ਦੁਬਈ ਤੋਂ ਆਉਣ ਵਾਲੀ ਫਲਾਈਟ ਰੱਦ, ਆਕਲੈਂਡ ਤੋਂ ਆਏ 17 NRIs ''ਚੋਂ ਜਲੰਧਰ ਦੇ ਸਿਰਫ 2 ਯਾਤਰੀ

07/03/2020 4:59:28 PM

ਜਲੰਧਰ (ਪੁਨੀਤ)— ਦੁਬਈ ਤੋਂ ਆਉਣ ਵਾਲੀ ਫਲਾਈਟ ਨੂੰ ਕੁਝ ਕਾਰਨਾਂ ਕਾਰਨਰੱਦ ਕਰਨਾ ਪਿਆ, ਜਿਸ ਕਾਰਨ ਐੱਨ. ਆਰ.ਆਈਜ਼ ਨੂੰ ਲੈਣ ਲਈ ਮੋਹਾਲੀ ਬੱਸ ਸਟੈਂਡ ਪਹੁੰਚੀ ਪੰਜਾਬ ਰੋਡਵੇਜ਼ ਦੀ ਬੱਸ ਨੂੰੰ ਖਾਲੀ ਵਾਪਸ ਮੁੜਨਾ ਪਿਆ। ਆਕਲੈਂਡ ਦੀ ਫਲਾਈਟ ਰਾਹੀਂ 17 ਯਾਤਰੀ ਮੋਹਾਲੀ ਲੈਂਡ ਹੋਏ ਪਰ ਜ਼ਿਆਦਾਤਰ ਯਾਤਰੀ ਦੂਜੇ ਸ਼ਹਿਰਾਂ ਨਾਲ ਸਬੰਧਤ ਸਨ,ਜਦਕਿ ਜਲੰਧਰ ਦੇ ਸਿਰਫ 2 ਯਾਤਰੀ ਹੀ ਆਏ। ਇਨ੍ਹਾਂ ਨੂੰ ਲੈ ਕੇ ਪੰਜਾਬ ਰੋਡਵੇਜ਼ ਡਿਪੂ 1 ਦੀ ਬੱਸ ਜਲੰਧਰ ਪਹੁੰਚੀ ਅਤੇ ਉਨ੍ਹਾਂ ਨੂੰ ਸਿਹਤ ਮਹਿਕਮੇ ਨੇ ਆਉਂਦੇ ਹੀ ਕੁਆਰੰਟਾਈਨ ਕਰ ਦਿੱਤਾ। ਜੋ ਯਾਤਰੀ ਵਿਦੇਸ਼ ਤੋਂ ਆ ਰਹੇ ਹਨ,ਉਨ੍ਹਾਂ ਦੇ ਟੈਸਟ ਲਏ ਜਾ ਰਹੇ ਹਨ ਅਤੇ ਜਿਨ੍ਹਾਂ ਦੀ ਰਿਪੋਰਟ ਠੀਕ ਆ ਰਹੀ ਹੈ, ਉਨ੍ਹਾਂ ਦਾ ਕੁਆਰੰਟਾਈਨ ਸਮਾਂ ਪੂਰਾ ਕਰ ਕੇ ਉਨ੍ਹਾਂ ਨੂੰ ਸੁਰੱਖਿਆ ਟਿਪਸ ਦੇ ਕੇ ਉਨ੍ਹਾਂ ਦੇ ਘਰ ਭੇਜਿਆ ਜਾ ਰਿਹਾ ਹੈ।

