ਹੁਸ਼ਿਆਰਪੁਰ : ਮਜ਼ਦੂਰਾਂ ਦੀਆਂ 17 ਝੁੱਗੀਆਂ 'ਚ ਲੱਗੀ ਅੱਗ, ਬਜ਼ੁਰਗ ਦੀ ਮੌਤ (ਵੀਡੀਓ)

05/17/2020 8:55:14 PM

ਹੁਸ਼ਿਆਰਪੁਰ/ਮਾਹਿਲਪੁਰ,(ਅਮਰਿੰਦਰ, ਜਸਵੀਰ)- ਥਾਣਾ ਚੱਬੇਵਾਲ ਦੇ ਅਧੀਨ ਆਉਂਦੇ ਪਿੰਡ ਜੇਜੋਂ ਦੇ ਕੋਲ ਪਿੰਡ ਲਲਵਾਨ ਦੇ ਬਾਹਰ ਯੂ. ਪੀ. ਬਦਾਯੂੰ ਜ਼ਿਲੇ ਦੇ ਕੋਰਖਾੜੀ ਪਿੰਡ ਤੋਂ ਆਏ 17 ਮਜ਼ਦੂਰਾਂ ਦੀਆਂ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਪਿੰਡ ਦੇ ਲੋਕ ਫਾਇਰ ਬ੍ਰਿਗੇਡ ਨੂੰ ਸੂਚਨਾ ਦੇਣ ਤੋਂ ਬਾਅਦ ਖੁਦ ਹੀ ਅੱਗ 'ਤੇ ਕਾਬੂ ਪਾਉਣ 'ਚ ਜੁੱਟ ਗਏ। ਕਰੀਬ 2 ਘੰਟੇ ਦੀ ਸਖ਼ਤ ਜੱਦੋ-ਜਹਿਦ ਤੋਂ ਬਾਅਦ ਪਿੰਡ ਵਾਸੀਆਂ ਨੇ ਅੱਗ 'ਤੇ ਕਾਬੂ ਤਾਂ ਪਾ ਲਿਆ ਪਰ ਉਦੋਂ ਤੱਕ ਸਾਰੀਆਂ 17 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਇਸ ਅੱਗਜ਼ਨੀ ਦੌਰਾਨ ਬੀਮਾਰ ਚੱਲ ਰਹੇ ਇਕ 60 ਸਾਲ ਦੇ ਬਜ਼ੁਰਗ ਖੇਮਕਰਣ ਪੁੱਤਰ ਜਾਗਰਾਮ ਦੀ ਅੱਗ ਦੀਆਂ ਲਪਟਾਂ 'ਚ ਆਉਣ ਨਾਲ ਬਿਸਤਰ 'ਤੇ ਹੀ ਸੜ ਕੇ ਮੌਤ ਹੋ ਗਈ।
ਮਜ਼ਦੂਰਾਂ ਅਨੁਸਾਰ ਉਨ੍ਹਾਂ ਦੇ ਸਾਮਾਨ ਦੇ ਨਾਲ-ਨਾਲ ਨਕਦੀ ਵੀ ਸੜ ਕੇ ਰਾਖ 'ਚ ਬਦਲ ਗਈ। ਅੱਗ ਬੁਝਾਉਣ ਸਮੇਂ ਝੁੱਗੀਆਂ 'ਚੋਂ ਸਾਮਾਨ ਕੱਢਣ ਦੌਰਾਨ ਕੁੱਝ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਇਸਦੀ ਸੂਚਨਾ ਮਿਲਦਿਆਂ ਹੀ ਥਾਣਾ ਚੱਬੇਵਾਲ 'ਚ ਤਾਇਨਾਤ ਐੱਸ. ਐੱਚ. ਓ. ਇੰਸਪੈਕਟਰ ਨਰਿੰਦਰ ਕੁਮਾਰ ਅਤੇ ਜੇਜੋਂ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਸੁਖਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ ਤੇ ਰਾਹਤ ਕਾਰਜਾਂ 'ਚ ਜੁੱਟ ਗਏ।

