ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਮਾਰੀ ਠੱਗੀ, 2 ਏਜੰਟਾਂ ਖ਼ਿਲਾਫ਼ ਮਾਮਲਾ ਦਰਜ
Sunday, Jul 03, 2022 - 06:09 PM (IST)

ਨਵਾਂਸ਼ਹਿਰ (ਤ੍ਰਿਪਾਠੀ)-ਸਟੱਡੀ ਵੀਜ਼ੇ ’ਤੇ ਕੈਨੇਡਾ ਭੇਜਣ ਦਾ ਝਾਂਸਾ ਦੇੇ ਕੇ 7.60 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ 2 ਦੋਸ਼ੀ ਏਜੰਟਾਂ ਖ਼ਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਜਸਵੀਰ ਕੌਰ ਪਤਨੀ ਦੇਸਰਾਜ ਵਾਸੀ ਪਿੰਡ ਮਕਸੂਦਾ ਨੇ ਦੱਸਿਆ ਕਿ ਉਹ ਬਾਰ੍ਹਵੀਂ ਕਲਾਸ ਤੱਕ ਪਡ਼੍ਹੀ ਹੋਈ ਹੈ ਅਤੇ ਉਸ ਨੇ ਬਿਊਟੀ ਪਾਰਲਰ ਦਾ ਡਿਪਲੋਮਾ ਵੀ ਕੀਤਾ ਹੋਇਆ ਹੈ। ਉਸ ਨੇ ਦੱਸਿਆ ਕਿ ਉਹ ਵਿਦੇਸ਼ ਜਾਣ ਦੀ ਇੱਛੁਕ ਸੀ। ਉਸ ਦੇ ਭਰਾ ਕਮਲ ਕੁਮਾਰ ਦੀ ਜਾਣ-ਪਛਾਣ ਵਾਲਾ ਬਲਵੀਰ ਸਿੰਘ ਜਿਹਡ਼ਾ ਪਿੰਡ ਬਿਲਗਾ ਵਿਖੇ ਹੈਲਥ ਕਲੱਬ ਚਲਾਉਦਾ ਹੈ, ਨੇ ਦੱਸਿਆ ਕਿ ਉਸ ਦਾ ਦੋਸਤ ਅਮਨਦੀਪ ਧਵਨ ਵਿਦੇਸ਼ਾਂ ਨੂੰ ਭੇਜਣ ਦੀ ਏਜੰਟੀ ਕਰਦਾ ਹੈ ਅਤੇ ਉਹ ਉਸ ਦੀ ਭੈਣ ਨੂੰ ਸਟੱਡੀ ਵੀਜ਼ੇ ’ਤੇ ਕੈਨੇਡਾ ਭੇਜ ਸਕਦਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਬਲਵੀਰ ਸਿੰਘ ਨੇ ਏਜੰਟ ਅਮਨਦੀਪ ਧਵਨ ਨਾਲ ਗੱਲਬਾਤ ਕਰਵਾਈ, ਜਿਸ ਨਾਲ ਸਟੱਡੀ ਵੀਜ਼ੇ ’ਤੇ ਕੈਨੇਡਾ ਜਾਣ ਦਾ ਸੌਦਾ 15 ਲੱਖ ਰੁਪਏ ’ਚ ਤੈਅ ਹੋਇਆ, ਜਿਸ ’ਚੋਂ 6.50 ਲੱਖ ਰੁਪਏ ਪਹਿਲਾਂ ਅਤੇ ਬਾਕੀ ਰਾਸ਼ੀ ਵੀਜ਼ਾ ਲੱਗਣ ਤੋਂ ਬਾਅਦ ਦੇਣੀ ਤੈਅ ਹੋਈ। ਉਸ ਨੇ ਦੱਸਿਆ ਕਿ ਉਕਤ ਬਲਵੀਰ ਨੇ ਉਸ ਕੋਲੋਂ ਅਮਨਦੀਪ ਧਵਨ ਦੇ ਖਾਤੇ ’ਚ 6 ਲੱਖ ਰੁਪਏ ਟਰਾਂਸਫਰ ਕਰਵਾ ਦਿੱਤੇ ਅਤੇ ਅਗਲੇ ਦਿਨ 50 ਹਜ਼ਾਰ ਰੁਪਏ, ਪਾਸਪੋਰਟ ਅਤੇ ਹੋਰ ਦਸਤਾਵੇਜ਼ ਗਵਾਹ ਦੀ ਹਾਜ਼ਰੀ ਵਿਚ ਉਸ ਤੋਂ ਲੈ ਲਏ।
ਉਸ ਨੇ ਦੱਸਿਆ ਕਿ ਇਸ ਉਪਰੰਤ ਉਕਤ ਏਜੰਟ ਨੇ ਪੁਲਸ ਵੈਰੀਫਿਕੇਸ਼ਨ ਦੇ ਨਾਂ ’ਤੇ 1.10 ਲੱਖ ਰੁਪਏ ਹੋਰ ਲੈ ਲਏ। ਉਸ ਨੇ ਦੱਸਿਆ ਕਿ ਉਕਤ ਏਜੰਟ ਨਾਲ ਲਿਖਤੀ ਤੌਰ ’ਤੇ ਸਮਝੌਤਾ ਹੋਇਆ ਸੀ ਕਿ ਮਿੱਥੀ ਤਰੀਕ ਤੱਕ ਉਸ ਨੂੰ ਸਟੱਡੀ ਵੀਜ਼ੇ ’ਤੇ ਕੈਨੇਡਾ ਭੇਜ ਦੇਵੇਗਾ ਪਰ 7.60 ਲੱਖ ਰੁਪਏ ਦੀ ਰਾਸ਼ੀ ਲੈਣ ਦੇ ਬਾਵਜੂਦ ਉਕਤ ਏਜੰਟ ਨੇ ਉਸ ਨੂੰ ਕੈਨੇਡਾ ਨਹੀਂ ਭੇਜਿਆ। ਉਸ ਨੇ ਦੱਸਿਆ ਕਿ ਏਜੰਟ ਨੇ ਉਸ ਦਾ ਪਾਸਪੋਰਟ ਅਤੇ ਹੋਰ ਦਸਤਾਵੇਜ਼ ਵਾਪਸ ਕਰ ਦਿੱਤੇ ਪਰ ਉਸ ਦੀ ਰਾਸ਼ੀ ਵਾਪਸ ਨਹੀਂ ਕਰ ਰਿਹਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਉਸ ਨੇ ਅਪਣੀ ਰਾਸ਼ੀ ਵਾਪਸ ਕਰਵਾਉਣ ਅਤੇ ਦੋਸ਼ੀ ਏਜੰਟਾਂ ਖ਼ਿਲਾਫ਼ ਕਾਨੂੰਨ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। ਉਪਰੋਕਤ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵੱਲੋਂ ਕੀਤੇ ਜਾਣ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਬਹਿਰਾਮ ਦੀ ਪੁਲਸ ਨੇ ਅਮਨਦੀਪ ਧਵਨ ਪੁੱਤਰ ਸ਼ਾਮਲਾਲ ਵਾਸੀ ਫਿਲੌਰ ਜ਼ਿਲ੍ਹਾ ਜਲੰਧਰ ਅਤੇ ਬਲਵੀਰ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਪਿੰਡ ਪੁਆਂਦਡ਼ਾ ਜ਼ਿਲ੍ਹਾ ਜਲੰਧਰ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।