ਜਾਅਲੀ ਦਸਤਾਵੇਜ਼ ਤਿਆਰ ਕਰਕੇ ਲੱਖਾਂ ਰੁਪਏ ਦੀ ਕੀਤੀ ਧੋਖਾਧੜੀ, 2 ਖ਼ਿਲਾਫ਼ ਮਾਮਲਾ ਦਰਜ
Thursday, Apr 30, 2026 - 12:19 PM (IST)
ਫਗਵਾੜਾ (ਜਲੋਟਾ)-ਫਗਵਾੜਾ ਵਿਖੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਲੱਖਾਂ ਰੁਪਏ ਦੀ ਧੋਖਾਦੇਹੀ ਕਰਨ ਦਾ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਥਾਣਾ ਸਤਨਾਮਪੁਰਾ ਨੇ ਰਾਜੀਵ ਕੁਮਾਰ ਪੁੱਤਰ ਵੇਦਪਾਲ ਦੁੱਗਲ ਵਾਸੀ ਹਦੀਆਬਾਦ ਫਗਵਾੜਾ ਦੀ ਸ਼ਿਕਾਇਤ ’ਤੇ ਮਹਿਲਾ ਸਮੇਤ 2 ਲੋਕਾਂ ਖ਼ਿਲਾਫ਼ ਧੋਖਾਧੜੀ ਦੇ ਦੋਸ਼ ’ਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤ ਕਰਤਾ ਜੋ ਕਿ ਪੇਸ਼ੇ ਤੋਂ ਦੁਕਾਨਦਾਰ ਹੈ, ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਹੈ ਕਿ ਉਸ ਨੂੰ ਸੰਤੋਖ ਸਿੰਘ ਵਾਸੀ ਪਿੰਡ ਉੱਚਾ ਪਿੰਡ ਵੱਲੋਂ ਸਾਲ 2018 ਵਿਚ ਆਪਣਾ ਮੁਖਤਾਰਨਾਮਾ (ਪਾਵਰ ਆਫ ਅਟਾਰਨੀ) ਨਿਯੁਕਤ ਕੀਤਾ ਗਿਆ ਸੀ। ਇਸ ਦੇ ਆਧਾਰ ’ਤੇ ਉਸ ਨੇ 5 ਜੁਲਾਈ 2024 ਨੂੰ ਕਰੀਬ 7 ਖੇਤ ਜ਼ਮੀਨ ਦਾ ਸੌਦਾ ਦਲਜੀਤ ਕੌਰ ਵਾਸੀ ਹਦੀਆਬਾਦ ਅਤੇ ਗੁਰਪ੍ਰੀਤ ਸਿੰਘ ਘੱਗ ਵਾਸੀ ਪਿੰਡ ਨਾਰੰਗਸ਼ਾਹਪੁਰ ਨਾਲ ਕੀਤਾ ਸੀ। ਇਸ ਸੌਦੇ ਦੌਰਾਨ ਸ਼ਿਕਾਇਤਕਰਤਾ ਨੇ 5 ਲੱਖ ਰੁਪਏ ਦਾ ਬਿਆਨਾ ਚੈੱਕ ਰਾਹੀਂ ਪ੍ਰਾਪਤ ਕੀਤਾ ਸੀ ਅਤੇ ਇਸ ਦੀ ਕਾਗਜ਼ੀ ਕਾਰਵਾਈ ਐਡਵੋਕੇਟ ਰਾਹੀਂ ਨੋਟਰੀ ਕਰਵਾਈ ਗਈ ਸੀ।
ਇਹ ਵੀ ਪੜ੍ਹੋ: Punjab: 'ਮੇਰੇ ਨਾਲ ਜੋ ਕਰਨਾ ਹੈ...', ਔਰਤਾਂ ਦਾ ਕਾਰਨਾਮਾ ਜਾਣ ਤੁਹਾਡੇ ਵੀ ਉੱਡ ਜਾਣਗੇ ਹੋਸ਼
