ਦੇਸ਼ ਦਾ ਪਹਿਲਾ ਅਜਿਹਾ ਸ਼ਹਿਰ ਹੋਵੇਗਾ ਜਲੰਧਰ, ਜਿੱਥੇ ਮੱਛੀ ਮਾਰਕੀਟ ਦੇ ਅੰਦਰ ਬਣਿਆ ਹੈ ਕੂੜੇ ਦਾ ਓਪਨ ਡੰਪ

12/09/2020 5:24:05 PM

ਜਲੰਧਰ (ਖੁਰਾਣਾ)— ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਸਵੱਛ ਭਾਰਤ ਮੁਹਿੰਮ ਤਹਿਤ ਜਲੰਧਰ ਨਗਰ ਨਿਗਮ ਨੂੰ ਪਿਛਲੇ ਸਾਲਾਂ ਦੌਰਾਨ ਕਰੋੜਾਂ ਰੁਪਏ ਦੀ ਗ੍ਰਾਂਟ ਸਿਰਫ਼ ਇਸ ਲਈ ਮਿਲੀ ਤਾਂ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿਚ ਇਸ ਪੈਸੇ ਦੀ ਵਰਤੋਂ ਹੋ ਸਕੇ। ਇਸ ਤੋਂ ਇਲਾਵਾ ਕੂੜੇ ਨਾਲ ਨਜਿੱਠਣ ਲਈ ਜਲੰਧਰ ਨਿਗਮ ਸਮਾਰਟ ਸਿਟੀ ਅਤੇ ਹੋਰ ਫੰਡਾਂ ਵਿਚੋਂ ਹੁਣ ਤੱਕ ਕਰੋੜਾਂ ਰੁਪਏ ਖਰਚ ਕਰ ਚੁੱਕਾ ਹੈ ਪਰ ਗੰਦਗੀ ਦੇ ਮਾਮਲੇ 'ਚ ਸ਼ਹਿਰ ਵਿਚ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ।

ਪਿਛਲੇ ਕਈ ਸਾਲਾਂ ਤੋਂ ਜਲੰਧਰ ਨਿਗਮ ਦਾ ਪ੍ਰਸ਼ਾਸਨ ਕੂੜੇ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ 'ਚ ਲੱਗਾ ਹੋਇਆ ਹੈ ਅਤੇ ਕਦੇ ਸੈਗਰੀਗੇਸ਼ਨ ਅਤੇ ਕਦੀ ਹੋਰ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਅਜੇ ਤੱਕ ਇਹ ਮੁਹਿੰਮਾਂ ਸਿਰਫ਼ ਖਾਨਾਪੂਰਤੀ ਹੀ ਸਿੱਧ ਹੋਈਆਂ ਹਨ ਕਿਉਂਕਿ ਸ਼ਹਿਰ ਦੀਆਂ ਮੇਨ ਸੜਕਾਂ 'ਤੇ ਲੱਗੇ ਕੂੜੇ ਦੇ ਢੇਰ ਆਮ ਦੇਖੇ ਜਾ ਸਕਦੇ ਹਨ। ਅਜਿਹੀ ਸਥਿਤੀ 'ਚ ਜਲੰਧਰ ਦੇਸ਼ ਦਾ ਅਜਿਹਾ ਪਹਿਲਾ ਸ਼ਹਿਰ ਬਣ ਰਿਹਾ ਹੈ, ਜਿੱਥੇ ਹੋਲਸੇਲ ਮੱਛੀ ਮਾਰਕੀਟ ਦੇ ਅੰਦਰ ਹੀ ਬਹੁਤ ਵੱਡਾ ਕੂੜੇ ਦਾ ਓਪਨ ਡੰਪ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: ਕਿਸਾਨੀ ਰੰਗ 'ਚ ਰੰਗੀ ਗਈ ਵਿਆਹ ਦੀ 'ਜਾਗੋ', 'ਪੇਚਾ ਪੈ ਗਿਆ ਸੈਂਟਰ' ਨਾਲ ਗੀਤ 'ਤੇ ਪਏ ਭੰਗੜੇ (ਤਸਵੀਰਾਂ)