ਤੇਜ਼ੀ ਨਾਲ ਫੈਲੀ ਅੱਗ
ਲਲਵਾਨ ਪਿੰਡ ਦੇ ਬਾਹਰ ਝੁੱਗੀਆਂ ਵਿਚ ਯੂ. ਪੀ. ਦੇ ਬਦਾਯੂੰ ਜ਼ਿਲੇ ਦੇ ਲੋਕ ਆਪਣੇ ਪਰਿਵਾਰਾਂ ਨਾਲ ਰਹਿੰਦੇ ਹਨ। ਹਾਦਸੇ ਸਮੇਂ ਸਾਰੇ ਮਜ਼ਦੂਰ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਕੰਮ 'ਤੇ ਨਿਕਲ ਗਏ ਸਨ। ਜਦਕਿ ਬੀਮਾਰ ਹੋਣ ਕਾਰਨ ਖੇਮਕਰਣ ਝੁੱਗੀ ਦੇ ਅੰਦਰ ਸੁੱਤਾ ਪਿਆ ਸੀ। ਦੁਪਹਿਰ ਬਾਅਦ 4 ਵਜੇ ਦੇ ਕਰੀਬ ਝੁੱਗੀਆਂ 'ਚ ਅੱਗ ਕਿਵੇਂ ਫੈਲ ਗਈ, ਕਿਸੇ ਨੂੰ ਇਸ ਬਾਰੇ ਪਤਾ ਨਹੀਂ ਲੱਗਾ। ਚੀਕ-ਪੁਕਾਰ ਸੁਣ ਕੇ ਆਸਪਾਸ ਦੇ ਖੇਤਾਂ 'ਚ ਕੰਮ ਕਰਨ ਵਾਲੇ ਲੋਕਾਂ ਨੇ ਝੱਟਪੱਟ ਹੀ ਇਸਦੀ ਸੂਚਨਾ ਫਾਇਰ ਬ੍ਰਿਗੇਡ ਹੁਸ਼ਿਆਰਪੁਰ ਨੂੰ ਦਿੱਤੀ। ਇਸ ਦੌਰਾਨ ਝੁੱਗੀਆਂ 'ਚ ਰਹਿਣ ਵਾਲੀਆਂ ਔਰਤਾਂ ਵੀ ਆਪਣੇ ਬੱਚਿਆਂ ਨੂੰ ਝੁੱਗੀਆਂ 'ਚੋਂ ਲੈ ਕੇ ਬਾਹਰ ਨਿਕਲ ਆਈਆਂ ਤੇ ਆਪਣੀ ਜਾਨ ਬਚਾਈ। ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਲੋਕ ਆਪਣੀਆਂ ਝੁੱਗੀਆਂ 'ਚ ਪਿਆ ਕੁੱਝ ਵੀ ਸਾਮਾਨ ਨਹੀਂ ਬਚਾਅ ਸਕੇ।

ਸਾਮਾਨ ਦੇ ਨਾਲ-ਨਾਲ ਨਕਦੀ ਵੀ ਸੜ ਕੇ ਸੁਆਹ ਹੋਈ
ਮੌਕੇ 'ਤੇ ਅੱਗਜ਼ਨੀ ਦੇ ਸ਼ਿਕਾਰ ਹੋਏ ਮਜ਼ਦੂਰਾਂ ਨੰਨਿਆ, ਤੁਲਾ ਰਾਮ, ਜੁੱਦੀ, ਰਾਮ ਪ੍ਰਕਾਸ਼, ਬੱਚੂ ਸਿੰਘ, ਵੀਰਪਾਲ, ਦਵਿੰਦਰ ਸਿੰਘ ਤੇ ਪਿੰਡ ਦੇ ਹੋਰ ਲੋਕਾਂ ਨੇ ਦੱਸਿਆ ਕਿ ਝੁੱਗੀਆਂ ਵਿਚ ਨਕਦੀ ਹੀ ਨਹੀਂ ਸਗੋਂ ਕੱਪੜਿਆਂ ਸਮੇਤ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਖਾਣ-ਪੀਣ ਦਾ ਸਾਰਾ ਸਾਮਾਨ ਅਤੇ ਬੱਚਿਆਂ ਲਈ ਦੁੱਧ ਆਦਿ ਲਿਆਉਣ ਲਈ ਵੀ ਇਨ੍ਹਾਂ ਦੇ ਕੋਲ ਪੈਸੇ ਨਹੀਂ ਹਨ। ਮਜ਼ਦੂਰਾਂ ਨੇ ਰੋਂਦੇ ਹੋਏ ਦੱਸਿਆ ਕਿ ਕੋਰੋਨਾ ਸੰਕਟ ਕਾਰਨ ਉਹ ਵੈਸੇ ਹੀ ਪ੍ਰੇਸ਼ਾਨ ਸਨ ਤੇ ਹੁਣ ਇਸ ਅੱਗਜ਼ਨੀ ਦੀ ਘਟਨਾ ਨਾਲ ਲੱਗਦਾ ਹੈ ਕਿ ਉਨ੍ਹਾਂ ਦੀ ਸਾਰੀ ਦੁਨੀਆਂ ਹੀ ਖਤਮ ਹੋ ਗਈ।

ਜਿਉਂਦੇ ਸੜੇ ਬਜ਼ੁਰਗ ਦੀ ਲਾਸ਼ ਦਾ ਸਵੇਰੇ ਹੋਵੇਗਾ ਪੋਸਟਮਾਰਟਮ
ਸੰਪਰਕ ਕਰਨ 'ਤੇ ਥਾਣਾ ਚੱਬੇਵਾਲ ਦੇ ਐੱਸ. ਐੱਚ. ਓ. ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਅੱਗਜ਼ਨੀ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਤੇ ਰਾਹਤ ਅਤੇ ਬਚਾਅ ਕਾਰਜਾਂ 'ਚ ਜੁੱਟ ਗਈ ਸੀ। ਅੱਗ ਕਿਸ ਕਾਰਣ ਲੱਗੀ, ਇਸ ਸਬੰਧ 'ਚ ਫਿਲਹਾਲ ਕੁੱਝ ਦੱਸਿਆ ਨਹੀਂ ਜਾ ਸਕਦਾ, ਪੁਲਸ ਇਸਦੀ ਜਾਂਚ ਕਰ ਰਹੀ ਹੈ। ਇਸ ਘਟਨਾ 'ਚ ਮੌਤ ਦਾ ਸ਼ਿਕਾਰ ਹੋਏ ਬਜ਼ੁਰਗ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ ਗਿਆ ਹੈ ਅਤੇ ਸੋਮਵਾਰ ਨੂੰ ਪੋਸਟਮਾਰਟਮ ਕੀਤਾ ਜਾਵੇਗਾ।


Deepak Kumar

Content Editor

Related News