ਸੂਫ਼ੀ ਗਾਇਕ ਨੂੰ ਧਮਕੀ ਦੇ ਕੇ ਫਰਜ਼ੀ ਪੱਤਰਕਾਰ ਨੇ ਬਲੈਕਮੇਲ ਕਰਕੇ ਮੰਗੇ 1 ਲੱਖ ਰੁਪਏ, ਹੋਇਆ ਗ੍ਰਿਫ਼ਤਾਰ

Wednesday, Sep 14, 2022 - 11:34 AM (IST)

ਸੂਫ਼ੀ ਗਾਇਕ ਨੂੰ ਧਮਕੀ ਦੇ ਕੇ ਫਰਜ਼ੀ ਪੱਤਰਕਾਰ ਨੇ ਬਲੈਕਮੇਲ ਕਰਕੇ ਮੰਗੇ 1 ਲੱਖ ਰੁਪਏ, ਹੋਇਆ ਗ੍ਰਿਫ਼ਤਾਰ

ਜਲੰਧਰ (ਜ. ਬ.)- ਸੂਫ਼ੀ ਗਾਇਕ ਬੰਟੀ ਕੱਵਾਲ ਦੀ ਇਕ ਕੱਵਾਲੀ ਨੂੰ ਧਰਮ ਨਾਲ ਜੋੜ ਕੇ ਵਿਵਾਦਿਤ ਹੋਣ ਦਾ ਡਰਾਵਾ ਦੇ ਕੇ ਹਿੰਦੂ-ਸਿੱਖ ਸੰਗਠਨਾਂ ਦੇ ਨਾਂ ’ਤੇ 10 ਹਜ਼ਾਰ ਰੁਪਏ ਵਸੂਲਣ ਵਾਲੇ ਫਰਜ਼ੀ ਪੱਤਰਕਾਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਦੇਰ ਰਾਤ ਥਾਣਾ ਨਵੀਂ ਬਾਰਾਦਰੀ ’ਚ ਫਰਜ਼ੀ ਪੱਤਰਕਾਰ ਐੱਸ. ਕੇ. ਸਕਸੈਨਾ ਖ਼ਿਲਾਫ਼ ਡਰਾ-ਧਮਕਾ ਕੇ ਪੈਸੇ ਵਸੂਲਣ ਦਾ ਕੇਸ ਵੀ ਦਰਜ ਕਰ ਲਿਆ ਗਿਆ ਹੈ। ਐੱਸ. ਕੇ. ਸਕਸੈਨਾ ‘ਆਜ ਤਕ ਆਮਨੇ-ਸਾਮਨੇ’ ਨਾਂ ਨਾਲ ਨਿਊਜ਼ ਪੋਰਟਲ ਚਲਾ ਰਿਹਾ ਸੀ।

ਫਰਜ਼ੀ ਪੱਤਰਕਾਰ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਇਹ ਵੀ ਚਰਚਾ ਰਹੀ ਕਿ ਨਿਊਜ਼ ਪੋਰਟਲ ਦੀ ਆੜ ’ਚ ਉਹ ਪਹਿਲਾਂ ਵੀ ਕਈ ਲੋਕਾਂ ਨੂੰ ਪੱਤਰਕਾਰੀ ਦਾ ਡਰ ਵਿਖਾ ਕੇ ਪੈਸੇ ਵਸੂਲ ਚੁੱਕਾ ਹੈ। ਬਸਤੀ ਪੀਰਦਾਦ ਨਿਵਾਸੀ ਬੰਟੀ ਕੱਵਾਲ ਨੇ ਦੱਸਿਆ ਕਿ ਉਸ ਨੇ 2 ਸਾਲ ਪਹਿਲਾਂ ਇਕ ਕੱਵਾਲੀ ਗਾਈ ਸੀ, ਜਿਹੜੀ ਯੂ-ਟਿਊਬ ’ਤੇ ਵੀ ਪਈ ਹੈ। ਬੰਟੀ ਅਨੁਸਾਰ ਲਗਭਗ 4 ਦਿਨ ਪਹਿਲਾਂ ਐੱਸ. ਕੇ. ਸਕਸੈਨਾ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਕੱਵਾਲੀ ’ਚ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਕਿ ਜਿਹਰੇ ਕਿ ਧਰਮ ਖ਼ਿਲਾਫ਼ ਹਨ। ਧਾਰਮਿਕ ਮੁੱਦਾ ਬਣਾਉਂਦਿਆਂ ਐੱਸ. ਕੇ. ਸਕਸੈਨਾ ਨੇ ਉਸ ਨੂੰ ਕਾਫ਼ੀ ਡਰਾਇਆ।

ਇਹ ਵੀ ਪੜ੍ਹੋ: ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ SJF ਦਾ ਅੱਤਵਾਦੀ ਪੰਨੂ, ਹੁਣ ਕੈਨੇਡਾ ਦੇ ਬਰੈਂਪਟਨ ’ਚ ਰੈਫਰੈਂਡਮ ਦੀ ਤਿਆਰੀ

