ਆਬਕਾਰੀ ਮਹਿਕਮੇ ਦੇ ਜੀ. ਐੱਸ. ਟੀ. ਵਿੰਗ ਨੇ ਸਿਗਰੇਟ-ਬੀੜੀ ਵੇਚਣ ਵਾਲਿਆਂ ’ਤੇ ਕੱਸਿਆ ਸ਼ਿਕੰਜਾ

01/22/2021 10:33:01 AM

ਜਲੰਧਰ (ਜ. ਬ.)–ਆਬਕਾਰੀ ਅਤੇ ਕਰ ਮਹਿਕਮੇ ਦੇ ਜੀ. ਐੱਸ. ਟੀ. ਵਿੰਗ ਵੱਲੋਂ ਡੀ. ਈ. ਟੀ. ਸੀ. ਪਰਮਜੀਤ ਸਿੰਘ ਦੇ ਹੁਕਮਾਂ ’ਤੇ ਗੁਪਤ ਸੂਚਨਾ ਦੇ ਆਧਾਰ ’ਤੇ ਸ਼ਹਿਰ ਦੇ 2 ਵੱਡੇ ਸਿਗਰੇਟ-ਬੀੜੀ ਕਾਰੋਬਾਰੀਆਂ ਦੇ ਗੋਦਾਮਾਂ ਅਤੇ ਦੁਕਾਨਾਂ ’ਤੇ ਛਾਪੇਮਾਰੀ ਕਰਕੇ 100 ਦੇ ਲਗਭਗ ਬਕਸੇ ਸੀਲ ਕੀਤੇ ਗਏ।

ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀ. ਈ. ਟੀ. ਸੀ. ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਕਈ ਸਿਗਰੇਟ-ਬੀੜੀ ਵੇਚਣ ਵਾਲੇ ਵੱਡੇ ਕਾਰੋਬਾਰੀ ਦਿੱਲੀ ਤੋਂ ਚੋਰੀ ਬਿਨਾਂ ਬਿੱਲ ਦੇ ਸਿਗਰੇਟ-ਬੀੜੀਆਂ ਦੇ ਡੱਬੇ ਲਿਆ ਕੇ ਆਪਣੇ ਗੋਦਾਮਾਂ ਵਿਚ ਸਟੋਰ ਕਰ ਰਹੇ ਹਨ, ਜਿਸ ਨਾਲ ਵੱਡੇ ਪੱਧਰ ’ਤੇ ਟੈਕਸ ਦੀ ਚੋਰੀ ਹੋ ਰਹੀ ਹੈ। ਇਸ ਤੋਂ ਬਾਅਦ ਅੱਜ ਏ. ਈ. ਟੀ. ਸੀ. ਕਮਲਜੀਤ ਸਿੰਘ ਅਤੇ ਏ. ਈ. ਟੀ. ਸੀ. ਦਲਬੀਰ ਰਾਜ ਕੌਰ ਦੀ ਅਗਵਾਈ ਵਿਚ 3 ਵੱਖ-ਵੱਖ ਟੀਮਾਂ ਬਣਾ ਕੇ ਵਾਲਮੀਕਿ ਗੇਟ ਸਥਿਤ ਚੁੱਘ ਸਿਗਰੇਟ ਤੇ ਬੀੜੀ ਸਟੋਰ ਅਤੇ ਇਮਾਮ ਨਾਸਿਰ ਚੌਕ ਨੇੜੇ ਸਥਿਤ ਜਗਨਨਾਥ ਐਂਡ ਸੰਨਜ਼ ਅਤੇ ਇਸੇ ਕੰਪਨੀ ਦੀ ਇਕ ਹੋਰ ਕੰਪਨੀ ਸ਼ਿਵ ਸ਼ਕਤੀ ਐਂਟਰਪ੍ਰਾਈਜ਼ਿਜ਼ ਦੇ ਗੋਦਾਮਾਂ ’ਤੇ ਰੇਡ ਕੀਤੀ ਗਈ।