ਜ਼ਿਕਰਯੋਗ ਹੈ ਕਿ ਹਰ ਸਰਕਾਰੀ ਅਧਿਕਾਰੀ, ਸਿਆਸੀ ਆਗੂ ਅਤੇ ਨਾਗਰਿਕ ਨੂੰ ਇਹ ਪਤਾ ਹੈ ਕਿ ਬੀਮਾਰੀਆਂ ਤੋਂ ਬਚਣ ਲਈ ਖਾਣ-ਪੀਣ ਵਾਲੇ ਪਦਾਰਥਾਂ ਨੂੰ ਕੂੜੇ ਅਤੇ ਗੰਦਗੀ ਤੋਂ ਦੂਰ ਰੱਖਣਾ ਕਿੰਨਾ ਜ਼ਰੂਰੀ ਹੈ, ਇਸ ਬਾਰੇ ਸਭ ਕੁਝ ਪਤਾ ਹੋਣ ਦੇ ਬਾਵਜੂਦ ਮੱਛੀ ਮਾਰਕੀਟ ਦੇ ਬਿਲਕੁਲ ਅੰਦਰ ਕੂੜੇ ਦਾ ਵੱਡਾ ਓਪਨ ਡੰਪ ਹੋਣਾ ਜਿਥੇ ਚਿੰਤਾਜਨਕ ਹੈ, ਉਥੇ ਹੀ ਹੈਰਾਨੀਜਨਕ ਵੀ ਕਿਹਾ ਜਾ ਰਿਹਾ ਹੈ ਕਿਉਂਕਿ ਇਹ ਡੰਪ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ।

ਹੈਰਾਨੀਜਨਕ ਤੱਥ ਤਾਂ ਇਹ ਵੀ ਹੈ ਕਿ ਇਸ ਡੰਪ 'ਤੇ ਸ਼ਹਿਰ ਦੇ ਪਹਿਲੇ ਨਾਗਰਿਕ ਭਾਵ ਮੇਅਰ ਦੇ ਆਪਣੇ ਵਾਰਡ ਦਾ ਕੂੜਾ ਰੋਜ਼ਾਨਾ ਸੁੱਟਿਆ ਜਾਂਦਾ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਅਤੇ ਮੁਹੱਲਿਆਂ ਦਾ ਕੂੜਾ ਵੀ ਇਸ ਡੰਪ 'ਤੇ ਆਉਂਦਾ ਹੈ। ਕਾਂਗਰਸੀ ਕੌਂਸਲਰ ਬੱਬੀ ਚੱਢਾ ਦੇ ਵਾਰਡ ਦਾ ਸਾਰਾ ਕੂੜਾ ਲਗਭਗ ਇਸੇ ਡੰਪ 'ਤੇ ਹੀ ਆ ਰਿਹਾ ਹੈ, ਜਿਸ ਕਾਰਣ ਇਥੇ ਰੋਜ਼ਾਨਾ ਕਈ ਕੁਇੰਟਲ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ।

ਇਹ ਵੀ ਪੜ੍ਹੋ: ਭਾਰਤ ਬੰਦ ਦੌਰਾਨ ਜਲੰਧਰ 'ਚ ਗੁੰਡਾਗਰਦੀ, ਹਥਿਆਰਬੰਦ ਨੌਜਵਾਨਾਂ ਨੇ ਫੈਕਟਰੀ ਕਾਮਿਆਂ ਦੀ ਕੀਤੀ ਕੁੱਟਮਾਰ

