ਤੀਜੇ ਦਿਨ ਵੀ ਫਗਵਾੜਾ ਨੈਸ਼ਨਲ ਹਾਈਵੇਅ ’ਤੇ ਡਟੇ ਰਹੇ ਕਿਸਾਨ ਤੇ ਆੜ੍ਹਤੀ
Thursday, Oct 24, 2024 - 12:56 PM (IST)
ਫਗਵਾੜਾ (ਜਲੋਟਾ)-ਝੋਨੇ ਦੀ ਫ਼ਸਲ ਦੀ ਲਿਫ਼ਟਿੰਗ ਨਾ ਹੋਣ ਕਾਰਨ ਹਜ਼ਾਰਾਂ ਕਿਸਾਨਾਂ ਅਤੇ ਆੜ੍ਹਤੀਆਂ ਨੇ ਲਗਾਤਾਰ ਤੀਜੇ ਦਿਨ ਵੀ ਫਗਵਾੜਾ ਦੇ ਨੈਸ਼ਨਲ ਹਾਈਵੇਅ ਨੰਬਰ 1 ’ਤੇ ਖੰਡ ਮਿੱਲ ਚੌਕ ’ਚ ਰੋਸ ਧਰਨਾ ਜਾਰੀ ਰੱਖਿਆ। ਬੁੱਧਵਾਰ ਸਵੇਰੇ ਸੜਕ ਦੇ ਦੋਵੇਂ ਪਾਸੇ ਆਵਾਜਾਈ ਪ੍ਰਭਾਵਿਤ ਤਾਂ ਹੋਈ ਪਰ ਕਿਸਾਨ ਆਗੂਆਂ ਵੱਲੋਂ ਜਨਹਿੱਤ ਵਿਚ ਨੈਸ਼ਨਲ ਹਾਈਵੇਅ ਨੰਬਰ 1 ਦੇ ਆਲੇ-ਦੁਆਲੇ ਸਥਿਤ ਸਰਵਿਸ ਸੜਕਾਂ ਨੂੰ ਖੋਲ੍ਹੇ ਜਾਣ ਕਾਰਨ ਆਵਾਜਾਈ ਰੁਕ-ਰੁਕ ਕੇ ਹੌਲੀ ਰਫ਼ਤਾਰ ਨਾਲ ਲੰਘਦੀ ਰਹੀ ਹੈ। ਫਗਵਾੜਾ ’ਚ ਜਾਰੀ ਰੋਸ ਧਰਨੇ ’ਚ ਕਿਸਾਨ-ਮਜ਼ਦੂਰ ਏਕਤਾ ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ ਆਪਣੇ ਸਾਥੀਆਂ ਸਮੇਤ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਦਾ ਸਮਰਥਨ ਕਰਨ ਲਈ ਧਰਨੇ ਵਾਲੀ ਥਾਂ ’ਤੇ ਪਹੁੰਚੇ। ਉਨ੍ਹਾਂ ਸਿੱਧੇ ਤੌਰ ’ਤੇ ਦੋਵੇਂ ਸਰਕਾਰਾਂ ਫਗਵਾੜਾ ਵਿਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਬਹੁਤ ਹਲਕੇ ਵਿਚ ਲੈ ਰਹੀਆਂ ਹਨ। ਜੇਕਰ ਕਿਸਾਨਾਂ, ਆੜ੍ਹਤੀਆਂ ਦੀਆਂ ਜਾਇਜ਼ ਮੰਗਾਂ ਤੁਰੰਤ ਨਾ ਮੰਨੀਆਂ ਗਈਆਂ ਤਾਂ ਇਹ ਅੰਦੋਲਨ ਪੂਰੇ ਪੰਜਾਬ ’ਚ ਹੁੰਦਾ ਨਜ਼ਰ ਆਵੇਗਾ। ਇਸ ਤੋਂ ਬਾਅਦ ਜੇਕਰ ਸਥਿਤੀ ਵਿਗੜਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਰਾਜ ਅਤੇ ਕੇਂਦਰ ਸਰਕਾਰਾਂ ਦੀ ਹੀ ਹੋਵੇਗੀ।
ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਲੋੜ ਪਈ ਤਾਂ ਪੰਜਾਬ ਪੂਰੀ ਤਰ੍ਹਾਂ ਨਾਲ ਜਾਮ ਵੀ ਕੀਤਾ ਜਾਵੇਗਾ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬ) ਫਗਵਾੜਾ ਦੇ ਆਗੂ ਵੀ ਰੋਸ ਧਰਨੇ ਨੂੰ ਸਮਰਥਨ ਦੇਣ ਲਈ ਧਰਨੇ ਵਾਲੀ ਥਾਂ ’ਤੇ ਮੌਜੂਦ ਵੇਖੇ ਗਏ ਹਨ। ਦੱਸ ਦੇਈਏ ਕਿ ਬੀਤੇ ਦਿਨ ਡੀ. ਸੀ. ਕਪੂਰਥਲਾ, ਐੱਸ. ਐੱਸ. ਪੀ. ਕਪੂਰਥਲਾ, ਏ. ਡੀ. ਸੀ. ਫਗਵਾੜਾ, ਐੱਸ. ਡੀ. ਐੱਮ. ਫਗਵਾੜਾ ਸਮੇਤ ਹੋਰ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਧਰਨੇ ਵਾਲੀ ਥਾਂ ’ਤੇ ਪਹੁੰਚੇ ਸਨ ਅਤੇ ਇੰਨਾਂ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਵੀ ਕੀਤੀ ਸੀ, ਜਿਸ ਤੋਂ ਬਾਅਦ ਕਿਸਾਨਾਂ ਅਤੇ ਪ੍ਰਸ਼ਾਸਨ ਦਰਮਿਆਨ ਲੰਬੇ ਦੌਰ ਦੀ ਮੀਟਿੰਗ ਹੋਈ ਸੀ ਪਰ ਮੀਟਿੰਗ ਅਸਫਲ ਅਤੇ ਬੇਸਿੱਟਾ ਰਹੀ ਸੀ।
ਇਹ ਵੀ ਪੜ੍ਹੋ- ਜ਼ਿਮਨੀ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਇਕ ਹੋਰ ਵੱਡਾ ਝਟਕਾ
ਅਜਿਹੇ ’ਚ ਅੱਜ ਉਮੀਦ ਕੀਤੀ ਜਾ ਰਹੀ ਸੀ ਕਿ ਡੀ. ਸੀ. ਕਪੂਰਥਲਾ ਸਮੇਤ ਜ਼ਿਲ੍ਹਾ ਕਪੂਰਥਲਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਮੁੜ ਨਵੇਂ ਸਿਰੇ ਤੋਂ ਮੀਟਿੰਗ ਹੋਵੇਗੀ, ਜਿਸ ’ਚ ਮੇਨ ਹਾਈਵੇਅ ਨੰਬਰ 1 ’ਤੇ ਚੱਲ ਰਹੇ ਰੋਸ ਧਰਨੇ ਨੂੰ ਖ਼ਤਮ ਕਰਨ ਲਈ ਚੰਗੀ ਪਹਿਲ ਕਦਮੀ ਕੀਤੀ ਜਾਵੇਗੀ। ਅਜਿਹਾ ਕੁਝ ਨਹੀਂ ਹੋਇਆ ਹੈ ਅਤੇ ਨਾ ਹੀ ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਸਬੰਧ ’ਚ ਮੀਡੀਆ ਨੂੰ ਕੋਈ ਅਧਿਕਾਰਤ ਜਾਣਕਾਰੀ ਹੀ ਦਿੱਤੀ ਗਈ ਹੈ? ਇਸ ਦੌਰਾਨ ਫਗਵਾੜਾ ’ਚ ਕਿਸਾਨ ਆਗੂਆਂ ਨੇ ਮੁੜ ਐਲਾਨ ਕੀਤਾ ਕਿ ਕੌਮੀ ਰਾਜ ਮਾਰਗ ਨੰਬਰ 1 ’ਤੇ ਪੰਜਾਬ ਸਰਕਾਰ ਅਤੇ ਮੋਦੀ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨਾਂ ਦਾ ਇਹ ਦੌਰ ਪੂਰੇ ਜੋਰ ਨਾਲ ਹੁਣ ਅੱਗੇ ਵੀ ਜਾਰੀ ਰਹੇਗਾ। ਯਾਨੀ ਫਗਵਾੜਾ ’ਚ ਰੋਸ ਪ੍ਰਦਰਸ਼ਨ 24 ਅਕਤੂਬਰ ਨੂੰ ਵੀ ਜਾਰੀ ਰਹਿਣ ਜਾ ਰਿਹਾ ਹੈ।
ਇਹ ਵੀ ਪੜ੍ਹੋ- Positive News: ਪਾਸਪੋਰਟ ਬਣਵਾਉਣ ਵਾਲਿਆਂ ਲਈ ਅਹਿਮ ਖ਼ਬਰ, ਤੁਰੰਤ ਕਰੋ ਇਹ ਕੰਮ
ਕੀ ਕਹਿੰਦੀ ਹੈ ਫਗਵਾੜਾ ਦੀ ਆਮ ਜਨਤਾ
