ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਇੰਝ ਮਾਰੀ 1 ਲੱਖ 70 ਹਜ਼ਾਰ ਦੀ ਠੱਗੀ
Monday, Mar 13, 2023 - 05:27 PM (IST)

ਗੜ੍ਹਦੀਵਾਲਾ (ਭੱਟੀ, ਮਨਿੰਦਰ)-ਗੜ੍ਹਦੀਵਾਲਾ ਪੁਲਸ ਵੱਲੋਂ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ 1 ਲੱਖ 70 ਹਜ਼ਾਰ ਦੀ ਠੱਗੀ ਮਾਰਨ ਦੇ ਸਬੰਧ ਵਿਚ ਸਾਇਬਰ ਸੈੱਲ ਵੱਲੋਂ ਜਾਂਚ ਕਰਨ ਉਪਰੰਤ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਰਾਮ ਲਾਲ ਪੁੱਤਰ ਬੇਲੀ ਰਾਮ ਵਾਸੀ ਪਿੰਡ ਕੁਕਰਾਲੀ ਥਾਣਾ ਗੜ੍ਹਦੀਵਾਲਾ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੁਲਸ ਕਪਤਾਨ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਪੀ. ਐੱਨ. ਬੀ. ਬੈਂਕ ਗੋਦਪੁਰ ਬਲਾਕ ਭੂੰਗਾ ਵਿਖੇ ਖ਼ਾਤਾ ਹੈ। ਉਸ ਨੂੰ 21 ਅਕਤੂਬਰ 2022 ਨੂੰ ਇਕ ਵਿਦੇਸ਼ੀ ਨੰਬਰ (+763) 634-6990 ਤੋਂ ਫੋਨ ਆਇਆ ਕਿ ਮੈਂ ਬੱਗੂ ਬੋਲਦਾ ਹਾਂ, ਮੈਨੂੰ ਆਪਣੇ ਖਾਤੇ ਵਿਚੋਂ 1 ਲੱਖ 70 ਹਜ਼ਾਰ ਰੁਪਏ ਹੇਠ ਲਿਖੇ ਖ਼ਾਤੇ ਵਿਚ ਭੇਜੋ। ਇਹ ਮੇਰੀ ਜ਼ਿੰਦਗੀ ਦਾ ਸਵਾਲ ਹੈ, ਮੈਂ ਤੁਹਾਨੂੰ ਤੁਹਾਡੇ ਵਟਸਐਪ ’ਤੇ ਖਾਤਾ ਨੰਬਰ ਅਤੇ ਸਾਰੀ ਡਿਟੇਲ ਭੇਜ ਰਿਹਾ ਹਾਂ।
ਉਸ ਨੇ ਦੱਸਿਆ ਕਿ ਮੇਰੇ ਭਾਣਜੇ ਦਾ ਨਾਂ ਵੀ ਬੱਗੂ ਸੀ ਅਤੇ ਉਹ ਇਮੋਸ਼ਨਲ ਹੋ ਗਿਆ ਕਿ ਉਸ ਦੇ ਭਾਣਜੇ ਨੇ ਪੈਸਿਆਂ ਦੀ ਮੰਗ ਕੀਤੀ ਹੈ, ਉਸ ਨੂੰ ਲੋੜ ਹੋਵੇਗੀ। ਜਦੋਂ ਉਸ ਨੇ ਆਪਣੇ ਭਾਣਜੇ ਨੂੰ ਕੈਨੇਡਾ ਫੋਨ ਕਰਕੇ ਪੁੱਛਿਆ ਕਿ ਪੈਸੇ ਪਹੁੰਚ ਗਏ। ਉਹ ਅੱਗੋਂ ਕਹਿੰਦਾ ਕਿ ਮੈਂ ਤੁਹਾਨੂੰ ਪੈਸਿਆਂ ਸਬੰਧੀ ਫੋਨ ਕੀਤਾ ਹੀ ਨਹੀਂ, ਮੈਨੂੰ ਤਾਂ ਪੈਸਿਆਂ ਦੀ ਲੋੜ ਨਹੀਂ ਸੀ। ਉਕਤ ਵਕਤ ਮੈਨੂੰ ਪਤਾ ਲੱਗਾ ਕਿ ਕੋਈ ਵਿਅਕਤੀ ਫਰਜ਼ੀ ਕਾਲ ਕਰਕੇ ਮੇਰੇ ਨਾਲ 1 ਲੱਖ 70 ਹਜ਼ਾਰ ਰੁਪਏ ਦੀ ਠੱਗੀ ਮਾਰ ਗਿਆ।
ਇਹ ਵੀ ਪੜ੍ਹੋ: ਨਿਹੰਗ ਪ੍ਰਦੀਪ ਸਿੰਘ ਦੇ ਕਤਲ ਦੀ ਇਕ ਹੋਰ ਵੀਡੀਓ ਆਈ ਸਾਹਮਣੇ, ਖੋਲ੍ਹੇਗੀ ਮਰਡਰ ਮਿਸਟ੍ਰੀ ਦੇ ਵੱਡੇ ਰਾਜ਼
ਜਦੋਂ ਉਸ ਨੇ ਪੀ. ਐੱਨ. ਬੀ. ਬੈਂਕ ਗੋਂਦਪੁਰ ਜਾ ਕੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਉਸ ਦੇ ਖ਼ਾਤੇ ਵਿਚੋਂ ਪੈਸੇ ਜਾ ਚੁੱਕੇ ਸਨ। ਇਸ ਸਬੰਧੀ ਗੜ੍ਹਦੀਵਾਲਾ ਪੁਲਸ ਵੱਲੋਂ ਇਨਕੁਆਰੀ ਕਰਨ ਉਪਰੰਤ ਪਾਇਆ ਗਿਆ ਕਿ ਨਾ-ਮਾਲਮੂ ਫੋਨ ਤੋਂ ਫਰਜ਼ੀ ਕਾਲ ਕਰਕੇ 1 ਲੱਖ 70 ਹਜ਼ਾਰ ਦੀ ਠੱਗੀ ਮਾਰੀ ਗਈ ਹੈ। ਇਸ ਸਬੰਧੀ ਇਨਕੁਆਰੀ ਰਿਪੋਰਟ ’ਚ ਡੀ.ਐੱਸ.ਪੀ. ਟਾਂਡਾ ਕੁਲਵੰਤ ਸਿੰਘ ਵੱਲੋਂ ਆਪਣੀ ਸਹਿਮਤੀ ਪ੍ਰਗਟਾਉਂਦੇ ਹੋਏ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਆਪਣੀ ਰਿਪੋਰਟ ਭੇਜਣ ਉਪਰੰਤ ਗੜ੍ਹਦੀਵਾਲਾ ਪੁਲਸ ਵੱਲੋਂ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ।
ਇਹ ਵੀ ਪੜ੍ਹੋ: ਬੱਸ 'ਚ ਸਫ਼ਰ ਕਰਨ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਇਸ ਦਿਨ ਝੱਲਣੀ ਪੈ ਸਕਦੀ ਹੈ ਭਾਰੀ ਪਰੇਸ਼ਾਨੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