ਲਾਜਪਤ ਨਗਰ ’ਚ ਬੱਚੇ ਨੂੰ ਲੈਣ ਆਏ ਪਿਤਾ ਨੇ ਕਾਰੋਬਾਰੀ ਦੇ ਘਰ ਬਾਹਰ ਕੀਤਾ ਹੰਗਾਮਾ

Sunday, Mar 14, 2021 - 12:59 PM (IST)

ਜਲੰਧਰ (ਜ. ਬ.)– ਥਾਣਾ ਡਿਵੀਜ਼ਨ ਨੰਬਰ 4 ਅਧੀਨ ਪੈਂਦੇ ਲਾਜਪਤ ਨਗਰ ਵਿਚ ਸ਼ਨੀਵਾਰ ਦੁਪਹਿਰੇ ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਦੇ ਘਰ 13 ਸਾਲਾ ਬੱਚੇ ਦੇ ਪਿਓ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਪੀੜਤ ਨੇ ਦੋਸ਼ ਲਾਇਆ ਕਿ ਕਾਰੋਬਾਰੀ ਨੇ ਉਸ ਕੋਲ ਕੰਮ ਕਰਨ ਵਾਲੇ ਉਸ ਦੇ ਨਾਬਾਲਗ ਬੱਚੇ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ ਹੈ। ਹੰਗਾਮੇ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 4 ਦੀ ਪੁਲਸ ਮੌਕੇ ’ਤੇ ਜਾਂਚ ਲਈ ਪਹੁੰਚ ਗਈ ਅਤੇ ਹੰਗਾਮਾ ਸ਼ਾਂਤ ਕਰਵਾਇਆ ਪਰ ਹੱਦ ਉਦੋਂ ਹੋ ਗਈ, ਜਦੋਂ ਕਾਰੋਬਾਰੀ ਨੇ ਪੁਲਸ ਦੇ ਆਉਣ ’ਤੇ ਵੀ ਦਰਵਾਜ਼ਾ ਨਾ ਖੋਲ੍ਹਿਆ। ਕਾਰੋਬਾਰੀ ਵੱਲੋਂ ਲਗਭਗ ਅੱਧੇ ਘੰਟੇ ਬਾਅਦ ਗੇਟ ਖੋਲ੍ਹਣ ’ਤੇ ਨਾਬਾਲਗ ਬੱਚੇ ਨੂੰ ਉਸ ਦੇ ਪਿਓ ਨਾਲ ਮਿਲਵਾਇਆ ਗਿਆ।

ਇਹ ਵੀ ਪੜ੍ਹੋ : ਹੁਸ਼ਿਆਰਪੁਰ: ਪਤੀ ਦਾ ਵਿਛੋੜਾ ਨਾ ਸਹਾਰ ਸਕੀ ਪਤਨੀ, ਖ਼ੁਦ ਨੂੰ ਅੱਗ ਲਗਾ ਕੇ ਕੀਤੀ ਖ਼ੁਦਕੁਸ਼ੀ

PunjabKesari

ਉੱਤਰ ਪ੍ਰਦੇਸ਼ ਤੋਂ ਆਏ ਮਨੋਸ਼ਮ ਨੇ ਦੱਸਿਆ ਕਿ ਉਸ ਦੇ 3 ਬੱਚੇ ਹਨ, ਜਿਨ੍ਹਾਂ ਵਿਚੋਂ ਇਕ ਲਾਜਪਤ ਨਗਰ ਅਤੇ 2 ਮਾਡਲ ਟਾਊਨ ਦੇ ਘਰਾਂ ਵਿਚ ਕੰਮ ਕਰਦੇ ਹਨ। ਉਸ ਨੇ ਦੱਸਿਆ ਕਿ ਉਹ ਪਿਛਲੇ ਕਾਫ਼ੀ ਸਮੇਂ ਤੋਂ ਬੀਮਾਰ ਚੱਲ ਰਿਹਾ ਸੀ, ਜਿਸ ਕਾਰਨ ਉਸ ਦੇ ਬੱਚੇ ਕਿਸੇ ਤਰ੍ਹਾਂ ਕਮਾਈ ਕਰਕੇ ਉਸ ਦਾ ਇਲਾਜ ਕਰਵਾ ਰਹੇ ਸਨ। ਜਦੋਂ ਤਬੀਅਤ ਠੀਕ ਹੋਈ ਤਾਂ ਪੀੜਤ ਸ਼ਨੀਵਾਰ ਨੂੰ ਲਗਭਗ 12 ਵਜੇ ਜਲੰਧਰ ਪਹੁੰਚਿਆ ਅਤੇ ਆਉਂਦੇ ਹੀ ਆਪਣੇ ਭਰਾ ਨਾਲ ਆਪਣੇ 13 ਸਾਲਾ ਬੱਚੇ ਨੂੰ ਲੈਣ ਲਾਜਪਤ ਨਗਰ ਪਹੁੰਚਿਆ। ਪਹਿਲਾਂ ਤਾਂ ਕਾਰੋਬਾਰੀ ਨੇ ਬੱਚੇ ਨੂੰ ਉਨ੍ਹਾਂ ਨਾਲ ਮਿਲਵਾ ਦਿੱਤਾ ਪਰ ਜਦੋਂ ਉਸ ਨੇ ਬੱਚੇ ਨੂੰ ਨਾਲ ਲਿਜਾਣ ਦੀ ਗੱਲ ਕਹੀ ਤਾਂ ਕਾਰੋਬਾਰੀ ਨੇ ਮਨ੍ਹਾ ਕਰ ਦਿੱਤਾ, ਜਿਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ। ਜਿਉਂ-ਜਿਉਂ ਲੋਕਾਂ ਨੂੰ ਪਤਾ ਲੱਗਦਾ ਗਿਆ, ਤਿਉਂ-ਤਿਉਂ ਲੋਕ ਇਕੱਠੇ ਹੁੰਦੇ ਗਏ। ਕੁਝ ਦੇਰ ਬਾਅਦ ਬੱਚੇ ਦੇ ਪਿਓ ਦੇ ਸਮਰਥਨ ਵਿਚ ਸ਼ਿਵ ਸੈਨਾ (ਹਿੰਦ) ਆਗੂ ਇਸ਼ਾਂਤ ਸ਼ਰਮਾ ਵੀ ਆਪਣੇ ਵਰਕਰਾਂ ਸਮੇਤ ਪਹੁੰਚ ਗਏ, ਜਿਸ ਤੋਂ ਬਾਅਦ ਗੇਟ ਖੁੱਲ੍ਹਣ ’ਤੇ ਨਾਬਾਲਗ ਦੇ ਪਿਤਾ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ। ਪੀੜਤ ਪਿਓ ਨੇ ਕਾਰੋਬਾਰੀ ਵੱਲੋਂ ਬੱਚੇ ਨਾਲ ਕੁੱਟਮਾਰ ਕਰਨ ਦਾ ਵੀ ਦੋਸ਼ ਲਾਇਆ।