ਸ਼ਿਕਾਇਤ ਕਰਤਾ ਅਨੁਸਾਰ ਮੁਲਜ਼ਮਾਂ ਨੇ ਮਿੱਥੇ ਸਮੇਂ ਅੰਦਰ ਜ਼ਮੀਨ ਦੀ ਰਜਿਸਟਰੀ ਕਰਵਾਉਣ ਦੀ ਬਜਾਏ ਕਥਿਤ ਤੌਰ ’ਤੇ ਸਾਜ਼ਿਸ਼ ਰਚੀ ਅਤੇ ਇਕ ਫਰਜ਼ੀ ਬਿਆਨਾ ਪੱਤਰ ਤਿਆਰ ਕਰਕੇ ਮਾਨਯੋਗ ਅਦਾਲਤ ਵਿਚ ਝੂਠਾ ਮੁਕੱਦਮਾ ਦਾਇਰ ਕਰ ਦਿੱਤਾ। ਇਸ ਝੂਠੇ ਮੁਕੱਦਮੇ ਵਿਚ ਮੁਲਜ਼ਮਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਰਾਜੀਵ ਕੁਮਾਰ ਨੂੰ ਵੱਖ-ਵੱਖ ਤਾਰੀਖਾਂ ਵਿੱਚ ਕੁੱਲ 25 ਲੱਖ ਰੁਪਏ (15 ਲੱਖ ਅਤੇ 10 ਲੱਖ) ਨਕਦ ਦਿੱਤੇ ਹਨ, ਜਦਕਿ ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਉਸ ਨੇ ਅਜਿਹੀ ਕੋਈ ਰਕਮ ਪ੍ਰਾਪਤ ਨਹੀਂ ਕੀਤੀ।
ਇਹ ਵੀ ਪੜ੍ਹੋ: ਵੱਡਾ ਫੇਰਬਦਲ! ਪੰਜਾਬ ਦੇ 96 ਨਿਆਇਕ ਅਧਿਕਾਰੀਆਂ ਦੇ ਕੀਤੇ ਤਬਾਦਲੇ, ਵੇਖੋ ਪੂਰਾ ਵੇਰਵਾ
ਰਾਜੀਵ ਕੁਮਾਰ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਉਸ ਦੇ ਜਾਅਲੀ ਦਸਤਖ਼ਤ ਕੀਤੇ ਹਨ ਅਤੇ ਇਸ ਫਰਜ਼ੀ ਲਿਖਤ ਵਿਚ ਸ਼ਾਮਲ ਗਵਾਹ ਵੀ ਪੂਰੀ ਤਰ੍ਹਾਂ ਝੂਠੇ ਹਨ, ਜਿਨ੍ਹਾਂ ਨੂੰ ਉਹ ਕਦੇ ਮਿਲਿਆ ਤੱਕ ਨਹੀਂ ਹੈ। ਫਿਲਹਾਲ ਪੁਲਸ ਨੇ ਇਸ ਧੋਖਾਦੇਹੀ ਦੇ ਮਾਮਲੇ ਵਿਚ ਮੁਲਜ਼ਮਾਂ ਖ਼ਿਲਾਫ਼ ਪੁਲਸ ਥਾਣਾ ਸਤਨਾਮਪੁਰਾ ਵਿਖੇ ਬੀ. ਐੱਨ. ਐੱਸ. ਦੀ ਧਾਰਾ 318(4) ਅਤੇ 61(2) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਮੁਲਜ਼ਮ ਪੱਖ ਦੇ ਨਜ਼ਦੀਕੀ ਸੂਤਰਾਂ ਨੇ ਰਾਜੀਵ ਕੁਮਾਰ ਵਲੋਂ ਦਰਜ ਕਰਵਾਈ ਗਈ ਐੱਫ. ਆਈ. ਆਰ. ਅਤੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਖ਼ੁਦ ਨੂੰ ਬੇਗੁਨਾਹ ਦੱਸਿਆ ਹੈ। ਪੁਲਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਕੀਤੇ ਗਏ ਤਬਾਦਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
