ਆਈ. ਜੀ. ਸਿਨ੍ਹਾ ਨੇ ਫਾਦਰ ਐਂਥਨੀ ਤੋਂ 3 ਘੰਟੇ ਕੀਤੀ ਪੁੱਛਗਿੱਛ

04/08/2019 10:58:18 AM

ਜਲੰਧਰ (ਮ੍ਰਿਦੁਲ)— ਫਾਦਰ ਐਂਥਨੀ ਤੋਂ ਪੁੱਛਗਿੱਛ ਕਰਨ ਲਈ ਆਈ. ਜੀ. ਪ੍ਰਵੀਨ ਸਿਨ੍ਹਾ ਬੀਤੇ ਦਿਨ ਦੇਰ ਸ਼ਾਮ ਜਲੰਧਰ ਪ੍ਰਾਤਪਪੁਰਾ ਸਥਿਤ ਫਾਦਰ ਐਂਥਨੀ ਦੇ ਘਰ ਪਹੁੰਚੇ। ਉਨ੍ਹਾਂ ਨੇ ਫਾਦਰ ਐਂਥਨੀ ਨਾਲ ਗੱਲਬਾਤ ਕੀਤੀ, ਜਿਸ ਤੋਂ ਬਾਅਦ ਪ੍ਰਤਾਪਪੁਰਾ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਆਈ. ਜੀ. ਸਿਨ੍ਹਾ ਦੇ ਕੜੇ ਸਵਾਲਾਂ 'ਤੇ ਫਾਦਰ ਐਂਥਨੀ ਥੋੜ੍ਹੇ ਘਬਰਾਏ ਹੋਏ ਨਜ਼ਰ ਆਏ ਕਿਉਂਕਿ ਕਿਤੇ ਨਾ ਕਿਤੇ ਪੁਲਸ ਜਾਂਚ 'ਚ ਸਭ ਤੋਂ ਅਹਿਮ ਸਵਾਲ ਇਹੀ ਸੀ ਕਿ ਜੇਕਰ ਕੈਸ਼ ਦੇ ਸਾਰੇ ਦਸਤਾਵੇਜ਼ ਸੀ ਤਾਂ ਉਨ੍ਹਾਂ ਨੂੰ ਉਸੇ ਦਿਨ ਫਰਮ ਦੇ ਕਰੰਟ ਅਕਾਊਂਟ 'ਚ ਜਮ੍ਹਾ ਕਿਉਂ ਨਹੀਂ ਕਰਵਾਇਆ ਗਿਆ।
ਤਕਰੀਬਨ 3 ਘੰਟੇ ਦੀ ਚੱਲੀ ਇਸ ਜਾਂਚ 'ਚ ਆਈ. ਜੀ. ਸਿਨ੍ਹਾ ਨੇ ਜਿਥੇ ਫਾਦਰ ਐਂਥਨੀ ਤੋਂ ਜਾਂਚ ਕੀਤੀ, ਉਥੇ ਦੂਜੇ ਪਾਸੇ ਫਰਮ ਦੇ ਸਟਾਫ ਅਤੇ ਆਲੇ- ਦੁਆਲੇ ਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ । ਸਿਨ੍ਹਾ ਨੇ ਫਾਦਰ ਐਂਥਨੀ ਤੋਂ ਸਭ ਤੋਂ ਪਹਿਲਾਂ ਇਹੀ ਸਵਾਲ ਪੁੱਛਿਆ ਕਿ ਜੇਕਰ ਉਹ ਇਹ ਦਾਅਵਾ ਕਰਦੇ ਹਨ ਕਿ 16 ਕਰੋੜ ਕੈਸ਼ ਜੇਕਰ ਉਨ੍ਹਾਂ ਕੋਲ ਸੀ ਤਾਂ ਉਸ ਨੂੰ ਉਸੇ ਦਿਨ ਜਮ੍ਹਾ ਕਿਉਂ ਨਹੀਂ ਕਰਵਾਇਆ? ਜੋ ਕਿ ਆਪਣੇ ਆਪ 'ਚ ਵੱਡੇ ਸਵਾਲ ਪੈਦਾ ਕਰਦਾ ਹੈ। ਇਸ 'ਤੇ ਫਾਦਰ ਐਂਥਨੀ ਨੇ ਕਿਹਾ ਕਿ ਕੈਸ਼ ਸ਼ਾਮ ਨੂੰ ਕਲੈਕਟ ਕੀਤਾ ਗਿਆ ਸੀ, ਜਿਸ ਕਾਰਨ ਅਗਲੇ ਦਿਨ ਜਮ੍ਹਾ ਕਰਵਾਉਣਾ ਸੀ। ਅਗਲੇ ਸਵਾਲ 'ਚ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇੰਨਾਂ ਜ਼ਿਆਦਾ ਕੈਸ਼ ਰੱਖਣ 'ਤੇ ਉਨ੍ਹਾਂ ਨੂੰ ਡਰ ਨਹੀਂ ਲੱਗਾ, ਫਾਦਰ ਬੋਲੇ ਕਿ ਕਈ ਵਾਰ ਕੈਸ਼ ਇਕੱਠਾ ਕਰਨ 'ਚ ਦੇਰੀ ਹੋਣ ਕਾਰਨ ਅਜਿਹਾ ਹੋ ਜਾਂਦਾ ਹੈ।
ਆਈ. ਜੀ. ਸਿਨ੍ਹਾ ਨੇ ਦੱਸਿਆ ਕਿ ਉਹ ਹੁਣ ਤੱਕ ਫਾਦਰ ਐਂਥਨੀ ਨੂੰ ਸਿਰਫ 2 ਵਾਰ ਹੀ ਮਿਲੇ ਹਨ, ਬੀਤੇ ਦਿਨ ਤੀਸਰੀ ਵਾਰ ਮਿਲੇ। ਉਨ੍ਹਾਂ ਦੇ ਹੁਣ ਆਨ ਰਿਕਾਰਡ ਬਿਆਨ ਦਰਜ ਕਰਨੇ ਹੀ ਬਾਕੀ ਹਨ। ਉਨ੍ਹਾਂ ਕਿਹਾ ਕਿ ਮੌਕੇ 'ਤੇ ਜਾ ਕੇ ਫਾਦਰ ਐਂਥਨੀ ਨਾਲ ਮਿਲ ਕੇ ਉਨ੍ਹਾਂ ਤੋਂ ਉਸ ਰਾਤ ਦੀ ਸਾਰੀ ਕਹਾਣੀ ਸਮਝੀ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਪੁਲਸ ਲੈ ਕੇ ਗਈ ਅਤੇ ਉਨ੍ਹਾਂ ਨੇ ਘਰ 'ਚ ਕਿਥੇ ਕੈਸ਼ ਰੱਖਿਆ ਹੈ। ਆਈ. ਜੀ. ਸਿਨਹਾ ਮੁਤਾਬਕ ਫਾਦਰ ਐਂਥਨੀ ਦੀ ਕੰਪਨੀ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਐਕਸਪਰਟਸ ਨੂੰ ਨਾਲ ਬਿਠਾ ਕੇ ਉਨ੍ਹਾਂ ਦੇ ਅਕਾਊਂਟਸ ਵੀ ਰਿਵਿਊ ਕਰਵਾਏ ਜਾਣਗੇ ਤਾਂ ਕਿ ਪਤਾ ਲੱਗ ਸਕੇ ਕਿ ਐਂਟਰੀਆਂ 'ਚ ਹੇਰਾਫੇਰੀ ਕਰਕੇ ਇੰਨੀ ਵੱਡੀ ਅਮਾਊਂਟਸ 'ਚ ਕੈਸ਼ ਤਾਂ ਨਹੀਂ ਲਿਆਂਦਾ ਗਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਹਵਾਲਾ ਕੁਲੈਕਸ਼ਨ ਹੈ ਤਾਂ ਫਿਰ ਵੀ ਉਨ੍ਹਾਂ ਨੂੰ ਇਕ ਵਾਰ ਫਰਮ ਦੇ ਅਕਾਊਂਟਸ ਚੈੱਕ ਕਰਨੇ ਪੈਣਗੇ।


shivani attri

Content Editor

Related News