ਪਨਬੱਸ/PRTC ਦੀ ਹੜਤਾਲ ਕਾਰਨ ਬੱਸਾਂ ਦਾ ਰਿਹਾ ਚੱਕਾ ਜਾਮ, ਮੁੱਖ ਰੂਟ 5 ਘੰਟੇ ਤਕ ਰਹੇ ਪ੍ਰਭਾਵਿਤ

Thursday, Aug 31, 2023 - 12:18 PM (IST)

ਪਨਬੱਸ/PRTC ਦੀ ਹੜਤਾਲ ਕਾਰਨ ਬੱਸਾਂ ਦਾ ਰਿਹਾ ਚੱਕਾ ਜਾਮ, ਮੁੱਖ ਰੂਟ 5 ਘੰਟੇ ਤਕ ਰਹੇ ਪ੍ਰਭਾਵਿਤ

ਜਲੰਧਰ (ਪੁਨੀਤ)–ਸਸਪੈਂਡ ਕਰਮਚਾਰੀਆਂ ਨੂੰ ਬਹਾਲ ਕਰਨ ਵਿਚ ਟਰਾਂਸਪੋਰਟ ਵਿਭਾਗ ਵੱਲੋਂ ਕੀਤੀ ਜਾ ਰਹੀ ਦੇਰੀ ਦੇ ਵਿਰੋਧ ਵਿਚ ਪਨਬੱਸ-ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਵੱਲੋਂ ਡਿਪੂ-1 ਵਿਚ ਹੜਤਾਲ ਕਰਦਿਆਂ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ। ਇਸ ਕਾਰਨ ਦਿੱਲੀ ਅਤੇ ਅੰਮ੍ਰਿਤਸਰ ਸਮੇਤ ਮੁੱਖ ਰੂਟ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ। ਹੜਤਾਲ ਦੌਰਾਨ 5 ਘੰਟਿਆਂ ਤੋਂ ਜ਼ਿਆਦਾ ਸਮੇਂ ਤਕ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਜਿਸ ਦਾ ਮੁੱਖ ਕਾਰਨ ਇਹ ਰਿਹਾ ਕਿ ਜਿਸ ਸਮੇਂ ਹੜਤਾਲ ਚੱਲ ਰਹੀ ਸੀ, ਉਸ ਸਮੇਂ ਦੌਰਾਨ ਕਾਊਂਟਰ ’ਤੇ ਡਿਪੂ-1 ਦੀਆਂ ਬੱਸਾਂ ਦੇ ਚੱਲਣ ਦਾ ਸਮਾਂ ਸੀ। ਇਸ ਕਾਰਨ ਡਿਪੂ-1 ਦੇ ਦਿੱਲੀ ਅਤੇ ਅੰਮ੍ਰਿਤਸਰ ਜਾਣ ਵਾਲੇ ਕਈ ਟਾਈਮ ਮਿਸ ਹੋਏ ਅਤੇ ਯਾਤਰੀ ਬੱਸਾਂ ਦੀ ਉਡੀਕ ਕਰਦੇ ਹੋਏ ਇਧਰ-ਉਧਰ ਭਟਕਦੇ ਰਹੇ।

ਇਹ ਵੀ ਪੜ੍ਹੋ- ISI ਨਾਲ ਸਬੰਧਤ ਗਿਰੋਹ ਦੇ 6 ਸਾਥੀ ਹਥਿਆਰਾਂ ਸਣੇ ਗ੍ਰਿਫ਼ਤਾਰ, ਵੱਡੀ ਵਾਰਦਾਤ ਨੂੰ ਦੇਣਾ ਚਾਹੁੰਦੇ ਸਨ ਅੰਜਾਮ

