ਪਿੰਡ ਜਹੂਰਾ 'ਚ ਪਰਾਲੀ ਸਾੜ ਰਹੇ ਕਿਸਾਨ ਦਾ ਪ੍ਰਸ਼ਾਸਨ ਨੇ ਕੱਟਿਆ ਚਲਾਨ
Thursday, Nov 07, 2019 - 11:16 AM (IST)
ਟਾਂਡਾ ਉੜਮੁੜ (ਪੰਡਿਤ) - ਪਰਾਲੀ ਸਾੜਨ ਨਾਲ ਹੋ ਰਹੇ ਪ੍ਰਦੂਸ਼ਣ ਤੋਂ ਬਾਅਦ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਕਾਰਨ ਸਰਗਰਮ ਪ੍ਰਸ਼ਾਸਨ ਵਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਕਾਰਵਾਈ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੇ ਦਿਨੀ ਮਿਆਣੀ ਅਤੇ ਸਬਦੁੱਲਾਪੁਰ ਇਲਾਕੇ 'ਚ ਕਿਸਾਨਾਂ ਦੇ ਚਲਾਨ ਕੱਟਣ ਤੋਂ ਬਾਅਦ ਹੁਣ ਜਹੂਰਾ ਪਿੰਡ 'ਚ ਕਿਸਾਨ ਦਾ ਚਲਾਨ ਕੱਟਿਆ ਗਿਆ। ਜਾਣਕਾਰੀ ਅਨੁਸਾਰ ਡੀ. ਸੀ. ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਥਾਨਕ ਵੱਖ-ਵੱਖ ਵਿਭਾਗਾਂ ਦੀ ਟੀਮ ਵਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਇਲਾਕੇ ਦੇ ਪਿੰਡਾਂ ਦੀ ਚੈਕਿੰਗ ਕੀਤੀ ਗਈ।
ਇਸ ਦੌਰਾਨ ਟੀਮ ਨੇ ਪਿੰਡ ਦੇ ਕਿਸਾਨ ਬਲਵਿੰਦਰ ਸਿੰਘ ਦਾ ਖੇਤ 'ਚ ਪਰਾਲੀ ਨੂੰ ਅੱਗ ਲਾਉਣ ਕਾਰਨ ਚਲਾਨ ਕੱਟਿਆ ਅਤੇ ਮੌਕੇ 'ਤੇ ਹੀ ਜੁਰਮਾਨੇ ਦੀ ਵਸੂਲੀ ਕੀਤੀ ਗਈ। ਇਸ ਮੌਕੇ ਟੀਮ 'ਚ ਸ਼ਾਮਲ ਅਧਿਕਾਰੀਆਂ ਨੇ ਕਿਸਾਨਾਂ ਨੂੰ ਵਾਤਾਵਰਣ ਸੰਭਾਲ ਲਈ ਪਰਾਲੀ ਨੂੰ ਅੱਗ ਨਾ ਲਾਉਣ ਦੀ ਪ੍ਰੇਰਨਾ ਦਿੱਤੀ ਅਤੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਇਸ ਵਰਤਾਰੇ ਨੂੰ ਰੋਕਣ ਲਈ ਲਗਾਤਾਰ ਚੈਕਿੰਗ ਕੀਤੀ ਜਾਵੇਗੀ। ਨਾਇਬ ਤਹਿਸੀਲਦਾਰ ਪ੍ਰਦੀਪ ਕੁਮਾਰ, ਕੋਆਰਡੀਨੇਟਰ ਐੱਸ. ਡੀ. ਓ. ਜਸਵੀਰ ਸਿੰਘ ਖੁੱਡਾ, ਬਲਾਕ ਖੇਤੀਬਾੜੀ ਅਫਸਰ ਡਾਕਟਰ ਸਤਨਾਮ ਸਿੰਘ ਅਤੇ ਖੇਤੀ ਵਿਕਾਸ ਅਫਸਰ ਡਾਕਟਰ ਹਰਪ੍ਰੀਤ ਸਿੰਘ ਦੀ ਟੀਮ ਨੇ ਟਾਂਡਾ ਪੁਲਸ ਦੀ ਮਦਦ ਨਾਲ ਜਹੂਰਾ ਇਲਾਕੇ ਵਿਚ ਚੈਕਿੰਗ ਕੀਤੀ।