ਦੁਕਾਨ ਤੋਂ ਪਾਣੀ ਦੀ ਬੋਤਲ ਖਰੀਦਣ ਲਈ ਰੁਕੇ ਨੌਜਵਾਨ ਨਾਲ ਫਿਲਮੀ ਢੰਗ ਨਾਲ ਲੁੱਟ

07/05/2023 6:49:38 PM

ਜਲੰਧਰ (ਜ. ਬ.) : ਚਾਲੀ ਕੁਆਰਟਰ ਵਿਚ ਦੁਕਾਨ ਤੋਂ ਪਾਣੀ ਦੀ ਬੋਤਲ ਖਰੀਦਣ ਲਈ ਰੁਕੇ ਨੌਜਵਾਨ ਨਾਲ ਫਿਲਮੀ ਢੰਗ ਨਾਲ ਲੁੱਟ ਹੋਈ। ਪਹਿਲਾਂ ਤਾਂ ਨੌਜਵਾਨ ਨੇੜਿਓਂ ਭੱਜਦਾ ਇਕ ਨੌਜਵਾਨ ਨਿਕਲਿਆ, ਜਿਸ ਨੇ ਨੌਜਵਾਨ ਨੂੰ ਕਿਹਾ ਕਿ ਪੁਲਸ ਆ ਗਈ ਹੈ। ਜਿਉਂ ਹੀ ਉਹ ਕੁਝ ਅੱਗੇ ਗਿਆ ਤਾਂ ਉਸਦੇ ਪਿੱਛੇ ਭੱਜਦੇ ਆ ਰਹੇ 2 ਨੌਜਵਾਨ ਉਸ ਨੇੜੇ ਆਏ ਅਤੇ ਕਿਹਾ ਕਿ ਉਹ ਉਕਤ ਨੌਜਵਾਨ ਦੇ ਨਾਲ ਸੀ। ਮੁਲਜ਼ਮਾਂ ਨੇ ਪੁਲਸ ਮੁਲਾਜ਼ਮਾਂ ਵਾਂਗ ਨੌਜਵਾਨ ਦੀ ਤਲਾਸ਼ੀ ਲਈ ਅਤੇ ਫਿਰ ਉਸਦਾ ਪਰਸ ਤੇ ਚਾਂਦੀ ਦਾ ਬ੍ਰੈਸਲੇਟ ਕੱਢ ਕੇ ਫ਼ਰਾਰ ਹੋ ਗਏ। ਕਿਸੇ ਤਰ੍ਹਾਂ ਨੌਜਵਾਨ ਨੇ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਲੁਟੇਰਿਆਂ ਦਾ ਘਰ ਲੱਭ ਲਿਆ ਅਤੇ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਪੀੜਤ ਨਿਸ਼ਾਂਤ ਪੁੱਤਰ ਅਮਿਤ ਕੁਮਾਰ ਨਿਵਾਸੀ ਅਜੀਤ ਨਗਰ ਦੇ ਬਿਆਨਾਂ ’ਤੇ ਤਿੰਨਾਂ ਲੁਟੇਰਿਆਂ ਖ਼ਿਲਾਫ਼ ਲੁੱਟ ਦਾ ਕੇਸ ਦਰਜ ਕਰ ਕੇ 2 ਲੁਟੇਰਿਆਂ ਨੂੰ ਕਾਬੂ ਕਰ ਲਿਆ, ਜਦੋਂ ਕਿ ਇਕ ਅਜੇ ਫ਼ਰਾਰ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਨਿਸ਼ਾਂਤ ਨੇ ਕਿਹਾ ਕਿ ਉਹ ਆਈਸਕ੍ਰੀਮ ਬਣਾਉਣ ਵਾਲੀ ਕੰਪਨੀ ਵਿਚ ਮਾਰਕੀਟਿੰਗ ਦਾ ਕੰਮ ਕਰਦਾ ਹੈ। 30 ਜੂਨ ਨੂੰ ਉਹ ਚਾਲੀ ਕੁਆਰਟਰ ਵਿਚ ਪਾਣੀ ਦੀ ਬੋਤਲ ਲੈਣ ਲਈ ਦੁਕਾਨ ’ਤੇ ਰੁਕਿਆ। ਇਸੇ ਦੌਰਾਨ ਇਕ ਨੌਜਵਾਨ ਉਸਦੇ ਨੇੜਿਓਂ ਭੱਜਦਾ ਹੋਇਆ ਕਹਿ ਗਿਆ ਕਿ ਪੁਲਸ ਆ ਰਹੀ ਹੈ। ਉਹ ਕੁਝ ਸਮਝ ਨਹੀਂ ਸਕਿਆ ਅਤੇ ਇਸੇ ਦੌਰਾਨ 2 ਨੌਜਵਾਨ ਭੱਜਦੇ ਹੋਏ ਉਸ ਕੋਲ ਆ ਕੇ ਰੁਕੇ। ਨਿਸ਼ਾਂਤ ਨੇ ਕਿਹਾ ਕਿ ਉਸਨੂੰ ਲੱਗਾ ਕਿ ਉਕਤ ਨੌਜਵਾਨ ਸਿਵਲ ਵਰਦੀ ਵਿਚ ਪੁਲਸ ਵਾਲੇ ਹਨ, ਜਿਹੜੇ ਉਸ ਨੌਜਵਾਨ ਦਾ ਪਿੱਛਾ ਕਰ ਰਹੇ ਹਨ। ਦੋਵਾਂ ਨੇ ਨਿਸ਼ਾਂਤ ਨੂੰ ਫੜ ਲਿਆ ਅਤੇ ਕਿਹਾ ਕਿ ਉਹ ਲੜਕਾ ਕੌਣ ਹੈ।

