ਕੰਪਲੈਕਸ ਵਿਚ ਆਪਣੀ ਜਾਂਚ ਕਰਵਾਈ ਅਤੇ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਨੂੰ ਡਾਕਟਰੀ ਸਲਾਹ ਦੇ ਨਾਲ-ਨਾਲ ਉਨ੍ਹਾਂ ਦੇ ਰੋਜ਼ਾਨਾ ਜੀਵਨ ਵਿਚ ਬਦਲਾਅ ਲਈ ਜਾਣਕਾਰੀ ਮੁਹੱਈਆ ਕਰਵਾਈ। ਇਸ ਦੌਰਾਨ 350 ਮਰੀਜ਼ਾਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਜ਼ਰੂਰਤ ਅਨੁਸਾਰ ਮੁਫ਼ਤ ਦਵਾਈਆਂ ਵੀ ਉਪਲੱਬਧ ਕਰਵਾਈਆਂ ਗਈਆਂ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਘਟਨਾ! ਪੈਟਰੋਲ ਬੰਬ ਨਾਲ ਘਰ 'ਤੇ ਕੀਤਾ ਹਮਲਾ
ਜ਼ਰੂਰਤ ਅਨੁਸਾਰ ਕਈ ਮਰੀਜ਼ਾਂ ਦੇ ਖ਼ੂਨ ਦੇ ਟੈਸਟ ਵੀ ਕੀਤੇ ਗਏ। ਇਸ ਤੋਂ ਪਹਿਲਾਂ ‘ਪੰਜਾਬ ਕੇਸਰੀ ਗਰੁੱਪ’ ਤੋਂ ਸਾਇਸ਼ਾ ਚੋਪੜਾ ਨੇ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਦੀ ਫੋਟੋ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਦੀਪ ਜਗਾ ਕੇ ਕੈਂਪ ਦਾ ਸ਼ੁੱਭਆਰੰਭ ਕੀਤਾ। ਇਸ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਦੇ ਨਾਲ-ਨਾਲ ਸ਼੍ਰੀ ਮਹਾਲਕਸ਼ਮੀ ਮੰਦਰ ਕਮੇਟੀ ਦੇ ਮੈਂਬਰ ਅਤੇ ਅਹੁਦੇਦਾਰ ਮੌਜੂਦ ਰਹੇ।
ਮਹਾਲਕਸ਼ਮੀ ਮੰਦਿਰ ਕਮੇਟੀ ਦਾ ਰਿਹਾ ਵਿਸ਼ੇਸ਼ ਸਹਿਯੋਗ
ਇਸ ਮੈਡੀਕਲ ਕੈਂਪ ਦੇ ਆਯੋਜਨ ਵਿਚ ਸ਼੍ਰੀ ਮਹਾਲਕਸ਼ਮੀ ਮੰਦਿਰ ਕਮੇਟੀ ਦਾ ਅਹਿਮ ਯੋਗਦਾਨ ਰਿਹਾ। ਕਮੇਟੀ ਦੇ ਨਾਲ-ਨਾਲ ਇਸਤਰੀ ਸਤਿਸੰਗ ਸਭਾ ਨੇ ਵੀ ਕੈਂਪ ਵਿਚ ਵਿਸ਼ੇਸ਼ ਭੂਮਿਕਾ ਨਿਭਾਈ। ਕਮੇਟੀ ਵੱਲੋਂ ਇਸਤਰੀ ਸਤਿਸੰਗ ਸਭਾ ਦੀ ਪ੍ਰਧਾਨ ਸੁਨੀਤਾ ਭਾਰਦਵਾਜ, ਟਰੱਸਟੀ ਰਵਿੰਦਰ ਖੁਰਾਣਾ, ਡਾ. ਕਰੁਣਾ ਸਾਗਰ ਅਤੇ ਐੱਸ. ਕੇ. ਰਾਮਪਾਲ, ਸੱਤਿਆਪ੍ਰਕਾਸ਼ ਐਂਗਰਿਸ਼, ਅਵਿਨਾਸ਼ ਚੱਢਾ, ਮੀਨਾ ਪ੍ਰਭਾਕਰ, ਨਿਸ਼ਾ ਟੰਡਨ, ਨਿਰਮਲਾ ਲੋਚ, ਕਾਜਲ ਰਾਜਪੂਤ, ਪਿੰਕੀ ਕਤਿਆਲ, ਕਮਲੇਸ਼ ਚੱਢਾ ਅਤੇ ਕਮੇਟੀ ਦੀਆਂ ਹੋਰ ਮੈਂਬਰਾਨ ਦਾ ਵਿਸ਼ੇਸ਼ ਸਹਿਯੋਗ ਰਿਹਾ। ਮੈਡੀਕਲ ਕੈਂਪ ਦੌਰਾਨ ਮੰਦਰ ਵੱਲੋਂ ਸਾਰੇ ਲੋਕਾਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ।
ਇਹ ਵੀ ਪੜ੍ਹੋ: ਸਾਵਧਾਨ! ਦਰਵਾਜ਼ਾ ਖੜ੍ਹਕਾ ਸ਼ਰੇਆਮ ਘਰ ਵੜੇ ਲੁਟੇਰੇ, ਇਕੱਲਾ ਜਵਾਕ ਵੇਖ ਮੱਥੇ 'ਤੇ ਰੱਖ 'ਤੀ ਪਿਸਤੌਲ, ਫਿਰ ...
ਪਿਮਸ ਹਸਪਤਾਲ ਦੀ ਟੀਮ ਦਾ ਰਿਹਾ ਅਹਿਮ ਯੋਗਦਾਨ
ਮੈਡੀਕਲ ਕੈਂਪ ਦੌਰਾਨ ਪਿਮਸ ਹਸਪਤਾਲ ਤੋਂ ਛਾਤੀ ਦੀਆਂ ਬੀਮਾਰੀਆਂ ਦੇ ਮਾਹਿਰ ਡਾਕਟਰ ਸੰਦੀਪ ਸੋਨੀ, ਅੱਖਾਂ ਦੀਆਂ ਬੀਮਾਰੀਆਂ ਦੇ ਮਾਹਿਰ ਡਾ. ਗੁਰਮਨ ਅਤੇ ਆਰਥੋ ਦੇ ਡਾਕਟਰ ਵਿਸ਼ਵਨਾਥ ਅਤੇ ਜਨਰਲ ਚੈੱਕਅਪ ਲਈ ਡਾ. ਮਨੋਜ ਮੋਗਰੇ ਸਹਿਤ ਹਸਪਤਾਲ ਦੀ ਟੀਮ ਦੇ ਹੋਰ ਮੈਂਬਰ ਮੌਜੂਦ ਰਹੇ। ਮਾਹਿਰ ਡਾਕਟਰਾਂ ਦੀ ਟੀਮ ਨੇ ਜਿੱਥੇ ਮਰੀਜ਼ਾਂ ਨੂੰ ਇਲਾਜ ਲਈ ਦਵਾਈਆਂ ਮੁਹੱਈਆ ਕਰਵਾਈਆਂ, ਉਥੇ ਹੀ ਉਨ੍ਹਾਂ ਨੂੰ ਖਾਣ-ਪੀਣ ਦੇ ਤੌਰ-ਤਰੀਕਿਆਂ ਦੇ ਨਾਲ-ਨਾਲ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਸੁਝਾਅ ਵੀ ਦਿੱਤੇ। ਇਸ ਦੌਰਾਨ ਨਰਸਿੰਗ ਸਟਾਫ਼ ਵਜੋਂ ਪ੍ਰਕ੍ਰਿਤੀ, ਗੁਰਪਿੰਦਰ ਕੌਰ ਤੇ ਦਵਿੰਦਰ ਕੌਰ ਮੌਜੂਦ ਸਨ।