ਸੌਂ ਰਹੇ ਹਨ ਸਿਹਤ ਮਹਿਕਮੇ ਦੇ ਅਧਿਕਾਰੀ, ਖੁੱਲ੍ਹੇ 'ਚ ਵਿਕਦੀਆਂ ਹਨ ਮੱਛੀਆਂ
ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਓਲਡ ਜੀ. ਟੀ. ਰੋਡ ਦੇ ਕੰਢੇ 'ਤੇ ਵਸੀ ਇਸ ਮੱਛੀ ਮਾਰਕੀਟ ਵਿਚ ਸਾਰਾ ਦਿਨ ਖੁੱਲ੍ਹੇ 'ਚ ਮੱਛੀਆਂ ਵੇਚੀਆਂ ਜਾਂਦੀਆਂ ਹਨ ਅਤੇ ਇਥੇ ਰੋਜ਼ਾਨਾ ਲੱਖਾਂ ਰੁਪਏ ਦਾ ਕਾਰੋਬਾਰ ਹੁੰਦਾ ਹੈ। ਇਹ ਮੱਛੀ ਮਾਰਕੀਟ ਉਸ ਸਿਵਲ ਹਸਪਤਾਲ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਸਥਿਤ ਹੈ, ਜਿਥੇ ਸਿਹਤ ਵਿਭਾਗ ਦੇ ਸਰਕਾਰੀ ਅਧਿਕਾਰੀ ਸਾਰਾ ਦਿਨ ਫਾਈਲਾਂ ਨਾਲ ਸਿਰਖਪਾਈ ਕਰਦੇ ਰਹਿੰਦੇ ਹਨ। ਇਨ੍ਹਾਂ ਅਧਿਕਾਰੀਆਂ ਦਾ ਫਰਜ਼ ਬਣਦਾ ਹੈ ਕਿ ਉਹ ਯਕੀਨੀ ਬਣਾਉਣ ਕਿ ਸ਼ਹਿਰ ਵਿਚ ਖਾਣ-ਪੀਣ ਵਾਲੀਆਂ ਚੀਜ਼ਾਂ ਸਾਫ਼-ਸੁਥਰੇ ਮਾਹੌਲ ਵਿਚ ਵਿਕਣ।
ਮੱਛੀ ਮਾਰਕੀਟ ਵਿਚ ਬਣਿਆ ਓਪਨ ਕੂੜੇ ਦਾ ਡੰਪ ਪਤਾ ਨਹੀਂ ਰੋਜ਼ਾਨਾ ਜ਼ਹਿਰੀਲੇ ਜੀਵਾਣੂਆਂ, ਕਿੰਨੇ ਤਰ੍ਹਾਂ ਦੇ ਵਾਇਰਸ ਅਤੇ ਕੀੜੇ-ਮਕੌੜੇ ਪੈਦਾ ਕਰਦਾ ਹੋਵੇਗਾ। ਸਿਹਤ ਵਿਭਾਗ ਦੇ ਅਧਿਕਾਰੀ ਜੇਕਰ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰਦੇ ਤਾਂ ਉਨ੍ਹਾਂ 'ਤੇ ਦੋਸ਼ ਲੱਗਦੇ ਰਹਿਣਗੇ ਕਿ ਉਹ ਸਰਕਾਰੀ ਡਿਊਟੀ ਨਾ ਕਰਦਿਆਂ ਸੌਂ ਰਹੇ ਹਨ ਅਤੇ ਉਨ੍ਹਾਂ ਨੂੰ ਲੋਕਾਂ ਦੀ ਸਿਹਤ ਦੀ ਕੋਈ ਚਿੰਤਾ ਨਹੀਂ। ਕੋਰੋਨਾ ਅਤੇ ਡੇਂਗੂ ਦੇ ਦੌਰ ਵਿਚ ਤਾਂ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ, ਜਿਸ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ।

ਸਾਈਂ ਦਾਸ ਸਕੂਲ ਵਾਲਾ ਡੰਪ ਬੰਦ ਹੋਣ ਨਾਲ ਵੀ ਇਥੇ ਆ ਰਿਹੈ ਵਾਧੂ ਕੂੜਾ
ਉਂਝ ਤਾਂ ਮੱਛੀ ਮਾਰਕੀਟ ਵਿਚ ਬਣਿਆ ਓਪਨ ਕੂੜੇ ਦਾ ਡੰਪ ਪਿਛਲੇ ਕਈ ਸਾਲਾਂ ਤੋਂ ਹੈ ਪਰ ਜਦੋਂ ਤੋਂ ਸਾਈਂ ਦਾਸ ਸਕੂਲ ਵਾਲਾ ਡੰਪ ਨਗਰ ਨਿਗਮ ਨੇ ਬੰਦ ਕੀਤਾ ਹੈ, ਉਦੋਂ ਤੋਂ ਇਸ ਡੰਪ 'ਤੇ ਹੋਰ ਵੀ ਜ਼ਿਆਦਾ ਕੂੜਾ ਆਉਣ ਲੱਗਾ ਹੈ, ਜਿਸ ਕਾਰਨ ਸਮੱਸਿਆ ਕਾਫੀ ਵਧ ਗਈ ਹੈ। ਸਾਈਂ ਦਾਸ ਸਕੂਲ ਵਾਲੇ ਡੰਪ 'ਤੇ ਜਿਹੜਾ ਕੂੜਾ ਸੁੱਟਿਆ ਜਾਂਦਾ ਸੀ, ਉਸ ਵਿਚੋਂ ਕੁਝ ਕੂੜਾ ਬਰਲਟਨ ਪਾਰਕ ਡੰਪ ਅਤੇ ਕੁਝ ਕੂੜਾ ਹਰਨਾਮਦਾਸਪੁਰ ਡੰਪ 'ਤੇ ਜਾਣ ਲੱਗਾ ਹੈ ਪਰ ਅਜੇ ਵੀ ਅੰਦਰੂਨੀ ਬਾਜ਼ਾਰਾਂ ਅਤੇ ਗਲੀ-ਮੁਹੱਲਿਆਂ ਦਾ ਸਾਰਾ ਕੂੜਾ ਮੱਛੀ ਮਾਰਕੀਟ ਡੰਪ 'ਤੇ ਆ ਰਿਹਾ ਹੈ।

