ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਦੇ ਕੱਟੇ ਚਲਾਨ
Wednesday, Oct 24, 2018 - 05:39 AM (IST)

ਭੁਲੱਥ, (ਰਜਿੰਦਰ)- ਇਲਾਕੇ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ 11 ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 4 ਕੇਸਾਂ ਦੀ ਪਡ਼ਤਾਲ ਮੁਕੰਮਲ ਕਰਦੇ ਹੋਏ ਕਿਸਾਨਾਂ ਦੇ ਚਲਾਨ ਕੱਟੇ ਗਏ ਹਨ। ਇਹ ਜਾਣਕਾਰੀ ਸਬ ਡਵੀਜ਼ਨ ਭੁਲੱਥ ਦੇ ਐੱਸ. ਡੀ. ਐੱਮ. ਗੁਰਸਿਮਰਨ ਸਿੰਘ ਢਿੱਲੋਂ ਨੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਕੱਟੇ ਗਏ ਚਲਾਨਾਂ ਦੀ ਕੁਲ ਰਕਮ 17,500 ਰੁਪਏ ਹੈ। ਦੂਜੇ ਪਾਸੇ ਇਸ ਤੋਂ ਪਹਿਲਾਂ ਐੱਸ.ਡੀ.ਐੱਮ. ਦਫਤਰ ਭੁਲੱਥ ਵਿਖੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਬਣਾਈਆਂ ਗਈਆਂ ਟੀਮਾਂ ਦੀ ਮੀਟਿੰਗ ਐੱਸ. ਡੀ. ਐੱਮ. ਭੁਲੱਥ ਗੁਰਸਿਮਰਨ ਸਿੰਘ ਢਿੱਲੋਂ ਨਾਲ ਹੋਈ ਜਿਸ ਦੌਰਾਨ ਸਬੰਧਤ ਅਧਿਕਾਰੀਆਂ ਨੇ ਚੈਕਿੰਗ ਦੌਰਾਨ ਤੇ ਸੈਟੇਲਾਈਟ ਤੋਂ ਪ੍ਰਾਪਤ ਅੱਗ ਦੇ ਕੇਸਾਂ ਦੀ ਰਿਪੋਰਟ ਦਿੱਤੀ। ਇਸ ਦੌਰਾਨ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਾਕ ਨਡਾਲਾ ਅਤੇ ਢਿੱਲਵਾਂ ਵਿਚ ਜੋ ਕੰਬਾਈਨਾਂ ਖੇਤਾਂ ਵਿਚ ਫਸਲ ਦੀ ਕਟਾਈ ਕਰ ਰਹੀਆਂ ਹਨ, ਉਨ੍ਹਾਂ ਦੀ ਚੈਕਿੰਗ ਕੀਤੀ ਗਈ। ਇਨ੍ਹਾਂ ਕੰਬਾਈਨਾਂ ਵਿਚੋਂ ਬਿਨਾਂ ਸੁਪਰ ਐੱਸ.ਐੱਮ.ਐੱਸ. ਦੇ 3 ਕੰਬਾਈਨਾਂ ਦੇ ਚਲਾਨ ਕੀਤੇ ਗਏ ਹਨ।