ਬੰਟੀ ਨੇ ਕਿਹਾ ਕਿ ਉਸ ਨੇ ਕਈ ਪ੍ਰੋਗਰਾਮਾਂ ’ਚ ਕੱਵਾਲੀਆਂ ਗਾਈਆਂ ਹਨ ਅਤੇ ਕਦੀ ਵੀ ਕਿਸੇ ਧਰਮ ਖ਼ਿਲਾਫ਼ ਕੋਈ ਟਿੱਪਣੀ ਨਹੀਂ ਕੀਤੀ ਪਰ ਐੱਸ. ਕੇ. ਸਕਸੈਨਾ ਉਸ ਨੂੰ ਵਾਰ-ਵਾਰ ਫੋਨ ਕਰਕੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਦਾ ਗਿਆ ਅਤੇ ਡਰਾਉਂਦਾ ਵੀ ਰਿਹਾ। ਫਿਰ ਫਰਜ਼ੀ ਪੱਤਰਕਾਰ ਨੇ ਦਾਅਵਾ ਕੀਤਾ ਕਿ ਉਹ ਖੁਦ ਹਿੰਦੂ-ਸਿੱਖ ਸੰਗਠਨਾਂ ਨੂੰ ਮੈਨੇਜ ਕਰ ਲਵੇਗਾ ਪਰ ਉਨ੍ਹਾਂ ਨੂੰ ਪੈਸੇ ਦੇਣੇ ਪੈਣਗੇ। ਅਜਿਹੇ ’ਚ ਫਰਜ਼ੀ ਪੱਤਰਕਾਰ ਨੇ 1 ਲੱਖ ਰੁਪਏ ਦੀ ਮੰਗ ਕੀਤੀ। ਕਿਸੇ ਤਰ੍ਹਾਂ ਉਸ ਨੇ ਸਿੱਖ ਤਾਲਮੇਲ ਕਮੇਟੀ ਨਾਲ ਸੰਪਰਕ ਕੀਤਾ ਪਰ ਉਥੋਂ ਪਤਾ ਲੱਗਾ ਕਿ ਅਜਿਹਾ ਕੋਈ ਵੀ ਮੈਟਰ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ। ਬੰਟੀ ਨੇ ਐੱਸ. ਕੇ. ਸਕਸੈਨਾ ਨੂੰ ਫੋਨ ਕਰਕੇ 10 ਹਜ਼ਾਰ ਰੁਪਏ ਲੈ ਜਾਣ ਲਈ ਪੁਲਸ ਲਾਈਨ ਸਥਿਤ ਇਕ ਦਫ਼ਤਰ ’ਚ ਬੁਲਾ ਲਿਆ। ਸਾਰੇ ਨੋਟਾਂ ਦੇ ਨੰਬਰ ਵੀ ਨੋਟ ਕਰ ਲਏ ਗਏ, ਜਿਉਂ ਹੀ ਉਹ ਗੱਡੀ ’ਚ ਆਇਆ, ਉਸ ਨੂੰ ਦਫ਼ਤਰ ’ਚ ਬਿਠਾ ਕੇ ਪੈਸੇ ਲੈਣ ਦੀ ਵੀਡੀਓ ਬਣਾ ਲਈ ਗਈ। ਵੀਡੀਓ ਬਣਾਉਣ ਤੋਂ ਬਾਅਦ ਬੰਟੀ ਨੇ ਕੁਝ ਮੀਡੀਆ ਕਰਮਚਾਰੀਆਂ ਨੂੰ ਮੌਕੇ ’ਤੇ ਬੁਲਾ ਲਿਆ, ਜਿਸ ਤੋਂ ਬਾਅਦ ਫਰਜ਼ੀ ਪੱਤਰਕਾਰ ਐੱਸ. ਕੇ. ਸਕਸੈਨਾ ਦੀ ਪੋਲ ਖੁੱਲ੍ਹ ਗਈ।

ਜਿਉਂ ਹੀ ਇਹ ਮਾਮਲਾ ਹਿੰਦੂ-ਸਿੱਖ ਸੰਗਠਨਾਂ ਤੱਕ ਪਹੁੰਚਿਆ ਤਾਂ ਹਿੰਦੂ ਤਾਲਮੇਲ ਕਮੇਟੀ ਤੋਂ ਇਸ਼ਾਂਤ ਸ਼ਰਮਾ, ਸੁਨੀਲ ਕੁਮਾਰ ਬੰਟੀ ਅਤੇ ਸਿੱਖ ਤਾਲਮੇਲ ਕਮੇਟੀ ਤੋਂ ਤਜਿੰਦਰ ਸਿੰਘ ਪ੍ਰਦੇਸੀ ਆਪਣੇ ਮੈਂਬਰਾਂ ਸਮੇਤ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਾਂ ’ਤੇ ਪੈਸੇ ਵਸੂਲਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਦੀ ਸੂਚਨਾ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੂੰ ਦਿੱਤੀ ਗਈ, ਥਾਣਾ ਇੰਚਾਰਜ ਅਨਿਲ ਕੁਮਾਰ ਵੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਫਰਜ਼ੀ ਪੱਤਰਕਾਰ ਐੱਸ. ਕੇ. ਸਕਸੈਨਾ ਨੂੰ ਹਿਰਾਸਤ ’ਚ ਲੈ ਲਿਆ। ਐੱਸ. ਕੇ. ਸਕਸੈਨਾ ਨਿਵਾਸੀ ਮਨਜੀਤ ਨਗਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਗੈਂਗਸਟਰ ਸੁੱਖਾ ਕਾਹਲੋਂ ਕੇਸ ਦੇ ਗਵਾਹ ਨੂੰ ਕਰਨਾ ਸੀ ਕਤਲ, ਵਾਰਦਾਤ ਤੋਂ ਪਹਿਲਾਂ ਹੀ ਹਥਿਆਰਾਂ ਸਣੇ ਫੜੇ ਗਏ 7 ਬਦਮਾਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News