ਅਜਿਹੀ ਸਥਿਤੀ 'ਚ ਨਿਗਮ ਰੈਂਕਿੰਗ ਵਿਚ ਕੀ ਕਰੇਗਾ ਸੁਧਾਰ?
ਨਗਰ ਨਿਗਮ ਹਰ ਮਹੀਨੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਵੱਛਤਾ ਸਰਵੇਖਣ ਵਿਚ ਆਪਣੀ ਰੈਂਕਿੰਗ ਸੁਧਾਰਨ ਲਈ ਲੱਖਾਂ ਰੁਪਏ ਖਰਚ ਰਿਹਾ ਹੈ ਪਰ ਜੇਕਰ ਸ਼ਹਿਰ ਦੀਆਂ ਸੜਕਾਂ ਜਾਂ ਮੱਛੀ ਮਾਰਕੀਟ ਵਰਗੀਆਂ ਥਾਵਾਂ 'ਤੇ ਕੂੜੇ ਦੇ ਓਪਨ ਡੰਪ ਬਣੇ ਰਹਿਣਗੇ ਤਾਂ ਅਜਿਹੀ ਸਥਿਤੀ ਵਿਚ ਨਿਗਮ ਆਪਣੀ ਰੈਂਕਿੰਗ ਵਿਚ ਕੀ ਸੁਧਾਰ ਕਰ ਸਕੇਗਾ? ਇਥੇ ਵਰਣਨਯੋਗ ਹੈ ਕਿ ਇਸ ਮੱਛੀ ਮਾਰਕੀਟ ਵਿਚੋਂ ਰੋਜ਼ਾਨਾ ਕੁਇੰਟਲ ਮੱਛੀ ਸ਼ਹਿਰ ਦੇ 2, 3, 4, 5 ਸਿਤਾਰਾ ਹੋਟਲਾਂ ਤੋਂ ਇਲਾਵਾ ਢਾਬਿਆਂ ਤੇ ਹੋਰ ਸੰਸਥਾਵਾਂ ਨੂੰ ਜਾਂਦੀ ਹੈ। ਅਜਿਹੇ ਵਿਚ ਨਗਰ ਨਿਗਮ ਮੱਛੀ ਮਾਰਕੀਟ ਨੂੰ ਵੀ ਸਾਫ਼-ਸੁਥਰਾ ਮਾਹੌਲ ਨਹੀਂ ਦੇ ਪਾ ਰਿਹਾ, ਜੋ ਚਿੰਤਾਜਨਕ ਹੈ।

ਇਹ ਵੀ ਪੜ੍ਹੋ: ਰੌਂਗਟੇ ਖੜ੍ਹੇ ਕਰ ਦੇਵੇਗੀ ਪਤਨੀ ਦੀ ਇਹ ਕਰਤੂਤ, ਧੀਆਂ ਤੇ ਭੈਣਾਂ ਨਾਲ ਮਿਲ ਕੇ ਜਿਊਂਦਾ ਸਾੜਿਆ ਪਤੀ


shivani attri

Content Editor

Related News