ਝੋਨੇ ਦੀ ਫਸਲ ਤਬਾਹ ਹੋਣ ''ਤੇ ਦੁਖੀ ਕਿਸਾਨ ਲਗਾਇਆ ਮੌਤ ਨੂੰ ਗਲੇ

10/18/2018 12:52:29 PM

ਨਡਾਲਾ (ਸ਼ਰਮਾ)— ਭਾਰੀ ਬਾਰਿਸ਼ਾਂ ਕਾਰਨ ਝੋਨੇ ਦੀ ਫਸਲ ਤਬਾਹ ਹੋਣ ਤੋਂ ਦੁਖੀ ਹੋਏ ਪਿੰਡ ਜੱਗਾਂ ਥਾਣਾ ਸੁਭਾਨਪੁਰ ਦੇ ਇਕ ਕਿਸਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਸਬੰਧਤ ਕਿਸਾਨ ਹਰਰਿੰਦਰ ਸਿੰਘ (40) ਪੁੱਤਰ ਕਰਨੈਲ ਸਿੰਘ ਇਸ ਵਾਰ ਪਈਆਂ ਭਾਰੀ ਬਾਰਿਸ਼ਾਂ ਕਾਰਨ ਨੁਕਸਾਨੀਆਂ 2 ਫਸਲਾਂ ਤੋਂ ਬਾਅਦ ਕਾਫੀ ਪਰੇਸ਼ਾਨ ਸੀ। ਕਰਜ਼ੇ ਦਾ ਬੋਝ ਵਧ ਗਿਆ ਸੀ। ਅਜਿਹੀ ਹਾਲਤ 'ਚ ਬੀਤੇ ਦਿਨ ਦੁਪਹਿਰ ਵੇਲੇ ਉਸ ਨੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ। ਇਸ ਦੌਰਾਨ ਪਰਿਵਾਰਕ ਮੈਂਬਰ ਪਤਾ ਲੱਗਣ 'ਤੇ ਉਸ ਨੂੰ ਹਸਪਤਾਲ ਲੈ ਕੇ ਗਏ ਪਰ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਉਸ ਦੇ ਚਾਚਾ ਗੁਰਦਿਆਲ ਸਿੰਘ ਚੀਮਾ ਨੇ ਦੱਸਿਆ ਕਿ ਭਾਰੀ ਬਾਰਿਸ਼ਾਂ ਕਾਰਨ ਪਹਿਲਾਂ 8 ਏਕੜ ਦੇ ਕਰੀਬ ਮੱਕੀ ਦੀ ਫਸਲ ਖਰਾਬ ਹੋ ਗਈ ਸੀ ਅਤੇ ਬਾਅਦ 'ਚ 6 ਏਕੜ ਝੋਨਾ ਵੀ ਸਿਰੇ ਨਹੀਂ ਲੱਗਾ, ਜਿਸ ਕਾਰਨ ਫਸਲ ਦੇ ਪਾਲਣ ਅਤੇ ਹੋਰ ਖੇਤੀ ਸੰਦਾਂ ਲਈ ਲਏ ਕਰਜ਼ੇ ਦਾ ਬੋਝ ਭਾਰੀ ਹੋ ਗਿਆ ਸੀ। ਅਜਿਹੀ ਪਰੇਸ਼ਾਨੀ ਦੀ ਹਾਲਤ 'ਚ ਹਰਰਿੰਦਰ ਨੇ ਖੁਦਕੁਸ਼ੀ ਕਰ ਲਈ। ਹਰਰਿੰਦਰ ਸਿੰਘ ਆਪਣੇ ਪਿੱਛੇ ਪਤਨੀ ਅਤੇ ਇਕ ਬੇਟੇ ਨੂੰ ਛੱਡ ਗਿਆ ਹੈ।


Related News