ਦੋ ਧਿਰਾਂ ਵਿਚਾਲੇ ਹੋਏ ਝਗੜੇ ਦੀ ਕਾਰਵਾਈ ਨਾ ਹੋਣ ''ਤੇ ਬਸਪਾ ਨੇ ਦਿੱਤਾ ਧਰਨਾ
Monday, Jun 01, 2020 - 05:37 PM (IST)

ਜਲੰਧਰ (ਕਮਲੇਸ਼, ਵਰਿੰਦਰ)— ਬੀਤੀ ਦਿਨੀਂ ਲਾਂਬੜਾ ਅਧੀਨ ਆਉਂਦੇ ਪਿੰਡ ਹੁਸੈਨਪੁਰ 'ਚ ਹੋਏ ਦੋ ਧਿਰਾਂ ਦੇ ਝਗੜੇ 'ਚ ਕਾਰਵਾਈ ਨਾ ਹੋਣ ਨੂੰ ਲੈ ਕੇ ਅੱਜ ਬਸਪਾ ਵੱਲੋਂ ਜਲੰਧਰ-ਨਕੋਦਰ ਮੁੱਖ ਮਾਰਗ 'ਤੇ ਧਰਨਾ ਦਿੱਤਾ ਗਿਆ। ਇਸ ਦੌਰਾਨ ਸੜਕ ਨੂੰ ਜਾਮ ਕਰਕੇ ਆਵਜਾਈ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ। ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਧਰਨਾ ਚੁਕਵਾਇਆ ਗਿਆ।
ਜ਼ਿਕਰਯੋਗ ਹੈ ਕਿ ਲਾਂਬੜਾ ਅਧੀਨ ਆਉਂਦੇ ਪਿੰਡ ਹੁਸੈਨਪੁਰ 'ਚ ਸ਼ੁੱਕਰਵਾਰ ਦੇਰ ਰਾਤ ਉਸ ਸਮੇਂ ਹੰਗਾਮਾ ਹੋ ਗਿਆ ਸੀ ਜਦੋਂ ਇਥੇ ਦੋ ਧਿਰਾਂ ਆਪਸ 'ਚ ਭਿੜ ਗਏ। ਮਿਲੀ ਜਾਣਕਾਰੀ ਮੁਤਾਬਕ ਮਾਮੂਲੀ ਗੱਲ ਨੂੰ ਲੈ ਕੇ ਦੋ ਧਿਰਾਂ 'ਚ ਤਕਰਾਰ ਹੋ ਗਿਆ ਸੀ, ਇਹ ਝਗੜਾ ਇੰਨਾ ਵੱਧ ਗਿਆ ਕਿ ਇਸ ਦੌਰਾਨ ਤੇਜ਼ਧਾਰ ਹਥਿਆਰਾਂ ਤੱਕ ਦੀ ਵਰਤੋਂ ਕੀਤੀ ਗਈ। ਆਪਸ 'ਚ ਭਿੜੀਆਂ ਦੋ ਧਿਰਾਂ ਦੌਰਾਨ 2 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਮਿਲੀ ਹੈ।
ਮੌਕੇ 'ਤੇ ਪਹੁੰਚੀ ਥਾਣਾ ਲਾਂਬੜਾ ਦੀ ਪੁਲਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਜ਼ਖਮੀ ਵਿਅਕਤੀਆਂ 'ਚੋਂ ਇਕ ਨੂੰ ਸਿਵਲ ਹਸਤਾਲ ਜਦਕਿ ਇਕ ਦੀ ਹਾਲਤ ਨਾਜ਼ੁਕ ਹੋਣ ਦੇ ਚਲਦਿਆਂ ਉਸ ਨੂੰ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।