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਕੁੜੀ ਦੇ ਘਰ ਦੇ ਬਾਹਰ ਨੌਜਵਾਨ ਨੇ ਖ਼ੁਦ ਨੂੰ ਲਾਈ ਅੱਗ, ਹੋਈ ਮੌਤ

PunjabKesari

28 ਫ਼ੀਸਦੀ ਜੀ. ਐੱਸ. ਟੀ. ਤੇ 50 ਫ਼ੀਸਦੀ ਸੈੱਸ ਬਚਾਉਣ ਦੇ ਚੱਕਰ ’ਚ ਬਿਨਾਂ ਬਿੱਲ ਦੇ ਬਾਹਰੀ ਸੂਬਿਆਂ ਤੋਂ ਲਿਆਂਦੀਆਂ ਜਾਂਦੀਆਂ ਹਨ ਸਿਗਰੇਟਾਂ-ਬੀੜੀਆਂ
ਡੀ. ਈ. ਟੀ. ਸੀ. ਨੇ ਦੱਸਿਆ ਕਿ ਚੈਕਿੰਗ ਦੌਰਾਨ ਇਨ੍ਹਾਂ ਕੰਪਨੀਆਂ ਦੇ 5 ਗੋਦਾਮਾਂ ’ਤੇ ਸਰਚ ਕੀਤੀ ਗਈ, ਜਿਨ੍ਹਾਂ ਵਿਚੋਂ ਭਾਰੀ ਮਾਤਰਾ ਵਿਚ ਬੀੜੀਆਂ ਅਤੇ ਸਿਗਰੇਟਾਂ ਦੇ ਬਕਸੇ ਜ਼ਬਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅਸਲ ਵਿਚ ਸਿਗਰੇਟ-ਬੀੜੀ ਵੇਚਣ ਵਾਲੇ ਦਿੱਲੀ ਤੋਂ ਬਿਨਾਂ ਬਿੱਲ ਦੇ ਮਾਲ ਆਪਣੀਆਂ ਕਾਰਾਂ ਵਿਚ ਲੱਦ ਕੇ ਲੈ ਆਉਂਦੇ ਹਨ। ਇਸ ਦੇ ਨਾਲ ਹੀ ਇੰਪੋਰਟਿਡ ਸਿਗਰੇਟ ਵੀ ਵੱਡੇ ਪੱਧਰ ’ਤੇ ਬਿਨਾਂ ਟੈਕਸ ਦੇ ਸ਼ਹਿਰ ਵਿਚ ਵੇਚੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਕੋਰੋਨਾਕਾਲ ਦੌਰਾਨ ਕੈਨੇਡਾ ਦੇ ਕਾਲਜਾਂ ’ਚ ਭਾਰਤੀ ਵਿਦਿਆਰਥੀਆਂ ਦੇ ਡੁੱਬੇ ਕਰੋੜਾਂ ਰੁਪਏ

