‘ਜਗ ਬਾਣੀ’ ਨੇ 1 ਸਾਲ ਪਹਿਲਾਂ ਹੀ ਕਰ ਦਿੱਤਾ ਸੀ ਕਰੋੜਾਂ ਰੁਪਏ ਦੇ ਫਰਜ਼ੀ ਬਿਲਿੰਗ ਕਾਂਡ ਬਾਰੇ ਖੁਲਾਸਾ

02/06/2023 4:31:26 PM

ਜਲੰਧਰ (ਖੁਰਾਣਾ)- ਅੱਜ ਤੋਂ ਠੀਕ ਇਕ ਸਾਲ ਪਹਿਲਾਂ ‘ਜਗ ਬਾਣੀ’ ਦੇ ਜਲੰਧਰ ਬਾਣੀ’ ਅੰਕ ’ਚ 16 ਫਰਵਰੀ 2022 ਨੂੰ ਪ੍ਰਮੁੱਖਤਾ ਨਾਲ ਇਕ ਖ਼ਬਰ ‘ਜੀ. ਐੱਸ. ਟੀ. ਵਿਭਾਗ ਦੇ ਇਕ ਮੁਲਾਜ਼ਮ ਦਾ ਬੇਟਾ ਹੀ ਨਿਕਲਿਆ ਕਰੋੜਾਂ ਦੇ ਜਾਅਲੀ ਬਿਲਿੰਗ ਕਾਂਡ ਦਾ ਮਾਸਟਰਮਾਈਂਡ ’ ਉਸ ਖ਼ਬਰ ’ਚ ਸਾਫ਼-ਸਾਫ਼ ਦੱਸਿਆ ਗਿਆ ਸੀ ਕਿ ਜੀ. ਐੱਸ. ਟੀ. ਵਿਭਾਗ ਦੇ ਇਕ ਮੁਲਾਜ਼ਮ ਦਾ ਬੇਟਾ ਹੀ ਕਰੋੜਾਂ ਰੁਪਏ ਦੇ ਜਾਅਲੀ ਬਿੱਲ ਕੱਟਣ ਵਾਲੇ ਰੈਕੇਟ ਦੀ ਅਗਵਾਈ ਕਰ ਰਿਹਾ ਹੈ। ਉਸ ਖਬਰ ’ਚ ਮਾਸਟਰਮਾਈਂਡ ਦੀਆਂ ਕਈ ਫਰਮਾਂ ਦੇ ਨਾਂ ਲਿਖੇ ਗਏ ਸਨ, ਜਿਵੇਂ ਸ਼੍ਰੀ ਗਣੇਸ਼, ਸ਼ਿਵ ਸ਼ਕਤੀ, ਗੁਰੂਹਰਰਾਏ, ਜੈ ਮਾਤਾ ਦੀ ਆਦਿ।

ਅਜੇ ਕੁਝ ਦਿਨ ਪਹਿਲਾਂ ਜੀ. ਐੱਸ. ਟੀ. ਵਿਭਾਗ ਦੇ ਉੱਚ ਅਧਿਕਾਰੀਆਂ ’ਤੇ ਅਧਾਰਿਤ ਇਕ ਟੀਮ ਨੇ ਇਸੇ ਮਾਸਟਰਮਾਈਂਡ ਦੇ ਕੁਝ ਠਿਕਾਣਿਆਂ ’ਤੇ ਦਬਿਸ਼ ਦਿੱਤੀ, ਜਿਸ ਦੌਰਾਨ ਸ਼ਿਵ ਸ਼ਕਤੀ ਅਤੇ ਗੁਰੂ ਹਰਰਾਏ ਵਰਗੀਆਂ ਫਰਮਾਂ ਵੱਲੋਂ ਕੱਟੇ ਗਏ ਜਾਅਲੀ ਬਿੱਲਾਂ ਨੂੰ ਆਧਾਰ ਬਣਾ ਕੇ ਪੁਲਸ ਕੇਸ ਦਰਜ ਕੀਤੇ ਗਏ ਤੇ ਕੁਝ ਦੋਸ਼ੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਤੱਕ ਭੇਜ ਦਿੱਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਇਸ ਰੈਕੇਟ ਦਾ ਮਾਸਟਰਮਾਈਂਡ ਅਜੇ ਵੀ ਜੀ. ਐੱਸ. ਟੀ. ਵਿਭਾਗ ਅਤੇ ਪੁਲਸ ਦੀ ਪਕੜ ਤੋਂ ਦੂਰ ਹੈ ਅਤੇ ਜੋ ਦੋਸ਼ੀ ਫੜੇ ਗਏ ਹਨ, ਉਹ ਸਿਰਫ਼ ਕਰਿੰਦੇ ਹਨ ਜਾਂ ਪਾਰਟਨਰ ਹਨ, ਇਸ ਦਾ ਖ਼ੁਲਾਸਾ ਹੋਣਾ ਅਜੇ ਬਾਕੀ ਹੈ। ਸੂਤਰਾਂ ਅਨੁਸਾਰ ਇਨ੍ਹਾਂ ਜਾਅਲੀ ਕੰਪਨੀਆਂ ਦੇ ਮਾਧਿਅਮ ਨਾਲ ਕਰੋੜਾਂ ਰੁਪਏ ਦੇ ਜੋ ਫਰਜ਼ੀ ਬਿੱਲ ਜਿਹੜੀਆਂ-ਜਿਹੜੀਆਂ ਕੰਪਨੀਆਂ ਦੇ ਨਾਂ ਕੱਟੇ ਗਏ, ਉਨ੍ਹਾਂ ਕੰਪਨੀਆਂ ਦੀ ਸਾਰੀ ਸੂਚੀ ਵੀ ਵਿਭਾਗ ਨੇ ਬਣਾ ਲਈ ਹੈ। ਕਈ ਕੰਪਨੀਆਂ ਨੂੰ ਤਾਂ ਪਹਿਲਾਂ ਹੀ ਨੋਟਿਸ ਜਾਰੀ ਕਰ ਕੇ ਉਨ੍ਹਾਂ ਦੇ ਦਸਤਾਵੇਜ਼ ਤਲਬ ਕੀਤੇ ਜਾ ਚੁੱਕੇ ਹਨ ਤੇ ਆਉਣ ਵਾਲੇ ਸਮੇਂ ’ਚ ਵੀ ਕਈ ਕੰਪਨੀਆਂ ਦੀ ਵਾਰੀ ਆ ਸਕਦੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਦੋ ਵਿਧਾਇਕਾਂ ਨੂੰ 'ਆਪ' ਨੇ ਸੌਂਪੀ ਵੱਡੀ ਜ਼ਿੰਮੇਵਾਰੀ

ਅਸਿ. ਕਮਿਸ਼ਨਰ ਲੈਵਲ ਦੇ ਇਕ ਅਧਿਕਾਰੀ ਨੇ ਦਿਖਾਈ ਸੀ ਸੰਜੀਦਗੀ
ਜਲੰਧਰ ’ਚ ਫਰਜ਼ੀ ਕੰਪਨੀਆਂ ਬਣਾ ਕੇ ਕਰੋੜਾਂ ਅਰਬਾਂ ਰੁਪਏ ਦੇ ਜਾਅਲੀ ਬਿੱਲ ਕੱਟਣ ਦਾ ਸਕੈਂਡਲ ਤਾਂ ਸਾਲਾਂ ਤੋਂ ਹੀ ਚੱਲ ਰਿਹਾ ਹੈ। ਅੱਜ ਤੋਂ 8 ਸਾਲ ਪਹਿਲਾਂ ਤੱਤਕਾਲੀਨ ਪੀ. ਸੀ. ਐੱਸ. ਅਧਿਕਾਰੀ ਮੈਡਮ ਸਰੋਜਿਨੀ ਗੌਤਮ ਸ਼ਾਰਦਾ ਨੇ ਇਸ ਮਾਮਲੇ ’ਚ ਵੱਡੀ ਕਾਰਵਾਈ ਕੀਤੀ ਸੀ ਤੇ ਉਸ ਤੋਂ ਬਾਅਦ ਜਲੰਧਰ ’ਚ ਕੁਝ ਸਮੇਂ ਤਕ ਇਸ ਮਾਮਲੇ ’ਚ ਸ਼ਾਂਤੀ ਬਣੀ ਰਹੀ ਪਰ ਥੋੜ੍ਹੀ ਦੇਰ ਬਾਅਦ ਹੀ ਜਾਅਲੀ ਬਿੱਲ ਕੱਟਣ ਦਾ ਕੰਮ ਧੰਦਾ ਪਹਿਲਾਂ ਤੋਂ ਵੀ ਜ਼ਿਆਦਾ ਤੇਜ਼ ਹੋ ਗਿਆ। ਪਿਛਲੇ ਸਾਲ ਸਟੇਟ ਜੀ. ਐੱਸ. ਟੀ. ਵਿਭਾਗ ਦੇ ਜਲੰਧਰ ਆਫਿਸ ’ਚ ਆਏ ਇਕ ਅਸਿ. ਕਮਿਸ਼ਨਰ ਲੈਵਲ ਦੇ ਅਧਿਕਾਰੀ ਨੇ ਅਜਿਹੇ ਕੁਝ ਮਾਮਲਿਅਾਂ ਨੂੰ ਖੰਗਾਲਣ ਪ੍ਰਤੀ ਸੰਜੀਦਗੀ ਦਿਖਾਈ ਪਰ ਉਨ੍ਹਾਂ ਦੀ ਚੱਲਣ ਨਾ ਦਿੱਤੀ ਗਈ ਤੇ ਕੁਝ ਸਮੇਂ ਬਾਅਦ ਉਨ੍ਹਾਂ ਦਾ ਤਬਾਦਲਾ ਵੀ ਹੋ ਗਿਆ। ਪਤਾ ਲੱਗਾ ਹੈ ਕਿ ਹੁਣ ਉਸੇ ਅਧਿਕਾਰੀ ਨੇ ਦੂਸਰੇ ਜ਼ਿਲੇ ’ਚ ਤਾਇਨਾਤ ਹੋਣ ਦੇ ਬਾਵਜੂਦ ਆਪਣੇ ਇਕ ਵਿਸ਼ਵਾਸਪਾਤਰ ਉੱਚ ਅਧਿਕਾਰੀ ਨੂੰ ਜਲੰਧਰ ’ਚ ਚੱਲ ਰਹੇ ਇਸ ਰੈਕੇਟ ਭਾਰੀ ਪੁਖਤਾ ਸੂਚਨਾਵਾਂ ਮੁਹੱਈਆ ਕਰਵਾਈਆਂ ਅਤੇ ਛਾਪੇਮਾਰੀ ’ਚ ਵੀ ਟੀਮ ਦਾ ਸਾਥ ਦਿੱਤਾ, ਜਿਸ ਦੇ ਆਧਾਰ ’ਤੇ ਵਿਭਾਗ ਨੇ ਲੱਗਭਗ 48 ਕਰੋੜ ਦੇ ਸਕੈਂਡਲ ਨੂੰ ਫੜਨ ਦਾ ਦਾਅਵਾ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਅਧਿਕਾਰੀ ਨੂੰ ਦੁਬਾਰਾ ਜਲੰਧਰ ’ਚ ਤਾਇਨਾਤ ਕਰ ਕੇ ਜੇਕਰ ਫ੍ਰੀ ਹੈਂਡ ਦਿੱਤਾ ਜਾਏ ਤਾਂ ਜਲੰਧਰ ’ਚ ਹੋਰ ਵੀ ਕਈ ਰੈਕੇਟ ਪਕੜ ’ਚ ਆ ਸਕਦੇ ਹਨ।

