ਸਾਬਕਾ ਸਰਪੰਚ ਦੇ ਪਤੀ ਨੇ ਕੀਤੀ ਲੱਖਾਂ ਦੀ ਠੱਗੀ, ਧੋਖਾਧੜੀ ਦਾ ਮਾਮਲਾ ਦਰਜ

Saturday, Nov 23, 2019 - 10:37 AM (IST)

ਸਾਬਕਾ ਸਰਪੰਚ ਦੇ ਪਤੀ ਨੇ ਕੀਤੀ ਲੱਖਾਂ ਦੀ ਠੱਗੀ, ਧੋਖਾਧੜੀ ਦਾ ਮਾਮਲਾ ਦਰਜ

ਨਵਾਂਸ਼ਹਿਰ (ਤ੍ਰਿਪਾਠੀ)— ਪ੍ਰਾਪਰਟੀ ਕਾਰੋਬਾਰ 'ਚ ਹਿੱਸੇਦਾਰ ਬਣਾ ਕੇ 17.95 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਸਾਬਕਾ ਸਰਪੰਚ ਦੇ ਪਤੀ ਖਿਲਾਫ ਥਾਣਾ ਬਲਾਚੌਰ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਰਾਜ ਕੁਮਾਰ ਪੁੱਤਰ ਕਰਮਚੰਦ ਵਾਸੀ ਪਿੰਡ ਖੀਵੇਵਾਲ ਤਹਿਸੀਲ ਬਲਾਚੌਰ ਨੇ ਦੱਸਿਆ ਕਿ ਪਿੰਡ ਦੇ ਹੀ ਸਾਬਕਾ ਸਰਪੰਚ ਦੇ ਪਤੀ ਜਸਪਾਲ ਸਿੰਘ ਨੇ ਉਸ ਨੂੰ ਭਰੋਸੇ 'ਚ ਲੈ ਕੇ ਆਪਣੀ ਪ੍ਰਾਪਰਟੀ ਦੇ ਕੰਮ 'ਚ ਉਸ ਕੋਲੋਂ 5 ਲੱਖ ਰੁਪਏ ਲਏ ਸਨ। ਜਿਸ ਨਾਲ ਉਸ ਨੇ ਪਿੰਡ ਟਕਾਰਲਾ 'ਚ ਜ਼ਮੀਨ ਖਰੀਦੀ ਅਤੇ ਜ਼ਮੀਨ ਨੂੰ ਬਿਆਨੇ 'ਤੇ ਹੀ ਅੱਗੇ ਵੇਚ ਦਿੱਤਾ। 

ਜ਼ਮੀਨ ਵੇਚਣ ਦੇ ਉਪਰੰਤ ਹਿਸਾਬ ਕੀਤਾ ਤਾਂ ਉਸਦੇ ਹਿੱਸੇ 'ਚ 12 ਲੱਖ ਰੁਪਏ ਦਾ ਪਰਾਫਟ ਹੋਇਆ ਸੀ। ਜਿਸ ਸਬੰਧੀ ਉਕਤ ਜਸਪਾਲ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣ ਕਰਕੇ ਖਰੀਦਦਾਰੀ ਪਾਰਟੀ ਤੋਂ ਜੋ ਚੈੱਕ ਮਿਲਿਆ ਹੈ ਉਹ ਕਿਸੇ ਵਿਅਕਤੀ ਦੇ ਨਾਮ 'ਤੇ ਹੈ ਅਤੇ ਚੋਣ ਦੇ ਬਾਅਦ ਕੈਸ਼ ਹੋਣਾ ਹੈ, ਜਿਸ 'ਤੇ ਉਸ ਦੇ ਹਿੱਸੇ ਦੇ 12 ਲੱਖ ਰੁਪਏ ਚੈੱਕ ਕੈਸ਼ ਹੋਣ 'ਤੇ ਅਦਾ ਕਰੇਗਾ। ਜਦੋਂਕਿ ਉਕਤ ਵਿਅਕਤੀ ਤੋਂ ਪਤਾ ਕੀਤਾ ਤਾਂ ਉਸਨੇ ਦੱਸਿਆ ਕਿ ਉਸਦੇ ਹਿੱਸੇ ਆਉਣ ਵਾਲੇ ਪੈਸੇ ਪਹਿਲਾਂ ਹੀ ਜਸਪਾਲ ਸਿੰਘ ਉਸ ਕੋਲੋਂ ਲੈ ਚੁੱਕਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਜਸਪਾਲ ਸਿੰਘ ਨੇ ਉਸ ਨੂੰ ਪੈਸੇ ਵਾਪਿਸ ਕਰਨ ਦੇ ਝਾਂਸੇ 'ਚ ਲੈ ਕੇ ਉਸਦੀ ਜ਼ਮੀਨ ਦੀ ਫਰਦ ਲੈ ਕੇ ਬੈਂਕ ਲਿਮਿਟ ਬਣਵਾਕੇ 6 ਲੱਖ ਰੁਪਏ ਹੋਰ ਕਢਵਾ ਲਏ ਅਤੇ ਹੁਣ ਉਸ ਦਾ ਵਿਆਜ ਵੀ ਨਹੀਂ ਦੇ ਰਿਹਾ ਜਦੋਂਕਿ ਉਸ ਨੂੰ ਆਪਣੇ ਡੇਅਰੀ ਦੇ ਧੰਦੇ 'ਚੋਂ ਜਿੱਥੇ ਵਿਆਜ ਦੇਣਾ ਪੈ ਰਿਹਾ ਹੈ ਉੱਥੇ ਹੀ ਵਿਆਜ ਚੁਕਾਉਣ ਲਈ ਉਸ ਨੂੰ ਆਪਣੀਆਂ ਮੱਝਾਂ ਵੀ ਵੇਚਣੀਆਂ ਪਈਆਂ ਹਨ। ਉਕਤ ਜਸਪਾਲ ਸਿੰਘ ਨੇ ਉਸ ਦੇ ਨਾਲ 17,95,000 ਰੁਪਏ ਦੀ ਠੱਗੀ ਕੀਤੀ ਹੈ। 

ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਉਸਨੇ ਆਪਣੀ ਰਾਸ਼ੀ ਵਾਪਿਸ ਕਰਵਾਉਣ ਅਤੇ ਉਕਤ ਵਿਅਕਤੀ ਖਿਲਾਫ਼ ਬਣਦੀ ਕਾਰਵਾਈ ਨੂੰ ਅਮਲ 'ਚ ਲਿਆਉਣ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਬਲਾਚੌਰ ਵੱਲੋਂ ਕਰਨ ਦੇ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ 'ਤੇ ਪੁਲਸ ਨੇ ਜਸਪਾਲ ਸਿੰਘ ਖਿਲਾਫ ਥਾਣਾ ਸਦਰ ਬਲਾਚੌਰ 'ਚ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News