ਸਿਹਤ ਮਹਿਕਮੇ ਦੇ ਅਧਿਕਾਰੀ ਕਹਿੰਦੇ ਹਨ ਕਿ ਐੱਨ. ਆਰ. ਆਈਜ਼ 'ਚ ਕੋਰੋਨਾ ਦੇ ਲੱਛਣ ਆਮ ਲੋਕਾਂ ਨਾਲੋਂ ਜ਼ਿਆਦਾ ਹੋ ਸਕਦੇ ਹਨ, ਇਸ ਲਈ ਇਨ੍ਹਾਂ ਦੀ ਪੂਰੀ ਜਾਂਚ ਕਰਨ ਦੀਆਂ ਹਿਦਾਇਤਾਂ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਵਿਚ ਕੋਈ ਢਿੱਲ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਦੁਬਈ ਦੀ ਜੋ ਫਲਾਈਟ ਕੈਂਸਲ ਹੋਈ ਹੈ, ਉਹ 1-2 ਦਿਨਾਂ 'ਚ ਦੋਬਾਰਾ ਆਵੇਗੀ। ਇਸ ਤਰ੍ਹਾਂ ਸਿੰਗਾਪੁਰ ਅਤੇ ਹੋਰ ਦੇਸ਼ਾਂ ਦੇ ਯਾਤਰੀ ਵੀ ਭਾਰਤ ਆਉਣ ਲਈ ਆਪਣੇ ਵਲੋਂ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਉਥੇ ਹੀ 2 ਮਹੀਨੇ ਬੱਸਾਂ ਨਾ ਚੱਲਣ ਦਾ ਸੰਤਾਪ ਝੱਲ ਚੁੱਕੇ ਯਾਤਰੀਆਂ ਦੀ ਸਹੂਲਤ ਲਈ ਬੱਸ ਆਪ੍ਰੇਟਰਾਂ ਵਲੋਂ ਜ਼ਿਆਦਾ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਰਸਤੇ 'ਚੋਂ ਸਵਾਰੀਆਂ ਉਠਾਉਣਾ ਭਾਵੇਂ ਗਲਤ ਹੈ ਪਰ ਇਸ ਸਮੇਂ ਯਾਤਰੀਆਂ ਦੀ ਸਹੂਲਤ ਨੂੰ ਪਹਿਲ ਦੇ ਆਧਾਰ 'ਤੇ ਰੱਖਿਆ ਜਾ ਰਿਹਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਜਦੋਂ ਮੁਸੀਬਤ ਦੀ ਘੜੀ ਹੁੰਦੀ ਹੈ ਤਾਂ ਥੋੜ੍ਹੇ-ਬਹੁਤ ਨਿਯਮਾਂ ਨੂੰ ਦਰਕਿਨਾਰ ਕਰਨਾ ਵੀ ਪੈਂਦਾ ਹੈ।

PunjabKesari

ਨਿਯਮ ਬਦਲੇ : ਪੂਰੀ ਬੱਸ ਭਰ ਕੇ ਚਲਾਉਣ ਦੀ ਇਜਾਜ਼ਤ
ਸਰਕਾਰ ਵੱਲੋਂ ਨਿਯਮ ਬਣਾਇਆ ਗਿਆ ਕਿ ਬੱਸਾਂ 'ਚ 1 ਸੀਟ ਛੱਡ ਕੇ ਸਵਾਰੀ ਬੈਠੇਗੀ। ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ ਪਰ ਹੁਣ ਸਰਕਾਰ ਨੇ ਨਿਯਮ ਬਦਲ ਦਿੱਤੇ ਹਨ। ਹੁਣ ਕੋਈ ਵੀ ਬੱਸ ਪੂਰੀ ਤਰ੍ਹਾਂ ਭਰ ਕੇ ਚੱਲ ਸਕਦੀ ਹੈ। ਇਸਦੇ ਲਈ ਇਹ ਜ਼ਰੂਰੀ ਹੋਵੇਗਾ ਕਿ ਸਾਰਿਆਂ ਨੂੰ ਮਾਸਕ ਪਾਉਣਾ ਹੋਵੇਗਾ ਅਤੇ ਇਕ-ਦੂਸਰੇ ਨਾਲ ਹੱਥ ਮਿਲਾਉਣ ਤੋਂ ਪਰਹੇਜ਼ ਕਰਨਾ ਹੋਵੇਗਾ। ਸਰਕਾਰ ਵੱਲੋਂ ਪਹਿਲਾਂ ਜੋ ਨਿਯਮ ਬਣਾਏ ਗਏ ਸਨ, ਉਨ੍ਹਾਂ ਨਾਲ ਪ੍ਰਾਈਵੇਟ ਟਰਾਂਸਪੋਰਟਰਜ਼ ਨੂੰ ਘਾਟਾ ਪੈ ਰਿਹਾ ਸੀ, ਜਿਸ ਕਾਰਣ ਪ੍ਰਾਈਵੇਟ ਬੱਸਾਂ ਘੱਟ ਚੱਲ ਰਹੀਆਂ ਸਨ। ਹੁਣ ਨਵੇਂ ਨਿਯਮਾਂ ਕਾਰਣ ਪ੍ਰਾਈਵੇਟ ਬੱਸਾਂ ਦਾ ਜਮਾਵੜਾ ਬੱਸ ਅੱਡੇ 'ਚ ਲੱਗਣ ਲੱਗਾ ਹੈ। 6 ਪੈਸੇ ਪ੍ਰਤੀ ਕਿਲੋਮੀਟਰ ਵਾਧੇ ਕਾਰਣ 40 ਦੇ ਕਰੀਬ ਬੱਸਾਂ ਅੱਜ ਵੱਖ-ਵੱਖ ਰੂਟਾਂ 'ਤੇ ਰਵਾਨਾ ਹੋਈਆਂ, ਜਿਸ ਨਾਲ ਪ੍ਰਾਈਵੇਟ ਟਰਾਂਸਪੋਰਟਰਜ਼ ਨੂੰ ਲਾਭ ਹੋਇਆ।