ਯੂਨੀਅਨ ਦੇ ਬੈਨਰ ਹੇਠ ਡਿਪੂ-1 ਦੇ ਕਰਮਚਾਰੀਆਂ ਨੇ ਧਰਨਾ ਪ੍ਰਦਰਸ਼ਨ ਕਰਦਿਆਂ ਵਿਭਾਗੀ ਨੀਤੀਆਂ ਦੀ ਆਲੋਚਨਾ ਕਰਦੇ ਹੋਏ ਆਪਣੀ ਭੜਾਸ ਕੱਢੀ। ਡਿਪੂ-2 ਦੀ ਯੂਨੀਅਨ ਦੇ ਨੇਤਾਵਾਂ ਨੇ ਸਮਰਥਨ ਦਿੰਦਿਆਂ ਧਰਨੇ ਵਿਚ ਹਿੱਸਾ ਲਿਆ। ਇਸ ਦੌਰਾਨ ਵਿਭਾਗ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਦੋ-ਟੁੱਕ ਚਿਤਾਵਨੀ ਦਿੱਤੀ ਗਈ ਕਿ ਜੇਕਰ ਸਸਪੈਂਡ ਕਰਮਚਾਰੀਆਂ ਨੂੰ ਬਹਾਲ ਨਾ ਕੀਤਾ ਗਿਆ ਤਾਂ ਸੂਬੇ ਭਰ ਵਿਚ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਵਾਰ-ਵਾਰ ਸਮਾਂ ਦੇਣ ਦੇ ਬਾਵਜੂਦ ਵਿਭਾਗ ਵੱਲੋਂ ਸਸਪੈਂਡ ਕਰਮਚਾਰੀਆਂ ਨੂੰ ਬਹਾਲ ਕਰਨ ਵਿਚ ਹੋ ਰਹੀ ਦੇਰੀ ਖ਼ਿਲਾਫ਼ ਯੂਨੀਅਨ ਨੇਤਾ ਭੜਕ ਉੱਠੇ। ਇਸੇ ਕਾਰਨ ਸਵੇਰੇ 11 ਵਜੇ ਦੇ ਲਗਭਗ ਡਿਪੂ-1 ਵਿਚ ਹੜਤਾਲ ਦਾ ਐਲਾਨ ਕਰਦਿਆਂ ਬੱਸਾਂ ਦੀ ਆਵਾਜਾਈ ਰੋਕ ਦਿੱਤੀ ਗਈ। ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਬੱਸ ਅੱਡੇ ਵਿਚ ਯਾਤਰੀਆਂ ਦੀ ਭਾਰੀ ਭੀੜ ਲੱਗੀ ਹੋਈ ਸੀ ਅਤੇ ਬੱਸਾਂ ਖਚਾਖਚ ਭਰੀਆਂ ਪਈਆਂ ਸਨ।