ਇਹ ਵੀ ਪੜ੍ਹੋ : 12ਵੀਂ ਕਲਾਸ ਦੇ ਵਿਦਿਆਰਥੀ ਦੀ ਛੱਪੜ ’ਚ ਡੁੱਬਣ ਕਾਰਨ ਮੌਤ

ਅਜਿਹੇ ਵਿਚ ਨਿਸ਼ਾਂਤ ਡਰ ਗਿਆ। ਉਕਤ ਲੁਟੇਰਿਆਂ ਨੇ ਨਿਸ਼ਾਂਤ ਦਾ ਪਰਸ ਅਤੇ ਹੱਥ ’ਚੋਂ ਚਾਂਦੀ ਦਾ ਬ੍ਰੈਸਲੇਟ ਕੱਢਿਆ ਅਤੇ ਫ਼ਰਾਰ ਹੋ ਗਏ। ਆਲੇ-ਦੁਆਲਿਓਂ ਪਤਾ ਲੱਗਾ ਕਿ ਉਕਤ ਨੌਜਵਾਨ ਨਸ਼ੇੜੀ ਕਿਸਮ ਦੇ ਹਨ। ਨਿਸ਼ਾਂਤ ਨੇ ਲੋਕਾਂ ਦੀ ਮਦਦ ਨਾਲ ਮੁਲਜ਼ਮਾਂ ਦਾ ਘਰ ਲੱਭ ਲਿਆ। ਪਹਿਲਾਂ ਤਾਂ ਪਰਸ ਅਤੇ ਬ੍ਰੈਸਲੇਟ ਮੋੜਨ ਦਾ ਝਾਂਸਾ ਦਿੰਦੇ ਰਹੇ ਪਰ ਨਾ ਮੋੜਨ ’ਤੇ ਨਿਸ਼ਾਂਤ ਨੇ ਥਾਣਾ ਨਵੀਂ ਬਾਰਾਦਰੀ ਵਿਚ ਸ਼ਿਕਾਇਤ ਦਿੱਤੀ। ਪੁਲਸ ਨੇ ਨਿਸ਼ਾਂਤ ਦੇ ਬਿਆਨਾਂ ’ਤੇ ਅਜਮੇਰ ਸਿੰਘ ਪੁੱਤਰ ਤਰਸੇਮ ਸਿੰਘ ਅਤੇ ਕਾਰਤਿਕ ਦੋਵੇਂ ਨਿਵਾਸੀ ਅਰਜੁਨ ਨਗਰ ਅਤੇ ਗੱਗੀ ਨਿਵਾਸੀ ਚੌਗਿੱਟੀ ਖ਼ਿਲਾਫ਼ ਧਾਰਾ 379-ਬੀ, 34 ਅਧੀਨ ਕੇਸ ਦਰਜ ਕਰ ਲਿਆ। ਪੁਲਸ ਨੇ ਕੁਝ ਸਮੇਂ ਬਾਅਦ ਹੀ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਇਕ ਫ਼ਰਾਰ ਹੈ। ਹਾਲਾਂਕਿ ਦੇਰ ਰਾਤ ਉਸਦੀ ਵੀ ਗ੍ਰਿਫ਼ਤਾਰੀ ਦੀ ਚਰਚਾ ਰਹੀ। ਦੂਜੇ ਪਾਸੇ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਕੋਈ ਸਟੇਟਮੈਂਟ ਦਿੱਤੀ ਜਾਵੇਗੀ। ਪੁਲਸ ਜਲਦ ਪ੍ਰੈੱਸ ਕਾਨਫਰੰਸ ਕਰ ਕੇ ਇਸਦਾ ਖੁਲਾਸਾ ਕਰ ਸਕਦੀ ਹੈ।

ਇਹ ਵੀ ਪੜ੍ਹੋ : ਟਮਾਟਰ ਨੇ ਮੁਰਗੇ ਦੇ ਮੁੱਲ ਪਛਾੜੇ ਤੇ ਅਦਰਕ ਦੀਆਂ ਕੀਮਤਾਂ ਨੇ ਜੜਿਆ ਦੋਹਰਾ ਸੈਂਕੜਾ 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News