ਸ਼ਿੰਗਾਰ ਸਟੋਰ ਦੇ ਗੋਦਾਮ ’ਚ ਭਿਆਨਕ ਅੱਗ, ਲੱਖਾਂ ਦਾ ਸਟਾਕ ਸੜ ਕੇ ਸੁਆਹ

03/11/2022 7:12:56 PM

ਹੁਸ਼ਿਆਰਪੁਰ (ਜੈਨ) : ਸ਼ਹਿਰ ਦੇ ਨਵੀਂ ਆਬਾਦੀ ਇਲਾਕੇ 'ਚ ਅੱਜ ਰਾਮਲੀਲਾ ਗਰਾਊਂਡ ਨੇੜੇ ਸਥਿਤ ਸ਼ਿੰਗਾਰ ਦੇ ਕੰਮਕਾਰ ਨਾਲ ਜੁੜੀ ਇਕ ਫਰਮ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ ਨਾਲ ਲੱਖਾਂ ਰੁਪਏ ਦਾ ਸਟਾਕ ਸੜ ਕੇ ਸੁਆਹ ਹੋ ਗਿਆ। ਜੈਨ ਸ਼ਿੰਗਾਰ ਸਟੋਰ ਦੇ ਮਾਲਕ ਰਜਨੀਸ਼ ਜੈਨ, ਰਾਜਿੰਦਰ ਜੈਨ ਤੇ ਅਮਿਤ ਜੈਨ ਨੇ ਦੱਸਿਆ ਕਿ ਗੋਦਾਮ ਅੰਦਰੋਂ ਧੂੰਆਂ ਉੱਠਦਾ ਦੇਖ ਕੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਦੱਸਿਆ, ਜਿਸ ਤੋਂ ਬਾਅਦ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਬੁਝਣ ਦੀ ਬਜਾਏ ਅੱਗ ਹੋਰ ਵਿਕਰਾਲ ਰੂਪ ਧਾਰਨ ਕਰ ਗਈ। ਇਸ ਦੌਰਾਨ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਪੁੱਜੇ ਸਬ-ਫਾਇਰ ਅਫਸਰ ਵਿਨੋਦ ਕੁਮਾਰ ਦੀ ਅਗਵਾਈ 'ਚ ਫਾਇਰ ਕਾਮਿਆਂ ਵਿਜੇ ਕੁਮਾਰ, ਪਵਨ ਸੈਣੀ, ਗੁਰਦਿੱਤ ਸਿੰਘ, ਰਵੀ ਤੇ ਈਸ਼ਵਰ ਨੇ 2 ਫਾਇਰ ਟੈਂਡਰਾਂ ਦੀ ਮਦਦ ਨਾਲ ਅੱਗ ਬੁਝਾਉਣ ਲਈ ਜੱਦੋ-ਜਹਿਦ ਸ਼ੁਰੂ ਕੀਤੀ। ਇਸ ਦੌਰਾਨ ਸੋਨਾਲੀਕਾ ਉਦਯੋਗ ਸਮੂਹ ਦਾ ਵੀ ਇਕ ਫਾਇਰ ਟੈਂਡਰ ਮੌਕੇ ’ਤੇ ਪਹੁੰਚ ਗਿਆ।

ਇਹ ਵੀ ਪੜ੍ਹੋ : ਨਾਜਾਇਜ਼ ਰੇਤ ਮਾਈਨਿੰਗ ਦੇ ਦੋਸ਼ 'ਚ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ

PunjabKesari

ਫਾਇਰ ਬ੍ਰਿਗੇਡ ਹੁਸ਼ਿਆਰਪੁਰ ਦੀ ਟੀਮ ਨੇ ਕਰੀਬ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਗੋਦਾਮ ਦੇ 2 ਕਮਰਿਆਂ ’ਚ ਰੱਖਿਆ ਲੱਖਾਂ ਦਾ ਸਟਾਕ ਅਤੇ ਹੋਰ ਸਾਜ਼ੋ-ਸਾਮਾਨ ਅਗਨ ਭੇਟ ਹੋ ਚੁੱਕਾ ਸੀ। ਗੋਦਾਮ ਦੇ ਅੰਦਰੋਂ ਉੱਠ ਰਹੇ ਸੰਘਣੇ ਧੂੰਏਂ ਕਾਰਨ ਫਾਇਰ ਕਰਮਚਾਰੀਆਂ ਨੂੰ ਅੱਗ ਬੁਝਾਉਣ ਵਿਚ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਜੈਨ ਯੁਵਾ ਮੰਡਲ ਦੇ ਪ੍ਰਧਾਨ ਲੱਕੀ ਜੈਨ ਦੀ ਅਗਵਾਈ 'ਚ ਕਈ ਨੌਜਵਾਨ ਵੀ ਮਦਦ ਕਰਨ ਮੌਕੇ ’ਤੇ ਪੁੱਜੇ ਹੋਏ ਸਨ। ਫਾਇਰ ਕਾਮਿਆਂ ਦੀ ਫੌਰੀ ਕਾਰਵਾਈ ਨਾਲ ਜੈਨ ਸ਼ਿੰਗਾਰ ਸਟੋਰ ਦੇ ਆਸ-ਪਾਸ ਦੀਆਂ ਦੁਕਾਨਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ। ਦੁਕਾਨ ਮਾਲਕਾਂ ਅਨੁਸਾਰ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਦੱਸੀ ਜਾ ਰਹੀ ਹੈ।


Harnek Seechewal

Content Editor

Related News