ਹੁਸ਼ਿਆਰਪੁਰ ਦੀਆਂ 10, ਬਟਾਲਾ ਅਤੇ ਨਵਾਂਸ਼ਹਿਰ ਦੀਆਂ 9-9 ਬੱਸਾਂ ਜਲੰਧਰ ਪਹੁੰਚੀਆਂ
ਪੰਜਾਬ ਰੋਡਵੇਜ਼ ਵੱਲੋਂ ਆਪਣੀਆਂ ਬੱਸਾਂ ਦੀ ਜੋ ਸਰਵਿਸ ਚਲਾਈ ਜਾ ਰਹੀ ਹੈ, ਉਸ ਲੜੀ ਵਿਚ ਡਿਪੂ-1 ਦੀਆਂ 28 ਅਤੇ ਡਿਪੂ-2 ਦੀਆਂ 31 ਬੱਸਾਂ ਚਲਾਈਆਂ ਗਈਆਂ ਜੋ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਵਰਗੇ ਮੁੱਖ ਸ਼ਹਿਰਾਂ ਵੱਲ ਰਵਾਨਾ ਹੋਈਆਂ। ਉਥੇ ਦੂਜੇ ਡਿਪੂ ਤੋਂ ਚੱਲ ਕੇ ਜਲੰਧਰ 'ਚੋਂ ਗੁਜ਼ਰਨ ਵਾਲੀਆਂ ਬੱਸਾਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਰਹੀ। ਹੁਸ਼ਿਆਰਪੁਰ ਡਿਪੂ ਦੀਆਂ 10 ਬੱਸਾਂ, ਜਦਕਿ ਨਵਾਂਸ਼ਹਿਰ ਅਤੇ ਬਟਾਲਾ ਦੀਆਂ 9-9 ਬੱਸਾਂ ਜਲੰਧਰ ਬੱਸ ਅੱਡੇ ਤੋਂ ਸਵਾਰੀਆਂ ਲੈ ਕੇ ਗਈਆਂ। ਇਸ ਤਰ੍ਹਾਂ ਚੰਡੀਗੜ੍ਹ ਡਿਪੂ ਦੀਆਂ 2 ਬੱਸਾਂ ਆਈਆਂ ਜੋ ਸਿਰਫ 14 ਸਵਾਰੀਆਂ ਲੈ ਕੇ ਹੀ ਰਵਾਨਾ ਹੋ ਗਈਆਂ। ਜਗਰਾਓਂ ਡਿਪੂ ਦੀਆਂ 5,ਜਦਕਿ ਪਠਾਨਕੋਟ ਡਿਪੂ ਦੀਆਂ 6 ਬੱਸਾਂ 128 ਸਵਾਰੀਆਂ ਲੈ ਕੇ ਗਈਆਂ। ਵਿਭਾਗ ਨੂੰ ਅੱਜ 2,05,054 ਰੁਪਏ ਦਾ ਮਾਲੀਆ ਪ੍ਰਾਪਤ ਹੋਇਆ।


shivani attri

Content Editor

Related News