ਇਹ ਵੀ ਪੜ੍ਹੋ : ਸ਼ਾਹਕੋਟ ਦੇ ਡੀ. ਐੱਸ. ਪੀ. ਵਰਿੰਦਰਪਾਲ ਸਿੰਘ ਦਾ ਕੋਰੋਨਾ ਕਾਰਨ ਦਿਹਾਂਤ

ਮਾਮਲਾ ਗਰਮਾਉਂਦਾ ਦੇਖ ਮੌਕੇ ’ਤੇ ਅਧਿਕਾਰੀ ਪਹੁੰਚੇ ਅਤੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਦੇਰ ਸ਼ਾਮ ਤੱਕ ਪੁਲਸ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਸੀ। ਇਸ ਮਾਮਲੇ ਵਿਚ ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਨੇ ਦੱਸਿਆ ਕਿ ਜਦੋਂ ਪਤਾ ਲੱਗਾ ਕਿ ਇਸ ਮਾਮਲੇ ਵਿਚ ਸ਼ਾਮਲ ਬੱਚਾ ਨਾਬਾਲਗ ਹੈ ਤਾਂ ਤੁਰੰਤ ਇਸ ਦੀ ਜਾਣਕਾਰੀ ਸੀ. ਡਬਲਿਊ. ਸੀ. ਦੇ ਅਧਿਕਾਰੀਆਂ ਨੂੰ ਵੀ ਦਿੱਤੀ ਗਈ। ਕੁਝ ਹੀ ਦੇਰ ਬਾਅਦ ਜਦੋਂ ਸੀ. ਡਬਲਿਊ. ਸੀ. ਦੇ ਅਧਿਕਾਰੀ ਪਹੁੰਚੇ ਤਾਂ ਬੱਚਾ ਉਨ੍ਹਾਂ ਨੂੰ ਸੌਂਪ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬੱਚੇ ਦਾ ਮੈਡੀਕਲ ਕਰਵਾਇਆ ਜਾਵੇਗਾ ਅਤੇ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਸੰਗਰੂਰ ਤੋਂ ਵੱਡੀ ਖ਼ਬਰ: ਕਿਸਾਨੀ ਧਰਨੇ ਦੌਰਾਨ ਕਿਸਾਨ ਨੇ ਨਿਗਲੀ ਜ਼ਹਿਰੀਲੀ ਚੀਜ਼

ਸ਼ਿਵ ਸੈਨਾ ਆਗੂ ਇਸ਼ਾਂਤ ਸ਼ਰਮਾ ਨੇ ਖਦਸ਼ਾ ਜਤਾਇਆ ਕਿ ਕਾਰੋਬਾਰੀ ਵੱਲੋਂ ਕਿਸੇ ਨੂੰ ਥਾਣੇ ਨਹੀਂ ਬੁਲਾਇਆ ਗਿਆ। ਥਾਣਾ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ। ਮਾਮਲਾ ਲੇਬਰ ਡਿਪਾਰਟਮੈਂਟ ਦਾ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾ ਰਹੀ ਹੈ, ਜਿਸ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਕਿਸਾਨੀ ਰੰਗ ’ਚ ਰੰਗਿਆ ਟਾਂਡਾ ਦਾ ਇਹ ਸਾਦਾ ਵਿਆਹ, ਚਾਰੇ ਪਾਸੇ ਹੋਈ ਵਡਿਆਈ


shivani attri

Content Editor

Related News