MD ਸਮੀਰ ਥਾਪਰ ਤੇ ਐਗਜ਼ੀਕਿਊਟਿਵ ਡਾਇਰੈਕਟਰ ਮੁਕੂਲਿਕਾ ਸਿਨ੍ਹਾ ਖ਼ਿਲਾਫ਼ FIR ਦਰਜ
Wednesday, Feb 26, 2025 - 02:17 PM (IST)

ਜਲੰਧਰ/ਫਗਵਾੜਾ (ਚੋਪੜਾ)–ਜੇ. ਸੀ. ਟੀ. ਲਿਮਟਿਡ ਫਗਵਾੜਾ ਦੇ ਮੈਨੇਜਿੰਗ ਡਾਇਰੈਕਟਰ ਸਮੀਰ ਥਾਪਰ ਅਤੇ ਐਗਜ਼ੀਕਿਊਟਿਵ ਡਾਇਰੈਕਟਰ ਮੁਕੂਲਿਕਾ ਸਿਨ੍ਹਾ ’ਤੇ ਕਰੋੜਾਂ ਦੀ ਠੱਗੀ ਅਤੇ ਹੋਰਨਾਂ ਮਾਮਲਿਆਂ ਨੂੰ ਲੈ ਕੇ ਥਾਣਾ ਬਾਰਾਂਦਰੀ ਜਲੰਧਰ ਦੀ ਪੁਲਸ ਨੇ ਮੁਲਜ਼ਮਾਂ ਖਿਲਾਫ਼ ਧਾਰਾ 406, 420 ਅਤੇ 120-ਬੀ ਤਹਿਤ ਐੱਫ਼. ਆਈ. ਆਰ. ਦਰਜ ਕੀਤੀ। ਇਸ ਮਾਮਲੇ ਵਿਚ ਸ਼ਿਕਾਇਤਕਰਤਾ ਕੈਰੋਂ ਸਟੀਲ ਲੁਧਿਆਣਾ ਦੇ ਮਾਲਕ ਗੁਰਪ੍ਰੀਤ ਸਿੰਘ ਅਤੇ ਪੀ. ਆਰ. ਸਕ੍ਰੈਪ ਸਟੋਰ ਓਲਡ ਹੁਸ਼ਿਆਰਪੁਰ ਰੋਡ ਜਲੰਧਰ ਦੇ ਮਾਲਕ ਹਰਪ੍ਰੀਤ ਸਿੰਘ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਕ ਸਾਜ਼ਿਸ਼ ਤਹਿਤ ਸਮੀਰ ਥਾਪਰ ਅਤੇ ਮੁਕੂਲਿਕਾ ਸਿਨ੍ਹਾ ਨੇ ਉਨ੍ਹਾਂ ਦੇ ਨਾਲ ਜੇ. ਸੀ. ਟੀ. ਲਿਮਟਿਡ ਦੀ ਹੀ ਚੌਹਾਲ (ਹੁਸ਼ਿਆਰਪੁਰ) ਵਿਚ ਇਕ ਬੰਦ ਫਿਲਾਮੈਂਟ ਯੂਨਿਟ ਦੀ ਕੰਡਮ ਮਸ਼ੀਨਰੀ ਅਤੇ ਬਿਲਡਿੰਗਜ਼ ਦੀ ਖ਼ਰੀਦ ਨੂੰ ਲੈ ਕੇ 40 ਕਰੋੜ ਰੁਪਏ ਵਿਚ ਡੀਲ ਫਾਈਨਲ ਕੀਤੀ। ਇਸ ਦੇ ਬਦਲੇ ਉਨ੍ਹਾਂ ਸਮੀਰ ਅਤੇ ਮੁਕੂਲਿਕਾ ਨੂੰ 2 ਕਰੋੜ 5 ਲੱਖ ਰੁਪਏ ਬਿਆਨੇ ਦੇ ਤੌਰ ’ਤੇ ਦਿੱਤੇ ਸਨ।
ਇਹ ਵੀ ਪੜ੍ਹੋ : Punjab: 'ਜਾਗੋ' 'ਚ ਗੋਲ਼ੀ ਲੱਗਣ ਨਾਲ ਹੋਈ ਮਹਿਲਾ ਸਰਪੰਚ ਦੇ ਪਤੀ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ
ਗੁਰਪ੍ਰੀਤ ਅਤੇ ਹਰਪ੍ਰੀਤ ਨੇ ਦੱਸਿਆ ਕਿ ਕਿਉਂਕਿ ਇਸ ਪਲਾਟ ਦੀ ਮਸ਼ੀਨਰੀ ਅਤੇ ਪ੍ਰਾਪਰਟੀ ਇੰਡੀਅਨ ਬੈਂਕ ਅਤੇ ਕੁਝ ਹੋਰ ਬੈਂਕਾਂ ਕੋਲ ਗਹਿਣੇ ਪਈ ਹੋਈ ਸੀ, ਇਸ ਲਈ ਸਮੀਰ ਅਤੇ ਮੁਕੂਲਿਕਾ ਨੇ ਸਬੰਧਤ ਬੈਂਕਾਂ ਤੋਂ ਐੱਨ. ਓ. ਸੀ. ਮਿਲਣ ਦੇ 3 ਮਹੀਨਿਆਂ ਅੰਦਰ ਬਕਾਇਆ ਭੁਗਤਾਨ ਕਰਨ ਸਬੰਧੀ ਐਗਰੀਮੈਂਟ ਕੀਤਾ ਸੀ। ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਸਮੀਰ ਅਤੇ ਮੁਕੂਲਿਕਾ ਨੇ ਲੱਗਭਗ ਇਕ ਮਹੀਨੇ ਬਾਅਦ ਉਨ੍ਹਾਂ ਨੂੰ ਦੱਸਿਆ ਕਿ ਇੰਡੀਅਨ ਬੈਂਕ ਨੇ ਜੇ. ਸੀ. ਟੀ. ਨੇ ਐੱਨ. ਪੀ. ਏ. ਕਰਨ ਨੂੰ ਲੈ ਕੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਚੰਡੀਗੜ੍ਹ ਵਿਚ ਕੇਸ ਦਾਇਰ ਕੀਤਾ ਹੋਇਆ ਹੈ। ਇਸ ਕਾਰਵਾਈ ’ਤੇ ਸਟੇਅ ਲੈਣ ਸਬੰਧੀ ਉਨ੍ਹਾਂ ਵੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਮੁਲਾਜ਼ਮ ਦਾ ਸ਼ਰਮਨਾਕ ਕਾਰਾ, ਨਸ਼ੇ 'ਚ ਟੱਲੀ ASI ਨੇ ਨੌਜਵਾਨਾਂ ’ਤੇ ਚੜ੍ਹਾ 'ਤੀ ਗੱਡੀ
ਉਨ੍ਹਾਂ ਦੱਸਿਆ ਕਿ ਸਮੀਰ ਤੇ ਮੁਕੂਲਿਕਾ ਨੇ ਉਨ੍ਹਾਂ ਨੂੰ ਝਾਂਸੇ ਵਿਚ ਲੈਂਦਿਆਂ ਕਿਹਾ ਕਿ ਉਹ 5 ਕਰੋੜ ਰੁਪਏ ਦਾ ਡਰਾਫਟ ਬਣਾ ਕੇ ਉਨ੍ਹਾਂ ਨੂੰ ਦੇ ਦੇਣ ਤਾਂ ਕਿ ਉਹ ਮਾਣਯੋਗ ਹਾਈ ਕੋਰਟ ਨੂੰ ਦੱਸ ਸਕਣ ਕਿ ਉਹ ਇਸ ਯੂਨਿਟ ਨੂੰ ਵੇਚ ਕੇ ਬੈਂਕ ਦਾ ਕਰਜ਼ਾ ਮੋੜਨ ਨੂੰ ਤਿਆਰ ਹਨ, ਜਿਸ ਕਾਰਨ ਬੈਂਕ ਦੀ ਐੱਨ. ਪੀ. ਏ. ਦੀ ਕਾਰਵਾਈ ਗੈਰ-ਕਾਨੂੰਨੀ ਹੈ। ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਹਾਈ ਕੋਰਟ ਤੋਂ ਟੈਂਪਰੇਰੀ ਸਟੇਅ ਮਿਲਣ ਤੋਂ ਬਾਅਦ ਸਮੀਰ ਅਤੇ ਮੁਕੂਲਿਕਾ ਨੇ ਇਹ ਕਹਿੰਦੇ ਹੋਏ ਡਰਾਫਟ ਵਾਪਸ ਸੌਂਪ ਦਿੱਤਾ ਅਤੇ ਉਨ੍ਹਾਂ ਦਾ ਮਿਸ਼ਨ ਪੂਰਾ ਹੋ ਗਿਆ ਹੈ। ਗੁਰਪ੍ਰੀਤ ਨੇ ਦੱਸਿਆ ਕਿ ਇਸ ਕਾਂਡ ਤੋਂ ਬਾਅਦ ਕੁਝ ਸਮੇਂ ਬਾਅਦ ਉਨ੍ਹਾਂ ਦੇ ਮੋਬਾਈਲ ਨੰਬਰ ’ਤੇ ਮੁਲਜ਼ਮਾਂ ਨੇ ਇਕ ਵ੍ਹਟਸਐਪ ਮੈਸੇਜ ਭੇਜਿਆ, ਜਿਸ ਵਿਚ ਦੱਸਿਆ ਗਿਆ ਕਿ ਉਨ੍ਹਾਂ ਨੂੰ ਬੈਂਕਾਂ ਤੋਂ ਅਪਡੇਟ ਮਿਲਿਆ ਹੈ ਕਿ ਉਨ੍ਹਾਂ ਹੁਸ਼ਿਆਰਪੁਰ ਮਸ਼ੀਨਰੀ ਖਰੀਦਣ ਦੇ ਤੁਹਾਡੇ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ ਹੈ ਅਤੇ ਹੁਣ ਬੈਂਕ ਖ਼ੁਦ ਖ਼ਰੀਦਦਾਰ ਦੀ ਚੋਣ ਕਰਨਗੇ। ਜਦੋਂ ਅਸੀਂ ਫਗਵਾੜਾ ਆਵਾਂਗੇ ਤਾਂ ਤੁਹਾਨੂੰ ਅੱਗੇ ਦੀ ਜਾਣਕਾਰੀ ਦਿਆਂਗੇ।
ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਮੁਲਜ਼ਮਾਂ ਨਾਲ ਸੰਪਰਕ ਕਰਕੇ ਇਸ ਮਾਮਲੇ ਦੀ ਜਾਣਕਾਰੀ ਲੈਣ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕੋਈ ਸੰਤੁਸ਼ਟੀਜਨਕ ਜਵਾਬ ਨਹੀਂ ਮਿਲਿਆ, ਜਿਸ ਤੋਂ ਬਾਅਦ ਜਦੋਂ ਉਨ੍ਹਾਂ ਬੈਂਕ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਅਸਲ ਵਿਚ ਦੋਵਾਂ ਮੁਲਜ਼ਮਾਂ ਨੇ ਹੀ ਬੈਂਕ ਨੂੰ ਉਨ੍ਹਾਂ ਦੇ ਪ੍ਰਸਤਾਵ ਨੂੰ ਖਾਰਿਜ ਕਰਨ ਲਈ ਕਿਹਾ ਹੈ। ਗੁਰਪ੍ਰੀਤ ਅਤੇ ਹਰਪ੍ਰੀਤ ਨੇ ਦੱਸਿਆ ਕਿ ਇਸ ਮਾਮਲੇ ਦੇ ਉਜਾਗਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਹੈਰਾਨੀਜਨਕ ਤੱਥ ਪਤਾ ਲੱਗਾ ਕਿ ਸਮੀਰ ਅਤੇ ਮੁਕੂਲਿਕਾ ਨੇ ਉਸੇ ਕੰਪਨੀ ਦੀ ਮਸ਼ੀਨਰੀ ਅਤੇ ਬਿਲਡਿੰਗ ਨੂੰ ਵੇਚਣ ਲਈ ਕਿਸੇ ਹੋਰ ਨਾਲ ਵੀ ਸੌਦਾ ਕੀਤਾ ਹੋਇਆ ਹੈ।
ਇਸ ਸਬੰਧ ਵਿਚ ਜਦੋਂ ਉਨ੍ਹਾਂ ਮੁਲਜ਼ਮਾਂ ਨਾਲ ਲਗਾਤਾਰ ਸੰਪਰਕ ਕਰਕੇ ਐਗਰੀਮੈਂਟ ਦੀਆਂ ਸ਼ਰਤਾਂ ਦਾ ਪਾਲਣ ਕਰਨ ਅਤੇ ਸੌਦਾ ਰੱਦ ਨਾ ਕਰਨ ਦੀ ਗੁਜ਼ਾਰਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਲਟਾ ਉਨ੍ਹਾਂ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਮੁਕੂਲਿਕਾ ਨੇ ਤਾਂ ਉਨ੍ਹਾਂ ਨੂੰ ਧਮਕਾਉਂਦੇ ਹੋਏ ਜਬਰ-ਜ਼ਨਾਹ ਅਤੇ ਸ਼ੀਲ ਭੰਗ ਕਰਨ ਤਹਿਤ ਝੂਠੀ ਸ਼ਿਕਾਇਤ ਦਰਜ ਕਰਵਾ ਕੇ ਜੇਲ ਭਿਜਵਾਉਣ ਤਕ ਦੀਆਂ ਧਮਕੀਆਂ ਦਿੱਤੀਆਂ, ਜਿਸ ਤੋਂ ਬਾਅਦ ਉਨ੍ਹਾਂ ਮੁਲਜ਼ਮਾਂ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਦੋਵਾਂ ਧਿਰਾਂ ਦੇ ਤੱਥਾਂ ਦੀ ਜਾਂਚ ਉਪਰੰਤ 22 ਫਰਵਰੀ ਨੂੰ ਮੁਲਜ਼ਮਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਲਈ ਹੈ।
ਇਹ ਵੀ ਪੜ੍ਹੋ : ਪ੍ਰੀਖਿਆ ਨੂੰ ਲੈ ਕੇ 8ਵੀਂ, 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਸਿੱਖਿਆ ਮੰਤਰੀ ਵੱਲੋਂ ਸਖ਼ਤ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e