ਉਪਰੋਕਤ ਮਹੱਤਵਪੂਰਨ ਮੁੱਦੇ ਬਾਰੇ ਆਮ ਲੋਕਾਂ ਦੀ ਦਲੀਲ ਹੈ ਕਿ ਡੀ. ਸੀ. ਕਪੂਰਥਲਾ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਅੱਜ ਕੌਮੀ ਰਾਜਮਾਰਗ ਨੰਬਰ 1 ’ਤੇ ਬੈਠੇ ਹੋਏ ਕਿਸਾਨਾਂ, ਆੜ੍ਹਤੀਆਂ ਨਾਲ ਗੱਲਬਾਤ ਦਾ ਦੌਰ ਜਾਰੀ ਰੱਖਣਾ ਚਾਹੀਦਾ ਸੀ। ਲੋਕਾਂ ਨੇ ਕਿਹਾ ਕਿ ਇੰਝ ਤਾਂ ਇਹ ਮਾਮਲਾ ਕਦੇ ਹੱਲ ਹੀ ਨਹੀਂ ਹੋਵੇਗਾ? ਆਮ ਲੋਕਾਂ ਨੇ ਕਿਹਾ ਕਿ ਜ਼ਿਲ੍ਹਾ ਕਪੂਰਥਲਾ ਦਾ ਪ੍ਰਸ਼ਾਸਨ ਹੀ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨਾਲ ਗੱਲਬਾਤ ਕਰਨ ਲਈ ਅਧਿਕਾਰਤ ਹੈ, ਜੋ ਆਪਣੀਆਂ ਜਾਇਜ ਮੰਗਾਂ ਨੂੰ ਲੈਕੇ ਰੋਸ ਧਰਨਾ ਦੇ ਕਿਸਾਨ ਅੰਦੋਲਨ ਕਰ ਰਹੇ ਹਨ।
ਡੀ. ਸੀ. ਕਪੂਰਥਲਾ ਨੂੰ ਇਸ ਮੁੱਦੇ ਸਬੰਧੀ ਗੱਲਬਾਤ ਦੇ ਦੌਰ ਨੂੰ ਜਾਰੀ ਰੱਖਦੇ ਹੋਏ ਇਸ ਗੰਭੀਰ ਮਸਲੇ ਨੂੰ ਪੰਜਾਬ ਸਰਕਾਰ ਦੇ ਉੱਚ ਸਰਕਾਰੀ ਅਧਿਕਾਰੀਆਂ ਅਤੇ ਮੁੱਖ ਮੰਤਰੀ ਦਫ਼ਤਰ ਤੱਕ ਹਰ ਸੰਭਵ ਯਤਨ ਕਰਕੇ ਅੱਜ ਜਾਣੂ ਕਰਵਾਉਣਾ ਚਾਹੀਦਾ ਸੀ। ਲੋਕਾਂ ਨੇ ਕਿਹਾ ਕਿ ਨੈਸ਼ਨਲ ਹਾਈਵੇਅ ਨੰਬਰ 1 ’ਤੇ ਸੜਕ ’ਤੇ ਚੱਲ ਰਹੇ ਰੋਸ ਧਰਨੇ ਕਾਰਨ ਆਮ ਲੋਕਾਂ ਨੂੰ ਤਾਂ ਰੋਜ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਹੀ ਰਿਹਾ ਹੈ, ਸਗੋਂ ਇਹ ਸਭ ਕਿਸਾਨ ਭਰਾਵਾਂ ਦੀ ਸੁਰੱਖਿਆ ਲਈ ਵੀ ਚੰਗਾ ਨਹੀਂ ਹੈ। ਲੋਕਾਂ ਨੇ ਕਿਹਾ ਕਿ ਤੀਜੇ ਦਿਨ ਵੀ ਜਾਰੀ ਵਿਰੋਧ ਪ੍ਰਦਰਸ਼ਨਾਂ ਦੇ ਦੌਰ ਵਿਚ ਇਹ ਬਹੁਤ ਨਿਰਾਸ਼ਾਜਨਕ ਹੈ ਕਿ ਕਿਸਾਨਾਂ ਅਤੇ ਪ੍ਰਸ਼ਾਸਨ ਦਰਮਿਆਨ ਕੋਈ ਅਧਿਕਾਰਤ ਮੀਟਿੰਗ ਹੀ ਨਹੀਂ ਹੋਈ ਹੈ। ਆਮ ਜਨਤਾ ਨੇ ਇਕ ਮਤ ਹੋਕੇ ਆਖਿਆ ਹੈ ਕਿ ਚੱਲ ਰਹੇ ਡੈਡਲਾਕ ਦੇ ਵਿਚਕਾਰ ਕਿਸਾਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਮੱਧ ਮੀਟਿੰਗਾਂ ਬੰਦ ਨਹੀਂ ਹੋਣੀਆਂ ਚਾਹੀਦੀਆਂ ਹਨ।
ਇਹ ਵੀ ਪੜ੍ਹੋ- ਖ਼ੁਸ਼ੀ-ਖ਼ੁਸੀ ਚੱਲ ਰਹੇ ਵਿਆਹ 'ਚ ਪੈ ਗਿਆ ਰੌਲਾ, ਫੋਟੋਗ੍ਰਾਫਰ 'ਤੇ SI ਨੇ ਜੜ੍ਹ 'ਤੇ ਥੱਪੜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