ਗੁਪਤ ਸੂਚਨਾ ਮਿਲੀ ਸੀ ਕਿ ਇਨ੍ਹਾਂ ਗੋਦਾਮਾਂ ਵਿਚ ਬਿਨਾਂ ਬਿੱਲ ਦੇ ਬੀੜੀ-ਸਿਗਰੇਟ ਅਤੇ ਇੰਪੋਰਟਿਡ ਸਿਗਰੇਟਾਂ ਦੇ ਬਕਸੇ ਸਟੋਰ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਸਾਰੇ ਕਾਰਟੂਨ ਜ਼ਬਤ ਕਰ ਲਏ ਗਏ ਹਨ। ਇਨ੍ਹਾਂ ਨੂੰ ਖੋਲ੍ਹ ਕੇ ਜਦੋਂ ਇਨ੍ਹਾਂ ਦੀ ਚੈਕਿੰਗ ਕੀਤੀ ਜਾਵੇਗੀ, ਉਸ ਤੋਂ ਬਾਅਦ ਪਤਾ ਲੱਗੇਗਾ ਕਿ ਇਨ੍ਹਾਂ ਵਿਚੋਂ ਕੀ ਸਾਮਾਨ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਬੀੜੀਆਂ-ਸਿਗਰੇਟਾਂ ਨੂੰ ਬਿਨਾਂ ਬਿੱਲ ਦੇ ਲਿਆਉਣ ਪਿੱਛੇ ਟੈਕਸ ਚੋਰੀ ਵੱਡਾ ਕਾਰਨ ਹੈ। ਇਨ੍ਹਾਂ ’ਤੇ 28 ਫੀਸਦੀ ਜੀ. ਐੱਸ. ਟੀ. ਲੱਗਦਾ ਹੈ ਅਤੇ 50 ਫੀਸਦੀ ਸੈੱਸ ਵਸੂਲਿਆ ਜਾਂਦਾ ਹੈ, ਜਿਸ ਕਾਰਣ ਇਸ ਕਾਰੋਬਾਰ ਨਾਲ ਜੁੜੇ ਲੋਕ ਬਿਨਾਂ ਬਿੱਲ ਦੇ ਮਾਲ ਲਿਆ ਕੇ ਬਾਅਦ ਵਿਚ ਪੂਰੀ ਕੀਮਤ ’ਤੇ ਇਸ ਨੂੰ ਵੇਚਦੇ ਹਨ ਅਤੇ ਸਾਰਾ ਮੁਨਾਫਾ ਖੁਦ ਕਮਾਉਂਦੇ ਹਨ। ਅੱਜ ਦਿਨ ਭਰ ਲਗਭਗ 5 ਤੋਂ 6 ਘੰਟੇ ਤੱਕ ਉਕਤ ਗੋਦਾਮਾਂ ਵਿਚ ਜੀ. ਐੱਸ. ਟੀ. ਅਧਿਕਾਰੀਆਂ ਵੱਲੋਂ ਸਰਚ ਕੀਤੀ ਗਈ, ਜਿਸ ਦੌਰਾਨ ਕਈ ਦੁਕਾਨਦਾਰ ਤਾਂ ਆਪਣੀਆਂ ਦੁਕਾਨਾਂ ਬੰਦ ਕਰ ਕੇ ਭੱਜ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਸਿਰਫ 2 ਕੰਪਨੀਆਂ ’ਤੇ ਹੀ ਰੇਡ ਕੀਤੀ ਅਤੇ ਅਗਲੇ ਕੁਝ ਦਿਨਾਂ ਵਿਚ ਸਪੱਸ਼ਟ ਹੋ ਜਾਵੇਗਾ ਕਿ ਕਿੰਨਾ ਟੈਕਸ ਚੋਰੀ ਦਾ ਸਾਮਾਨ ਫੜਿਆ ਗਿਆ ਅਤੇ ਟੈਕਸ ਚੋਰੀ ਕਰਨ ਵਾਲਿਆਂ ਨੂੰ ਕਿੰਨਾ ਜੁਰਮਾਨਾ ਹੋਵੇਗਾ। ਇਸ ਮੌਕੇ ਈ. ਟੀ. ਓ. ਭੁਪਿੰਦਰਜੀਤ ਸਿੰਘ, ਈ. ਟੀ. ਓ. ਰਣਧੀਰ ਸਿੰਘ, ਪਰਮਜੀਤ ਸਿੰਘ, ਇੰਸ. ਰਾਕੇਸ਼ ਤੁਲੀ, ਇੰਸ. ਗੁਲਸ਼ਨ, ਇੰਸ. ਸੁਰਿੰਦਰ ਅਤੇ ਯਸ਼ਪਾਲ ਮਿੱਤਲ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਪਿਓ ਦੀ ਜਾਨ ਬਚਾਉਣ ਲਈ ਇਕਲੌਤੀ ਧੀ ਨੇ ਦਾਅ ’ਤੇ ਲਾਈ ਆਪਣੀ ਜਾਨ, ਹਰ ਕੋਈ ਕਰ ਰਿਹੈ ਤਾਰੀਫ਼

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News