ਪੂਨੀ ਸਵੀਟ ਸ਼ਾਪ ਲੁੱਟਣ ਆਏ ਲੁਟੇਰਿਆਂ ਨੇ ਚਲਾਈ ਗੋਲੀ, ਘਟਨਾ CCTV 'ਚ ਹੋਈ ਕੈਦ
Thursday, Jan 18, 2024 - 03:33 AM (IST)
ਮਲਸੀਆਂ (ਅਰਸ਼ਦੀਪ)- ਨਜ਼ਦੀਕੀ ਪਿੰਡ ਰੂਪੇਵਾਲ ਵਿਖੇ ਅੱਡੇ ’ਤੇ ਸਥਿਤ ਪੂਨੀ ਸਵੀਟਸ ’ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੌਰਾਨ ਲੁਟੇਰਿਆਂ ਵੱਲੋਂ ਗੋਲੀ ਚਲਾਉਣ ਦਾ ਸਮਾਚਾਰ ਪ੍ਰਾਪਤ ਹੈ। ਜਾਣਕਾਰੀ ਦਿੰਦੇ ਹੋਏ ਪੂਨੀ ਸਵੀਟ ਸ਼ਾਪ ਦੇ ਮਾਲਕ ਹਰਜੀਤ ਸਿੰਘ ਪੂਨੀ ਨੇ ਦੱਸਿਆ ਕਿ ਉਹ ਰੋਜ਼ਾਨਾ ਕਰੀਬ ਰਾਤ 8:30 ਵਜੇ ਦੁਕਾਨ ਬੰਦ ਕਰ ਕੇ ਚਲੇ ਜਾਂਦੇ ਹਨ ਪਰ ਬੀਤੀ ਰਾਤ ਆਰਡਰ ਜ਼ਿਆਦਾ ਹੋਣ ਕਾਰਨ ਉਹ ਦੇਰ ਰਾਤ ਦੁਕਾਨ ’ਤੇ ਸਨ ਤੇ ਰਾਤ ਕਰੀਬ 9:40 ਵਜੇ ਚਿੱਟੇ ਰੰਗ ਦੀ ਆਈ-20 ਗੱਡੀ ’ਤੇ ਚਾਰ ਲੁਟੇਰੇ ਆਏ, ਜਿਨ੍ਹਾਂ ’ਚ 3 ਕੋਲ ਪਿਸਤੌਲ ਸਨ।
ਇਹ ਵੀ ਪੜ੍ਹੋ- INDvsAFG 3rd T20i : ਦੂਜੇ ਸੁਪਰ ਓਵਰ 'ਚ ਚਮਕਿਆ ਬਿਸ਼ਨੋਈ, ਡਬਲ ਸੁਪਰ ਓਵਰ 'ਚ ਜਿੱਤਿਆ ਭਾਰਤ
ਉਨ੍ਹਾਂ ਦੱਸਿਆ ਕਿ ਕੈਸ਼ ਕਾਊਂਟਰ ’ਤੇ ਬੈਠੇ ਉਨ੍ਹਾਂ ਦੇ ਪੁੱਤਰ ਨਵਦੀਪ ਸਿੰਘ ਪੂਨੀ ਨੂੰ ਲੁਟੇਰਿਆਂ ਨੇ ਕਿਹਾ ਕਿ ਗੱਲੇ ’ਚੋਂ ਜਿੰਨੇ ਪੈਸੇ ਹਨ ਸਾਰੇ ਸਾਨੂੰ ਦੇ ਨਹੀਂ ਤਾਂ ਗੋਲੀ ਮਾਰ ਦਿਆਂਗਾ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਦੁਕਾਨ ਦੇ ਇਕ ਵਰਕਰ ਨੇ ਉਨ੍ਹਾਂ ਨੂੰ ਆਵਾਜ਼ ਮਾਰੀ ਤੇ ਉਹ ਜਲਦੀ ਹੀ ਥੱਲੇ ਆ ਗਏ। ਲੁਟੇਰੇ ਉਨ੍ਹਾਂ ਨੂੰ ਦੇਖ ਕੇ ਫ਼ਰਾਰ ਹੋ ਗਏ ਤੇ ਜਾਂਦੇ-ਜਾਂਦੇ ਲੁਟੇਰਿਆਂ ਨੇ ਕੈਸ਼ ਕਾਊਂਟਰ ’ਤੇ ਬੈਠੇ ਨਵਦੀਪ ਸਿੰਘ ਵੱਲ ਪਿਸਤੌਲ ਕਰ ਕੇ ਗੋਲੀ ਚਲਾ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਨਵਦੀਪ ਆਪਣੇ ਬਚਾ ਲਈ ਥੱਲੇ ਬੈਠ ਗਿਆ, ਜਿਸ ਕਾਰਨ ਗੋਲੀ ਕਾਊਂਟਰ ’ਤੇ ਪਈ ਬਿਲਿੰਗ ਮਸ਼ੀਨ ’ਚ ਜਾ ਲੱਗੀ।
ਇਹ ਵੀ ਪੜ੍ਹੋ- ਲੁਧਿਆਣਾ ਰੇਲਵੇ ਸਟੇਸ਼ਨ ਦੀ ਡਿਸਪਲੇ ਹੋਈ ਖ਼ਰਾਬ, ਯਾਤਰੀਆਂ ਨੂੰ ਕਰਨਾ ਪੈ ਰਿਹੈ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ
ਉਨ੍ਹਾਂ ਦੱਸਿਆ ਕਿ ਇਹ ਸਾਰੀ ਵਾਰਦਾਤ ਦੁਕਾਨ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ। ਇਸ ਵਾਰਦਾਤ ਦਾ ਪਤਾ ਲੱਗਣ ’ਤੇ ਡੀ.ਐੱਸ.ਪੀ. ਸ਼ਾਹਕੋਟ ਨਰਿੰਦਰ ਸਿੰਘ ਔਜਲਾ, ਐੱਸ.ਐੱਚ.ਓ. ਸ਼ਾਹਕੋਟ ਸੁਖਜੀਤ ਸਿੰਘ ਤੇ ਮਲਸੀਆਂ ਚੌਕੀ ਇੰਚਾਰਜ ਗੁਰਨਾਮ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ, ਜਿਨ੍ਹਾਂ ਵਾਪਰੀ ਵਾਰਦਾਤ ਦੀ ਜਾਂਚ ਸ਼ੁਰੂ ਕੀਤੀ। ਇਸ ਸਬੰਧੀ ਡੀ.ਐੱਸ.ਪੀ. ਸ਼ਾਹਕੋਟ ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਦੁਕਾਨ ਦੇ ਮਾਲਕ ਹਰਜੀਤ ਸਿੰਘ ਪੂਨੀ ਦੇ ਬਿਆਨਾਂ ’ਤੇ ਪਰਚਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੁਟੇਰੇ ਜਲਦ ਹੀ ਪੁਲਸ ਦੀ ਗ੍ਰਿਫਤ ’ਚ ਹੋਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8