ਮੁਲਾਜ਼ਮਾਂ ਨੇ ਰੋਸ ਵਜੋਂ ਸਾੜਿਅਾ ਜਲ ਸਪਲਾਈ ਮੰਤਰੀ ਤੇ ਪ੍ਰਮੁੱਖ ਸਕੱਤਰ ਦਾ ਪੁਤਲਾ
Saturday, Sep 29, 2018 - 05:52 AM (IST)

ਕਪੂਰਥਲਾ, (ਗੁਰਵਿੰਦਰ ਕੌਰ)- ਜਲ ਸਪਲਾਈ ਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ’ਤੇ ਸੈਂਕਡ਼ੇ ਫੀਲਡ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ ਕਪੂਰਥਲਾ ਦੇ ਦਫਤਰ ਸਾਹਮਣੇ ਪੰਚਾਇਤੀਕਰਣ ਦੇ ਵਿਰੋਧ ’ਚ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਮੁਲਾਜ਼ਮਾਂ ਵਲੋਂ ਜਲੰਧਰ ਬਾਈਪਾਸ ’ਤੇ ਪੰਚਾਇਤੀਕਰਣ ਦੇ ਵਿਰੋਧ ’ਚ ਜਲ ਸਪਲਾਈ ਮੰਤਰੀ ਰਜੀਆ ਸੁਲਤਾਨਾ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾਡ਼ ਦੇ ਅਡ਼ੀਅਲ ਰਵੱਈਏ ਵਿਰੁੱਧ ਉਨ੍ਹਾਂ ਦਾ ਪੁਤਲਾ ਸਾਡ਼ ਕੇ ਰੋਸ ਪ੍ਰਗਟ ਕੀਤਾ।
ਸੰਬੋਧਨ ਕਰਦਿਆਂ ਕਨਵੀਨਰ ਅਮਰੀਕ ਸਿੰਘ ਸੇਖੋਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵਾਟਰ ਸਪਲਾਈ ਸਕੀਮਾਂ ਪੰਚਾਇਤਾਂ ਨੂੰ ਨਾ ਦੇਵੇ ਜਦੋਂਕਿ ਸਿੰਗਲ ਵਿਲੇਜ ਸਕੀਮਾਂ ਜੋ ਪਹਿਲਾਂ ਹੀ ਪੰਚਾਇਤਾਂ ਨੂੰ ਦਿੱਤੀਆਂ ਹੋਈਆਂ ਹਨ ਉਨ੍ਹਾਂ ’ਚੋਂ 90 ਫੀਸਦੀ ਵਾਟਰ ਸਪਲਾਈ ਸਕੀਮਾਂ ਬੰਦ ਪਈਆਂ ਹਨ ਤੇ ਪਿੰਡਾਂ ਦੇ ਲੋਕ ਸ਼ੁੱਧ ਪਾਣੀ ਪੀਣ ਲਈ ਤਰਸ ਰਹੇ ਹਨ ਕਿਉਂਕਿ ਪਿੰਡਾਂ ਦੀਆਂ ਪੰਚਾਇਤਾਂ ਇਨ੍ਹਾਂ ਪਾਣੀ ਦੀਆਂ ਸਕੀਮਾਂ ਨੂੰ ਨਹੀਂ ਚਲਾ ਸਕਦੀਆਂ ਹਨ। ਕਿਉਂਕਿ ਪੰਚਾਇਤਾਂ ਕੋਲ ਮਸ਼ੀਨਰੀ ਰਿਪੇਅਰ, ਬਿਜਲੀ ਦੇ ਬਿੱਲ ਤੇ ਸਕੀਮਾਂ ’ਤੇ ਬਾਕੀ ਕੰਮ ਕਰਵਾਉਣ ਲਈ ਕੋਈ ਸਾਧਨ ਨਹੀਂ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਪੇ ਕਮਿਸ਼ਨ ਦੀ ਰਿਪੋਰਟ ਤੁਰੰਤ ਰਿਲੀਜ਼ ਕੀਤੀ ਜਾਵੇ ਤੇ ਪਿਛਲੇ ਬਣਦੇ ਡੀ. ਏ. ਦੇ ਬਕਾਏ ਤੁਰੰਤ ਰਿਲੀਜ਼ ਕੀਤੇ ਜਾਣ, ਸਾਰੇ ਮੁਲਾਜ਼ਮਾਂ ’ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਤੇ ਪੰਜਾਬ ਦੇ ਸਾਰੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਪੰਚਾਇਤਾਂ ਨੂੰ ਵਾਟਰ ਸਪਲਾਈ ਸਕੀਮਾਂ ਦੇਣੀਆਂ ਬੰਦ ਨਾ ਕੀਤੀਆਂ ਤਾਂ ਆਉਣ ਵਾਲੇ ਸਮੇਂ ’ਚ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਸਵਰਨ ਸਿੰਘ, ਬਲਵਿੰਦਰ ਸਿੰਘ, ਤਰਲੋਕ ਸਿੰਘ, ਭੁਲਾ ਸਿੰਘ, ਧੂਡ਼ ਸਿੰਘ, ਵਰਿੰਦਰ ਸਿੰਘ, ਚਰਨਜੀਤ ਸਿੰਘ, ਜਗਤ ਸਿੰਘ, ਚੰਦਰਪਾਲ, ਅਜਮੇਰ ਸਿੰਘ, ਗੁਰਮੇਜ ਸਿੰਘ, ਵਰਿੰਦਰ ਸਿੰਘ, ਜਸਵੰਤ ਸਿੰਘ, ਜਗਤਪਾਲ ਆਦਿ ਹਾਜ਼ਰ ਸਨ।