ਚੱਕਾ ਜਾਮ ਦੌਰਾਨ ਵਿਸ਼ੇਸ਼ ਤੌਰ ’ਤੇ ਦਿੱਲੀ ਅਤੇ ਅੰਮ੍ਰਿਤਸਰ ਰੂਟ ਦੀਆਂ ਬੱਸਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਲੱਗੀ। ਪ੍ਰਾਈਵੇਟ ਅਤੇ ਦੂਜੀਆਂ ਬੱਸਾਂ ਦੀ ਆਵਾਜਾਈ ਦੇ ਬਾਵਜੂਦ ਕਾਊਂਟਰਾਂ ’ਤੇ ਸੰਨਾਟਾ ਛਾਇਆ ਰਿਹਾ। ਡਿਪੂ-1 ਦੇ ਬੱਸਾਂ ਦੇ ਪਹੀਏ ਰੁਕ ਜਾਣ ਕਾਰਨ ਯਾਤਰੀ ਪ੍ਰੇਸ਼ਾਨੀ ਵਿਚ ਇਧਰ-ਉਧਰ ਭਟਕਣ ਲਈ ਮਜਬੂਰ ਹੋ ਗਏ। ਰੱਖੜੀ ਕਾਰਨ ਪਿਛਲੇ ਸਟੇਸ਼ਨਾਂ ਤੋਂ ਆਉਣ ਵਾਲੀਆਂ ਬੱਸਾਂ ਖਚਾਖਚ ਭਰੀਆਂ ਹੋਈਆਂ ਸਨ, ਜਿਸ ਕਾਰਨ ਬੈਠਣ ਲਈ ਸੀਟਾਂ ਉਪਲੱਬਧ ਨਹੀਂ ਹੋ ਸਕੀਆਂ। ਮਜਬੂਰੀ ਕਾਰਨ ਕਈ ਯਾਤਰੀ ਖੜ੍ਹੇ ਹੋ ਕੇ ਸਫਰ ਲਈ ਨਿਕਲ ਪਏ। ਕੁਝ ਕੁ ਟਰਾਂਸਪੋਰਟ ਕੰਪਨੀਆਂ ਨੂੰ ਛੱਡ ਕੇ ਜ਼ਿਆਦਾਤਰ ਪ੍ਰਾਈਵੇਟ ਬੱਸਾਂ ਕੋਲ ਪੰਜਾਬ ਦੇ ਬਾਹਰ ਦਾ ਪਰਮਿਟ ਨਹੀਂ ਹੈ, ਜਿਸ ਕਾਰਨ ਯਾਤਰੀਆਂ ਨੂੰ ਸਰਕਾਰੀ ਬੱਸਾਂ ਵਿਚ ਸਫਰ ਕਰਨਾ ਪੈਂਦਾ ਹੈ। ਹੜਤਾਲ ਕਾਰਨ ਡਿਪੂ-1 ਦੇ ਕਈ ਕਾਊਂਟਰ ਟਾਈਮ ਮਿਸ ਹੋਏ ਅਤੇ ਬੱਸਾਂ ਦੀ ਭਾਰੀ ਕਮੀ ਰਹੀ। ਇਸ ਕਾਰਨ ਯਾਤਰੀਆਂ ਨੂੰ ਆਪਣੇ ਰੂਟ ਦੀਆਂ ਬੱਸਾਂ ਲੈਣ ਵਿਚ ਲੰਮੀ ਉਡੀਕ ਕਰਨੀ ਪਈ। ਲਗਭਗ 4 ਵਜੇ ਤੋਂ ਬਾਅਦ ਬੱਸਾਂ ਚੱਲਣ ਕਾਰਨ ਯਾਤਰੀਆਂ ਨੇ ਰਾਹਤ ਦਾ ਸਾਹ ਲਿਆ ਪਰ ਰੱਖੜੀ ਦੇ ਤਿਉਹਾਰ ਕਾਰਨ ਦੇਰ ਰਾਤ ਤਕ ਬੱਸਾਂ ਖਚਾਖਚ ਭਰੀਆਂ ਰਹੀਆਂ।

ਇਹ ਵੀ ਪੜ੍ਹੋ- ਅਮਰੀਕਾ ਤੋਂ ਆਏ ਫੋਨ ਨੇ ਪਰਿਵਾਰ 'ਚ ਵਿਛਾਏ ਸੱਥਰ, ਪੁੱਤ ਦੀ ਮੌਤ ਦੀ ਖ਼ਬਰ ਸੁਣ ਧਾਹਾਂ ਮਾਰ ਰੋਇਆ ਪਰਿਵਾਰ

ਧਰਨੇ ਦੌਰਾਨ ਪ੍ਰਧਾਨ ਵਿਕਰਮਜੀਤ ਸਿੰਘ, ਜਨਰਲ ਸਕੱਤਰ ਚਾਨਣ ਸਿੰਘ ਚੰਨਾ, ਮੁੱਖ ਸਲਾਹਕਾਰ ਗੁਰਪ੍ਰੀਤ ਸਿੰਘ ਭੁੱਲਰ, ਗੁਰਪ੍ਰਕਾਰ ਸਿੰਘ, ਬਲਵਿੰਦਰ ਸਿੰਘ ਰਾਠ, ਸਤਪਾਲ ਸਿੰਘ ਸੱਤਾ ਸਮੇਤ ਸੀਨੀਅਰ ਨੇਤਾਵਾਂ ਨੇ ਸੰਬੋਧਨ ਕੀਤਾ। ਇਸ ਦੌਰਾਨ ਯੂਨੀਅਨ ਦੇ ਸੀਨੀਅਰ ਨੇਤਾ ਅਤੇ ਜਨਰਲ ਸਕੱਤਰ ਚਾਨਣ ਸਿੰਘ ਚੰਨਾ ਨੇ ਕਿਹਾ ਕਿ 3 ਡਰਾਈਵਰਾਂ ਅਤੇ 2 ਕੰਡਕਟਰਾਂ ਨੂੰ ਬਹਾਲ ਕਰਨ ਸਬੰਧੀ ਵਿਭਾਗ ਵੱਲੋਂ ਗੰਭੀਰਤਾ ਨਹੀਂ ਦਿਖਾਈ ਜਾ ਰਹੀ, ਜਿਸ ਕਾਰਨ ਯੂਨੀਅਨ ਵਿਚ ਰੋਸ ਵਧ ਰਿਹਾ ਹੈ। ਚਾਨਣ ਨੇ ਕਿਹਾ ਕਿ ਤਿਉਹਾਰ ਨੂੰ ਦੇਖਦਿਆਂ ਹਡ਼ਤਾਲ ਮੁਲਤਵੀ ਕੀਤੀ ਗਈ ਹੈ। ਜੇ ਵਿਭਾਗ ਵੱਲੋਂ ਉਚਿਤ ਕਦਮ ਨਾ ਉਠਾਏ ਗਏ ਤਾਂ ਯੂਨੀਅਨ ਠੋਸ ਕਦਮ ਉਠਾਉਣ ਲਈ ਮਜਬੂਰ ਹੋਵੇਗੀ, ਜਿਸ ਲਈ ਵਿਭਾਗੀ ਨੀਤੀਆਂ ਜ਼ਿੰਮੇਵਾਰ ਹੋਣਗੀਆਂ। ਉਨ੍ਹਾਂ ਕਿਹਾ ਕਿ ਉਕਤ ਕਰਮਚਾਰੀ ਬੇਰੋਜ਼ਗਾਰ ਕਰ ਕੇ ਵਿਭਾਗ ਵੱਲੋਂ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਵਿਭਾਗੀ ਅਧਿਕਾਰੀ ਇਸ ’ਤੇ ਕਦਮ ਉਠਾਉਂਦਿਆਂ ਸਸਪੈਂਡ ਕਰਮਚਾਰੀਆਂ ਨੂੰ ਬਹਾਲ ਕਰਨ।

ਜੀ. ਐੱਮ. ਮਨਿੰਦਰਪਾਲ ਸਿੰਘ ਨੇ ਯੂਨੀਅਨ ਦੀ ਮੀਟਿੰਗ ਤੈਅ ਕਰਵਾਈ
ਯਾਤਰੀਆਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਡਿਪੂ-1 ਦੇ ਜੀ. ਐੱਮ. ਮਨਿੰਦਰਪਾਲ ਸਿੰਘ ਨੇ ਯੂਨੀਅਨ ਨੇਤਾਵਾਂ ਨਾਲ ਗੱਲਬਾਤ ਕਰ ਕੇ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਹੈੱਡ ਆਫਿਸ ਨਾਲ ਸੰਪਰਕ ਕਰਕੇ ਯੂਨੀਅਨ ਨੇਤਾਵਾਂ ਨੂੰ 31 ਅਗਸਤ ਨੂੰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿਵਾਇਆ। ਮਨਿੰਦਰਪਾਲ ਸਿੰਘ ਨੇ ਕਿਹਾ ਕਿ ਬਾਅਦ ਦੁਪਹਿਰ ਯੂਨੀਅਨ ਦੇ ਵਫਦ ਨੂੰ ਹੈੱਡ ਆਫਿਸ ਵਿਚ ਬੁਲਾਇਆ ਗਿਆ ਹੈ।

ਇਹ ਵੀ ਪੜ੍ਹੋ- ਨਵਾਂਸ਼ਹਿਰ ਵਿਖੇ ਵੱਡੀ ਵਾਰਦਾਤ, ਸ਼ਰੇਆਮ ਗੋਲ਼ੀਆਂ ਮਾਰ ਕੇ ਸ਼ਖ਼ਸ ਦਾ ਕੀਤਾ ਕਤਲ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News