ਇਹ ਵੀ ਪੜ੍ਹੋ : ਦੁੱਖਦਾਇਕ ਖ਼ਬਰ, ਦੋ ਮਹੀਨੇ ਪਹਿਲਾਂ ਕੈਨੇਡਾ ਗਏ ਰੋਪੜ ਦੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਐੱਸ. ਡੀ., ਤ੍ਰਿਪੁਰ, ਐੱਸ. ਕੇ. ਪੀ. ਕੇ ਆਦਿ ਕੰਪਨੀਆਂ ’ਤੇ ਕਦੋਂ ਹੋਵੇਗੀ ਕਾਰਵਾਈ
ਜਲੰਧਰ ਦੇ ਟਰਾਂਸਪੋਰਟ ਨਗਰ ਦੇ ਨੇੜੇ ਜਾਅਲੀ ਬਿੱਲ ਕੱਟਣ ਦਾ ਮੁੱਖ ਕੇਂਦਰ ਤਾਂ ਖੈਰ ਕਈ ਸਾਲਾਂ ਤੋਂ ਚੱਲ ਰਿਹਾ ਹੈ ਪਰ ਪਿਛਲੇ ਤਿੰਨ-ਚਾਰ ਸਾਲਾਂ ਦੌਰਾਨ ਇਹ ਕੰਮ ਧੰਦਾ ਮੁਹੱਲਾ ਕਰਾਰ ਖਾਂ, ਸੋਢਲ ਦੇ ਨਾਲ ਲੱਗਦੇ ਦੁਆਬਾ ਚੌਕ ਖੇਤਰ ਤੇ ਕਿਲਾ ਮੁਹੱਲਾ ’ਚ ਵੀ ਸ਼ੁਰੂ ਹੋ ਗਿਆ ਹੈ। ਕੁਝ ਸਮਾਂ ਪਹਿਲਾਂ ਤਾਂ ਟਾਂਡਾ ਰੋਡ ਤੋਂ ਵੀ ਇਕ ਲੋਹਾ ਵਪਾਰੀ ਦੇ ਕੰਪਲੈਕਸ ਤੋਂ ਸੈਂਟਰਲ ਜੀ. ਐੱਸ. ਟੀ. ਵਿਭਾਗ ਨੇ ਅਜਿਹਾ ਹੀ ਇਕ ਰੈਕੇਟ ਫੜਿਆ ਸੀ, ਜਿਸ ਦੀ ਧੂਮ ਦਿੱਲੀ ਤਕ ਸੁਣਾਈ ਦਿੱਤੀ ਸੀ ਪਰ ਉਸ ਮਾਮਲੇ ’ਚ ਸਟੇਟ ਟੈਕਸ ਦੇ ਅਧਿਕਾਰੀ ਸ਼ਾਂਤ ਬੈਠੇ ਰਹੇ।
ਮੁਹੱਲਾ ਕਰਾਰ ਖਾਂ ’ਚ ਤਾਂ ਬੰਟੀ ਬਬਲੀ ਨਾਂ ਦੇ ਇਕ ਦੁਬਲੇ-ਪਤਲੇ ਜਿਹੇ ਵਿਅਕਤੀ ਨੇ ਐੱਸ. ਜੀ. ਟ੍ਰੇਡਿੰਗ ਨਾਂ ਦੀ ਫਰਮ ਬਣਾ ਕੇ ਕਰੋੜਾਂ ਰੁਪਏ ਬਿੱਲ ਕੱਟੇ, ਜਿਨ੍ਹਾਂ ਦੀ ਜਾਂਚ ਵੀ ਵਿਭਾਗ ਨੇ ਕਰ ਲਈ ਸੀ ਪਰ ਉਸ ਸਕੈਂਡਲ ਨੂੰ ਵੀ ਸੈਟਿੰਗ ਜਾਂ ਸਿਆਸੀ ਦਬਾਅ ਕਾਰਨ ਚਲਦੇ ਦਬਾ ਦਿੱਤਾ ਗਿਆ। ਇਸੇ ਤਰ੍ਹਾਂ ਕਿਲਾ ਮੁਹੱਲਾ ਨਾਲ ਤੋਂ ਇਕ ਛੋਟੇ ਕੱਦ ਦੇ ਨੇਤਾ ਨੇ ਫਰਜ਼ੀ ਬਿਲਿੰਗ ਦਾ ਰੈਕੇਟ ਸੰਚਾਲਿਤ ਕੀਤਾ ਤੇ ਆਪਣੇ ਭਤੀਜੇ ਤੇ ਜਵਾਈ ਤਕ ਨੂੰ ਇਸ ਕੰਮ ’ਚ ਸ਼ਾਮਲ ਕੀਤਾ। ਇਸ ਰੈਕੇਟ ਨੂੰ ਵੀ ਕੁਝ ਅਧਿਕਾਰੀਅਾਂ ਦਾ ਸਰਪ੍ਰਸਤ ਪ੍ਰਾਪਤ ਹੁੰਦਾ ਰਿਹਾ, ਜਿਸ ਕਾਰਨ ਇਨ੍ਹਾਂ ਲੋਕਾਂ ਨੇ ਵੀ ਸਰਕਾਰ ਨੂੰ ਖੂਬ ਚੂਨਾ ਲਾਇਆ। ਦੁਆਬਾ ਚੌਕ ਦੇ ਨੇੜੇ ਐੱਸ. ਕੇ. ਦੇ ਨਾਂ ਨਾਲ ਫਰਜ਼ੀ ਕੰਪਨੀ ਚਲਾ ਰਹੇ ਇਕ ਵਿਅਕਤੀ ਨੇ ਵੀ ਕਰੋੜਾਂ ਦੇ ਫਰਜ਼ੀ ਬਿੱਲ ਕੱਟੇ ਤੇ ਸਰਕਾਰ ਨੂੰ ਖੂਬ ਚੂਨਾ ਲਾਇਆ ਪਰ ਵਿਭਾਗ ’ਚ ਉਸ ਦੀ ਸੈਂਟਿੰਗ ਵੀ ਜ਼ਬਰਦਸਤ ਰਹੀ। ਇਕ ਅਧਿਕਾਰੀ ਨਾਲ ਉਸ ਦੀ ਦੋਸਤੀ ਪੂਰੇ ਸ਼ਹਿਰ ’ਚ ਚਰਚਾ ਦਾ ਵਿਸ਼ਾ ਬਣ ਗਈ ਸੀ। ਹੁਣ ਵੇਖਣਾ ਹੈ ਕਿ ਜਿਸ ਤਰ੍ਹਾਂ ਜੀ. ਐੱਸ. ਟੀ. ਵਿਭਾਗ ਦੇ ਉੱਚ ਅਧਿਕਾਰੀਆਂ ਨੇ ਸ਼ਹਿਰ ਦੀਆਂ ਕੁਝ ਕੰਪਨੀਆਂ ’ਤੇ ਜਾਅਲੀ ਬਿਲਿੰਗ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤੇ ਹਨ ਤੇ ਜਾਂਚ ਸ਼ੁਰੂ ਕੀਤੀ ਹੈ, ਉਂਝ ਹੀ ਮਾਮਲੇ ਐੱਸ. ਜੀ. ਤ੍ਰਿਪੁਰ, ਪੀ. ਕੇ., ਐੱਸ. ਕੇ. ਆਦਿ ਨਾਂ ਨਾਲ ਸ਼ੁਰੂ ਹੁੰਦੀਆਂ ਕੰਪਨੀਆਂ ’ਤੇ ਵੀ ਦਰਜ ਹੁੰਦੇ ਹਨ ਜਾਂ ਨਹੀਂ।

ਇਹ ਵੀ ਪੜ੍ਹੋ :  ਦੁਬਈ ’ਚ ਵੇਚ ਦਿੱਤੀ ਸੀ ਪੰਜਾਬਣ ਔਰਤ, ਸੰਤ ਸੀਚੇਵਾਲ ਦੇ ਸਦਕਾ ਪਰਤੀ ਘਰ, ਸੁਣਾਈ ਦੁੱਖ਼ ਭਰੀ ਦਾਸਤਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News