ਯੋਗਾਂਡਾ ''ਚ ਹੋਰ ਵੀ ਫਸੇ ਹੋ ਸਕਦੇ ਹਨ ਪੰਜਾਬੀ ਮੂਲ ਦੇ ਲੋਕ

01/02/2020 3:47:03 PM

ਕਪੂਰਥਲਾ (ਭੂਸ਼ਣ)— ਅਮਰੀਕਾ ਦੀ ਜਗ੍ਹਾ ਯੋਗਾਂਡਾ ਭੇਜ ਕੇ ਇਕ ਘਰ 'ਚ ਬੰਧਕ ਬਣਾਉਣ ਅਤੇ ਪਿਸਤੌਲ ਦੀ ਨੋਕ 'ਤੇ ਕੁਲ 65 ਲੱਖ ਰੁਪਏ ਦੀ ਰਕਮ ਹੜੱਪਣ ਦੇ ਮਾਮਲੇ 'ਚ ਪੁਲਸ ਜਾਂਚ ਦੌਰਾਨ ਜਿੱਥੇ ਅਫਰੀਕੀ ਮੁਲਕ ਯੋਗਾਂਡਾ 'ਚ ਇਕ ਵੱਡੇ ਕਬੂਤਰਬਾਜ਼ੀ ਨੈੱਟਵਰਕ ਦੇ ਖੁਲਾਸੇ ਹੋਣ ਦੀ ਸੰਭਾਵਨਾ ਵਧ ਗਈ ਹੈ। ਉਥੇ ਹੀ ਆਰਥਿਕ ਤੌਰ 'ਤੇ ਗਰੀਬ ਮੰਨੇ ਜਾਣ ਵਾਲੇ ਯੋਗਾਂਡਾ 'ਚ ਵੱਡੀ ਗਿਣਤੀ 'ਚ ਪੰਜਾਬੀ ਭਾਈਚਾਰੇ ਦੇ ਲੋਕ ਦਾ ਫਸਣ ਦਾ ਅੰਦੇਸ਼ਾ ਵਧ ਗਿਆ ਹੈ। ਜਿਸ ਦਾ ਸਹੀ ਖੁਲਾਸਾ ਭੁਲੱਥ ਪੁਲਸ ਵੱਲੋਂ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਪੰਜਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਬਾਅਦ ਹੀ ਹੋ ਸਕੇਗਾ।

ਜ਼ਿਕਰਯੋਗ ਹੈ ਕਿ ਭੁਲੱਥ ਪੁਲਸ ਨੇ ਪਿੰਡ ਖਲੀਲ ਵਾਸੀ ਇਕ ਵਿਅਕਤੀ ਮਨਮਿੰਦਰ ਸਿੰਘ ਦੀ ਸ਼ਿਕਾਇਤ 'ਤੇ ਉਸ ਦੇ ਤਿੰਨ ਪਰਿਵਾਰਕ ਮੈਂਬਰਾਂ ਨੂੰ ਅਮਰੀਕਾ ਦੀ ਜਗ੍ਹਾ ਯੋਗਾਂਡਾ ਭੇਜ ਕੇ 6 ਮਹੀਨੇ ਤਕ ਇਕ ਘਰ ਵਿਚ ਬੰਧਕ ਬਣਾਉਣ ਅਤੇ 65 ਲੱਖ ਰੁਪਏ ਦੀ ਰਕਮ ਹੜੱਪਣ ਦੇ ਮਾਮਲੇ ਵਿਚ ਇਕ ਪਤੀ-ਪਤਨੀ ਸਮੇਤ 5 ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਥੇ ਹੀ ਸ਼ੁਰੂਆਤੀ ਜਾਂਚ ਵਿਚ ਜੁਟੀ ਕਪੂਰਥਲਾ ਪੁਲਸ ਨੂੰ ਸ਼ੱਕ ਹੈ ਕਿ ਇਸ ਪੂਰੇ ਮਾਮਲੇ ਵਿਚ ਹੋਰ ਵੀ ਕਈ ਪੰਜਾਬੀਆਂ ਦਾ ਇਸ ਗਰੀਬ ਦੇਸ਼ ਵਿਚ ਫਸੇ ਹੋਣ ਦਾ ਅਦੇਸ਼ਾ ਵਧ ਗਿਆ ਹੈ।

ਗੌਰ ਹੋਵੇ ਕਿ ਯੋਗਾਂਡਾ 'ਚ ਭਾਰਤੀ ਦਾ ਫਸੇ ਹੋਣ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ, ਇਸ ਤੋਂ ਪਹਿਲਾਂ ਦੱਖਣੀ ਅਮਰੀਕੀ ਦੇਸ਼ਾਂ ਗਵਾਟੇਮਾਲਾ, ਇਕਵਾਡੋਰ ਕੋਲੰਬੀਆ ਅਤੇ ਮੈਕਸੀਕੋ ਵਿਚ ਜਿਥੇ ਸੈਂਕੜਿਆਂ ਦੀ ਗਿਣਤੀ ਵਿਚ ਭਾਰਤੀ ਦੇ ਫਸੇ ਹੋਣ ਦੀ ਸੂਚਨਾ ਆਉਂਦੀ ਰਹੀ ਹੈ। ਉਥੇ ਹੀ ਇਨ੍ਹਾਂ ਦੇਸ਼ਾਂ ਵਿਚ ਪੰਜਾਬੀ ਮੂਲ ਦੇ ਕਈ ਲੋਕ ਮੌਤ ਦਾ ਸ਼ਿਕਾਰ ਵੀ ਹੋ ਚੁੱਕੇ ਹਨ। ਮਾਮਲੇ ਦੀ ਜਾਂਚ ਵਿਚ ਜੁਟੀ ਪੁਲਸ ਟੀਮ ਦਾ ਇਹ ਵੀ ਮੰਨਣਾ ਹੈ ਕਿ ਇਸ ਗੈਂਗ ਦੀ ਦਹਿਸ਼ਤ 'ਚ ਕਈ ਲੋਕਾਂ ਨੇ ਪੁਲਸ ਦੇ ਸਾਹਮਣੇ ਸ਼ਿਕਾਇਤ ਵੀ ਦਰਜ ਨਾ ਕਰਵਾਈ ਹੋਵੇ ਪਰ ਹੁਣ ਇਸ ਮਾਮਲੇ 'ਚ 5 ਮੁਲਜ਼ਮਾਂ ਦੇ ਨਾਂ ਨਾਮਜ਼ਦ ਹੋਣ ਦੇ ਬਾਅਦ ਪੁਲਸ ਦੇ ਸਾਹਮਣੇ ਅਜਿਹੇ ਹੋਰ ਵੀ ਕਈ ਮਾਮਲੇ ਸਾਹਮਣੇ ਆ ਸਕਦੇ ਹਨ।

ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸਬੰਧ 'ਚ ਜਦੋਂ ਐੱਸ. ਐੱਸ. ਪੀ. ਸਤਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਦਾ ਦੌਰ ਜਾਰੀ ਹੈ। ਜਲਦੀ ਹੀ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਣ ਦੇ ਬਾਅਦ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਮਲੇ ਵਿਚ ਨਾਮਜ਼ਦ ਮੁਲਜ਼ਮ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।


shivani attri

Content Editor

Related News