375 ਲੋਕਾਂ ਨੂੰ ਦਿੱਤੀਆਂ ਨਜ਼ਰ ਦੀਆਂ ਐਨਕਾਂ
ਮੈਡੀਕਲ ਕੈਂਪ ਦੌਰਾਨ ਜਿੱਥੇ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ, ਉਥੇ ਹੀ ਲੋੜ ਪੈਣ ’ਤੇ ਬਲੱਡ ਟੈਸਟ ਵੀ ਕਰਵਾਏ ਗਏ, ਜੋ ਕਿ ਪੂਰੀ ਤਰ੍ਹਾਂ ਮੁਫ਼ਤ ਸਨ। ਇਸ ਦੌਰਾਨ ਬਲੱਡ ਸ਼ੂਗਰ, ਐੱਚ. ਬੀ. ਏ. 1-ਸੀ ਅਤੇ ਲਿਪਿਡ ਪ੍ਰੋਫਾਈਲ ਟੈਸਟ ਕੀਤੇ ਗਏ। ਇਸ ਦੌਰਾਨ ਅੱਖਾਂ ਦੇ ਮਾਹਿਰ ਡਾਕਟਰਾਂ ਵੱਲੋਂ ਲੋਕਾਂ ਨੂੰ ਐਨਕਾਂ ਦੀ ਲੋੜ ਮਹਿਸੂਸ ਹੋਣ ’ਤੇ ਉਚਿਤ ਸਲਾਹ ਦਿੱਤੀ ਗਈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ, ਬੱਸ ਤੇ ਕਾਰ ਵਿਚਾਲੇ ਭਿਆਨਕ ਟੱਕਰ, 7 ਲੋਕਾਂ ਦੀ ਮੌਤ
ਕੈਂਪ ਦੌਰਾਨ ਆਸ਼ਿਆਨਾ ਚੈਰਿਟੀ ਵੱਲੋਂ 375 ਲੋਕਾਂ ਨੂੰ ਮੁਫ਼ਤ ਨਜ਼ਰ ਦੀਆਂ ਐਨਕਾਂ ਦਿੱਤੀਆਂ ਗਈਆਂ। ਇਸ ਵਿਚ ਇੰਗਲੈਂਡ ਦੇ ਅਸ਼ੋਕ ਪੁਰੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਰਚਿਤ ਬਜਾਜ ਅਤੇ ਲਕਸ਼ਮਣ ਗੁਲਾਟੀ ਵੱਲੋਂ ਟੀਮ ਕੋਆਰਡੀਨੇਟਰ ਵਜੋਂ ਮਹੱਤਵਪੂਰਨ ਭੂਮਿਕਾ ਨਿਭਾਈ ਗਈ।
‘ਪੰਜਾਬ ਕੇਸਰੀ’ ਦੇਸ਼ ਦਾ ਪ੍ਰਮੁੱਖ ਅਖ਼ਬਾਰ ਹੈ, ਜੋ ਸਿਹਤ ਜਾਗਰੂਕਤਾ ਸਰਗਰਮੀਆਂ ਵਿਚ ਹਮੇਸ਼ਾ ਉਤਸ਼ਾਹ ਨਾਲ ਹਿੱਸਾ ਲੈਂਦਾ ਹੈ ਅਤੇ ਪਿਮਸ ਹਸਪਤਾਲ ਜਲੰਧਰ ਹਮੇਸ਼ਾ ਤੋਂ ‘ਪੰਜਾਬ ਕੇਸਰੀ’ ਨਾਲ ਸਿਹਤ ਸਬੰਧੀ ਸੇਵਾਵਾਂ ਤੇ ਜਾਗਰੂਕਤਾ ਲਈ ਵਚਨਬੱਧ ਰਿਹਾ ਹੈ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਦਾ ਯੋਗਦਾਨ ਪਾਉਂਦਾ ਰਹੇਗਾ। ‘ਪੰਜਾਬ ਕੇਸਰੀ’ ਦੇ ਸਹਿਯੋਗ ਨਾਲ ਪਿਮਸ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਖੂਨਦਾਨ ਕੈਂਪ ਵੀ ਲਾਉਂਦਾ ਹੈ ਅਤੇ ਭਵਿੱਖ ਵਿਚ ਵੀ ਲਾਉਂਦਾ ਰਹੇਗਾ। ਪਿਮਸ ਹਸਪਤਾਲ ਵਿਚ ਪੀ. ਜੀ. ਆਈ. ਚੰਡੀਗੜ੍ਹ ਦੀਆਂ ਦਰਾਂ ’ਤੇ ਇਲਾਜ ਉਪਲੱਬਧ ਹੈ ਅਤੇ ਆਯੁਸ਼ਮਾਨ ਭਾਰਤ ਤਹਿਤ ਮੁਫ਼ਤ ਇਲਾਜ ਦੀ ਸਹੂਲਤ ਵੀ ਉਪਲੱਬਧ ਹੈ।-ਡਾ. ਰਾਜੀਵ ਅਰੋੜਾ, ਡਾਇਰੈਕਟਰ ਪ੍ਰਿੰਸੀਪਲ ਪਿਮਸ
ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਉੱਚ ਸੰਸਕਾਰਾਂ ਅਤੇ ਉੱਚ ਵਿਚਾਰਾਂ ਵਾਲੀ ਔਰਤ ਸਨ ਅਤੇ ਉਹ ਹਮੇਸ਼ਾ ਗਰੀਬਾਂ ਤੇ ਲੋੜਵੰਦਾਂ ਦੀ ਸੇਵਾ ਕਰਨ ਲਈ ਤਿਆਰ ਰਹਿੰਦੇ ਸਨ। ਉਨ੍ਹਾਂ ਦੀਨ-ਦੁਖੀਆਂ ਦੀ ਸੇਵਾ ਨੂੰ ਹੀ ਪਰਮਾਤਮਾ ਦੀ ਭਗਤੀ ਦਾ ਮਾਰਗ ਦੱਸਿਆ ਸੀ। ਉਹ ਦੂਜਿਆਂ ਨੂੰ ਵੀ ਸਮਾਜ-ਸੇਵਾ ਅਤੇ ਦੇਸ਼ ਸੇਵਾ ਦੇ ਕੰਮ ਕਰਨ ਲਈ ਪ੍ਰੇਰਿਤ ਕਰਦੇ ਸਨ। ਅੱਜ ਸਮਾਜ ਉਨ੍ਹਾਂ ਦੇ ਨਕਸ਼ੇ-ਕਦਮਾਂ ’ਤੇ ਚੱਲ ਰਿਹਾ ਹੈ ਅਤੇ ਸ਼ਹਿਰ ਦੀਆਂ ਅਨੇਕ ਸੰਸਥਾਵਾਂ ਸਮਾਜ-ਸੇਵੀ ਕੰਮਾਂ ਵਿਚ ਜੁਟੀਆਂ ਹੋਈਆਂ ਹਨ। ਇਸੇ ਕਾਰਨ ਉਨ੍ਹਾਂ ਦਾ ਜੀਵਨ ਹਮੇਸ਼ਾ ਸਾਡਾ ਮਾਰਗਦਰਸ਼ਨ ਕਰਦਾ ਰਹੇਗਾ।-ਸਾਇਸ਼ਾ ਚੋਪੜਾ, ਪੰਜਾਬ ਕੇਸਰੀ ਗਰੁੱਪ।
ਇਹ ਵੀ ਪੜ੍ਹੋ: ਪੰਜਾਬ ਲਈ ਖ਼ਤਰੇ ਦੀ ਘੰਟੀ! ਉੱਡੀ ਕਿਸਾਨਾਂ ਦੀ ਨੀਂਦ, ਅਚਾਨਕ ਆ ਖੜ੍ਹੀ ਹੋਈ ਵੱਡੀ ਮੁਸੀਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e