ਮੋਟਰਸਾਈਕਲ ਯਾਤਰਾ ਦੇ ਨਾਂ ''ਤੇ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਮਾਰੀ 4 ਕਰੋੜ ਦੀ ਠੱਗੀ

01/05/2020 1:19:08 PM

ਜਲੰਧਰ (ਵਰੁਣ)— ਮੋਟਰਸਾਈਕਲ ਯਾਤਰਾ ਦੇ ਨਾਂ 'ਤੇ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਕਰੀਬ 4 ਕਰੋੜ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਚਾਰ ਦਰਜਨ ਦੇ ਕਰੀਬ ਪੰਜਾਬੀਆਂ ਦਾ ਇਕ ਵਫਦ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ, ਜਨਰਲ ਸਕੱਤਰ ਮੰਗਾ ਸਿੰਘ, ਕਨਵੀਨਰ ਸਰਵਣ ਸਿੰਘ, ਸਕੱਤਰ ਵਿਰਸਾ ਸਿੰਘ, ਮੈਂਬਰ ਮਨਜੀਤ ਸਿੰਘ ਅਤੇ ਚੇਅਰਮੈਨ ਜਗੀਰ ਸਿੰਘ ਦੀ ਅਗਵਾਈ 'ਚ ਬਸਪਾ ਦੇ ਯੂ. ਪੀ., ਪੰਜਾਬ ਅਤੇ ਹਰਿਆਣਾ ਦੇ ਇੰਚਾਰਜ ਰਣਬੀਰ ਸਿੰਘ ਬੈਨੀਪਾਲ ਨੂੰ ਮਿਲਿਆ।

ਇਸ ਮੌਕੇ 'ਤੇ ਸਤਨਾਮ ਸਿੰਘ ਗਿੱਲ ਨੇ ਪੀੜਤਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਗਾਜੀਆਬਾਦ ਦੀਆਂ ਕੁਝ ਕੰਪਨੀਆਂ ਦੇ ਕਥਿਤ ਠੱਗ ਏਜੰਟਾਂ ਨੇ ਮੋਟਰਸਾਈਕਲ ਯਾਤਰਾ ਦੇ ਨਾਂ 'ਤੇ ਚਾਰ ਕਰੋੜ ਰੁਪਏ ਦੇ ਕਰੀਬ ਠੱਗੀ ਮਾਰੀ ਹੈ। ਇਸ ਕਾਰਨ ਉਕਤ ਏਜੰਟਾਂ ਦੀ ਜਾਣਕਾਰੀ ਹਾਸਲ ਕਰਕੇ ਮਦਦ ਕੀਤੀ ਜਾਵੇ ਤਾਂ ਜੋ ਕਾਨੂੰਨੀ ਢੰਗ ਨਾਲ ਠੱਗੇ ਗਏ ਪੰਜਾਬੀਆਂ ਦੇ ਪੈਸੇ ਵਾਪਸ ਕੀਤੇ ਜਾਣ। ਸੰਸਥਾ ਦੇ ਪ੍ਰਧਾਨ ਗਿੱਲ ਨੇ ਪੰਜਾਬ ਦੇ ਮਾਲਵਾ ਤੇ ਦੋਆਬਾ ਦੇ ਪੀੜਤ ਪਰਿਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੰਸਥਾ ਦੇ ਨਾਲ ਸੰਪਰਕ ਕਰਕੇ ਸ਼ੁਰੂ ਕੀਤੇ ਜਾ ਰਹੇ ਅੰਦੋਲਨ 'ਚ ਸ਼ਾਮਲ ਹੋ ਕੇ ਆਪਣੇ ਆਰਥਿਕ ਨੁਕਸਾਨ ਦੀ ਭਰਪਾਈ ਕਰਨ। ਉਨ੍ਹਾਂ ਕਿਹਾ ਕਿ ਪੀੜਤਾਂ ਦੀ ਨਿਸ਼ਾਨਦੇਹੀ 'ਤੇ ਅੰਮ੍ਰਿਤਸਰ ਅਤੇ ਹੋਰ ਜ਼ਿਲਿਆਂ 'ਚ ਆਪਣੇ ਝਾਂਸੇ 'ਚ ਲੈ ਕੇ ਠੱਗੀ ਮਾਰਨ ਵਾਲੇ ਉਕਤ ਲੋਕਾਂ ਖਿਲਾਫ ਕੇਸ ਦਰਜ ਕਰਵਾ ਕੇ ਸੰਸਥਾ ਦੀ ਸਟੇਟ ਬਾਡੀ ਦੀ ਲੀਡਰਸ਼ਿਪ ਡੀ. ਜੀ. ਪੀ. ਦਿਨਕਰ ਗੁਪਤਾ ਨਾਲ ਮੁਲਾਕਾਤ ਕਰੇਗੀ ਤਾਂ ਜੋ ਪੰਜਾਬ ਪੁਲਸ ਗਾਜੀਆਬਾਦ ਦੇ ਇਸ ਗਿਰੋਹ ਨੂੰ ਪੰਜਾਬ 'ਚ ਲਿਆ ਸਕੇ। ਰਣਬੀਰ ਸਿੰਘ ਬੈਨੀਪਾਲ ਨੇ ਪੰਜਾਬੀਆਂ ਦੀ ਮਦਦ ਕਰਨ ਲਈ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਨੂੰ ਜ਼ਿੰਮਾ ਸੌਂਪਿਆ ਹੈ। ਪ੍ਰਧਾਨ ਗਿੱਲ ਨੇ ਕਿਹਾ ਕਿ ਇਸ ਹਫਤੇ ਉਹ ਐੱਸ. ਐੱਸ. ਪੀ. ਅੰਮ੍ਰਿਤਸਰ ਦਿਹਾਤੀ ਨਾਲ ਮੁਲਾਕਾਤ ਕਰਕੇ ਇਕ ਸਾਂਝੀ ਸ਼ਿਕਾਇਤ ਪੀੜਤਾਂ ਵੱਲੋਂ ਦਿਵਾਉਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਜੇਲ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਅੱਜ ਫੋਨ 'ਤੇ ਪੀੜਤਾਂ ਦੀ ਸੰਭਵ ਮਦਦ ਕਰਨ ਦਾ ਵੀ ਭਰੋਸਾ ਦਿੱਤਾ ਹੈ। ਪੀੜਤ ਦਲਬੀਰ ਸਿੰਘ, ਅਮਰਜੀਤ ਸਿੰਘ ਆਦਿ ਨੇ ਦੱਸਿਆ ਕਿ ਉਕਤ ਏਜੰਟਾਂ ਨੇ ਪੈਸੇ ਦੁੱਗਣੇ ਕਰਨ ਦੇ ਨਾਂ 'ਤੇ ਪ੍ਰਤੀ ਵਿਅਕਤੀ ਤੋਂ 62 ਹਜ਼ਾਰ ਰੁਪਏ ਲਏ ਸਨ ।


shivani attri

Content Editor

Related News